ਚੱਕਰਵਾਤੀ ਤੂਫ਼ਾਨ ‘ਫ਼ਾਨੀ’ ਦੀ ਮਾਰ ਹੇਠ ਆਏ ਉੜੀਸਾ ’ਚ ਸ਼ਨਿਚਰਵਾਰ ਨੂੰ ਜੰਗੀ ਪੱਧਰ ’ਤੇ ਰਾਹਤ ਕਾਰਜ ਸ਼ੁਰੂ ਹੋ ਗਏ ਹਨ। ਸੂਬੇ ਦੇ 10 ਹਜ਼ਾਰ ਪਿੰਡਾਂ ਅਤੇ ਸ਼ਹਿਰੀ ਇਲਾਕਿਆਂ ’ਚ ਕਰੀਬ ਦੋ ਹਜ਼ਾਰ ਐਮਰਜੈਂਸੀ ਵਰਕਰ, ਐਨਡੀਆਰਐਫ ਦੇ ਜਵਾਨ, ਉੜੀਸਾ ਡਿਜ਼ਾਸਟਰ ਰੈਪਿਡ ਐਕਸ਼ਨ ਫੋਰਸ ਅਤੇ ਇਕ ਲੱਖ ਅਧਿਕਾਰੀ ਮੁੜ ਵਸੇਬਾ ਕੰਮਾਂ ’ਚ ਜੁਟ ਗਏ ਹਨ। ਇਸ ਦੌਰਾਨ ਮ੍ਰਿਤਕਾਂ ਦੀ ਗਿਣਤੀ ਵੱਧ ਕੇ 16 ਹੋ ਗਈ ਹੈ। ਪੁਰੀ ’ਚ ਸ਼ੁੱਕਰਵਾਰ ਨੂੰ ਟਕਰਾਇਆ ਚੱਕਰਵਾਤੀ ਤੂਫ਼ਾਨ ਪੱਛਮੀ ਬੰਗਾਲ ’ਚ ਦਾਖ਼ਲ ਹੋਣ ਤੋਂ ਪਹਿਲਾਂ ਕਮਜ਼ੋਰ ਪੈ ਗਿਆ। ਉਂਜ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਕਾਰਨ ਆਂਧਰਾ ਪ੍ਰਦੇਸ਼ ਅਤੇ ਪੱਛਮੀ ਬੰਗਾਲ ’ਚ ਮਾਲੀ ਨੁਕਸਾਨ ਹੋਇਆ ਹੈ। ਇਸ ਦੌਰਾਨ ਭੁਬਨੇਸ਼ਵਰ ਅਤੇ ਕੋਲਕਾਤਾ ਤੋਂ ਹਵਾਈ ਉਡਾਣਾਂ ਬਹਾਲ ਹੋ ਗਈਆਂ। ਸੰਯੁਕਤ ਰਾਸ਼ਟਰ ਦੀ ਆਫ਼ਤ ਘਟਾਉਣ ਸਬੰਧੀ ਏਜੰਸੀ ਨੇ ਭਾਰਤੀ ਮੌਸਮ ਵਿਭਾਗ ਵੱਲੋਂ ਤੂਫ਼ਾਨ ਦੀ ਪਹਿਲਾਂ ਜਾਣਕਾਰੀ ਦੇਣ ਦੀ ਸ਼ਲਾਘਾ ਕੀਤੀ ਹੈ। ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ। ਉਨ੍ਹਾਂ ਕਿਹਾ,‘‘ਇਹ ਗਰਮੀਆਂ ’ਚ ਆਇਆ ਵਿਰਲਿਆਂ ’ਚੋਂ ਵਿਰਲਾ ਚੱਕਰਵਾਤੀ ਤੂਫ਼ਾਨ ਹੈ। ਪਿਛਲੇ 43 ਸਾਲਾਂ ’ਚ ਪਹਿਲਾ ਅਤੇ 150 ਸਾਲਾਂ ’ਚ ਤੀਜਾ ਜਬਰਦਸਤ ਤੂਫ਼ਾਨ ਹੈ ਜਿਸ ਦੀ ਮਾਰ ਹੇਠ ਸੂਬਾ ਆਇਆ ਹੈ।’’ ਮੁੱਖ ਮੰਤਰੀ ਦਫ਼ਤਰ ਦੇ ਸੂਤਰਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਿਨ੍ਹਾਂ ਸ੍ਰੀ ਪਟਨਾਇਕ ਤੋਂ ‘ਫ਼ਾਨੀ’ ਮਗਰੋਂ ਸੂਬੇ ਦੇ ਹਾਲਾਤ ਬਾਰੇ ਜਾਣਕਾਰੀ ਲਈ, ਐਤਵਾਰ ਜਾਂ ਸੋਮਵਾਰ ਨੂੰ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਸਕਦੇ ਹਨ। ਉਨ੍ਹਾਂ ਸੂਬੇ ਨੂੰ ਕੇਂਦਰ ਤੋਂ ਹਰ ਸੰਭਵ ਹਮਾਇਤ ਦੇਣ ਦਾ ਭਰੋਸਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਪੱਛਮੀ ਬੰਗਾਲ ਦੇ ਰਾਜਪਾਲ ਕੇਸਰੀ ਨਾਥ ਤ੍ਰਿਪਾਠੀ ਨਾਲ ਵੀ ਗੱਲ ਕਰਕੇ ‘ਫ਼ਾਨੀ’ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਮੁੱਖ ਮੰਤਰੀ ਨੇ ਕਿਹਾ ਕਿ ਪੁਰੀ ਅਤੇ ਖੁਰਦਾ ਦੇ ਜ਼ਿਲ੍ਹਿਆਂ ’ਚ ਭਾਰੀ ਨੁਕਸਾਨ ਹੋਇਆ ਹੈ ਅਤੇ ਸੈਂਕੜੇ ਇੰਜਨੀਅਰਾਂ ਅਤੇ ਤਕਨੀਸ਼ਨਾਂ ਵੱਲੋਂ ਬਿਜਲੀ ਸਪਲਾਈ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਲ ਸੈਨਾ ਵੱਲੋਂ ਆਈਐਨਐਸ ਚਿਲਕਾ ਦੀ ਟੀਮ ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਤਾਇਨਾਤ ਕਰ ਦਿੱਤੀ ਗਈ ਜਿਨ੍ਹਾਂ ਵੱਲੋਂ ਦਰੱਖ਼ਤਾਂ ਨੂੰ ਕੱਟਣ ਅਤੇ ਹਟਾਉਣ ’ਚ ਸਹਾਇਤਾ ਕੀਤੀ ਗਈ। ਜਲ ਸੈਨਾ ਦੇ ਡੋਰਨੀਅਰ ਜਹਾਜ਼ ਨੇ ਪੁਰੀ ਦਾ ਹਵਾਈ ਸਰਵੇਖਣ ਕੀਤਾ ਜਿਥੇ ਫਸਲਾਂ ਨੂੰ ਭਾਰੀ ਨੁਕਸਾਨ ਹੋਇਆ ਹੈ।