ਵੜਿੰਗ ਸਮਰਥਕਾਂ ਨੇ ਸੁਆਲ ਕਰਨ ਵਾਲੇ ਨੂੰ ‘ਸਬਕ’ ਸਿਖਾਇਆ

ਸਹਾਇਕ ਪ੍ਰੋਫੈਸਰ ਦੀ ਕਾਂਗਰਸੀਆਂ ਵੱਲੋਂ ਮਾਰ-ਕੁੱਟ; ਦਸਤਾਰ ਲਾਹੁਣ ਦਾ ਦੋਸ਼

ਪਿੰਡ ਕੋਲਿਆਂਵਾਲੀ ਵਿੱਚ ਅੱਜ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਵਾਲ ਪੁੱਛਣ ਤੋਂ ਤੈਸ਼ ਵਿੱਚ ਆਏ ਕਾਂਗਰਸੀਆਂ ਨੇ ਇੱਕ ਵਿਅਕਤੀ ਦੀ ਕੁੱਟਮਾਰ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਕੈਪਟਨ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਗੁਟਕਾ ਹੱਥ ਵਿੱਚ ਫੜ ਕੇ ਚੁੱਕੀ ਸਹੁੰ ’ਤੇ ਅੰਮ੍ਰਿਤਧਾਰੀ ਸਹਾਇਕ ਪ੍ਰੋਫੈਸਰ ਦੇ ਤਿੱਖੇ ਸੁਆਲਾਂ ’ਚ ਦਿਨ ਚੜ੍ਹਦਿਆਂ ਸਾਰ ਕਾਂਗਰਸ ਉਮੀਦਵਾਰ ਰਾਜਾ ਵੜਿੰਗ ਘਿਰ ਗਏ। ਰਾਜਾ ਵੜਿੰਗ ਵੱਲੋਂ ਸਹਾਇਕ ਪ੍ਰੋਫੈਸਰ ਨੂੰ ਜਥੇਦਾਰ ਕੋਲਿਆਂਵਾਲੀ ਦਾ ਬੰਦਾ ਦੱਸਦਿਆਂ ਸਾਰ ਹੀ ਕਾਂਗਰਸੀਆਂ ਨੇ ਉਸਨੂੰ ਧੂਹ ਕੇ ਕੁਟਾਪਾ ਚਾੜ੍ਹਿਆ ਅਤੇ ਉਸ ਦੀ ਦਸਤਾਰ ਲਾਹ ਦਿੱਤੀ। ਗੁਰਜੀਤ ਸਿੰਘ ਗੀਤੂ ਵਾਸੀ ਕੋਲਿਆਂਵਾਲੀ, ਮਾਤਾ ਸਾਹਿਬ ਕੌਰ ਕਾਲਜ ਤਲਵੰਡੀ ਸਾਬੋ ’ਚ ਧਰਮ ਵਿਸ਼ੇ ਦਾ ਸਹਾਇਕ ਪ੍ਰੋਫੈਸਰ ਹੈ। ਰਾਜਾ ਵੜਿੰਗ ਚੋਣ ਜਲਸੇ ’ਚ ਤਕਰੀਰ ਸਮਾਪਤ ਕਰ ਰਹੇ ਸਨ। ਇਸ ਦੌਰਾਨ ਗੁਰਜੀਤ ਸਿੰਘ ਨੇ ਮੋਬਾਈਲ ’ਤੇ ਵੀਡੀਓ ਆਨ ਕਰਕੇ ਵੜਿੰਗ ਨੂੰ ਪੁੱਛਿਆ ਕਿ ‘ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਬਾਰੇ ਝੂਠੀ ਸਹੁੰ ਖਾਧੀ ਸੀ, ਤੁਸੀਂ ਇਸਨੂੰ ਬੇਅਦਬੀ ਮੰਨਦੇ ਹੋ ਜਾਂ ਨਹੀਂ।’ ਜਿਸ ’ਤੇ ਰਾਜਾ ਵੜਿੰਗ ਨੇ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪਾੜ ਕੇ ਰੂੜੀਆਂ ’ਤੇ ਸੁੱਟਣਾ ਬੇਅਦਬੀ ਹੈ। ਗੁਟਕਾ ਸਾਹਿਬ ਨੂੰ ਮੱਥੇ ’ਤੇ ਲਗਾਉਣਾ ਬੇਅਦਬੀ ਨਹੀਂ ਹੈ। ਥੋੜ੍ਹਾ ਬਹੁਤ ਤਾਂ ਸੋਚੋ। ਰਾਜਾ ਨੇ ਤਨਜ਼ ਕੱਸਦਿਆਂ ਆਖਿਆ ਕਿ ਤੁਸੀਂ ਬੜੇ ਤਕੜੇ ਸਿੱਖ ਹੋ?’ ਇਹ ਸੁਆਲ ਬਣਦਾ ਹੀ ਨਹੀਂ ਹੈ। ਇਸ ’ਤੇ ਗੁਰਜੀਤ ਨੇ ਆਖਿਆ ਕਿ ਦਸਵੀਂ ਪਾਤਸ਼ਾਹੀ ਨੇ 52 ਹੁਕਮ ਕੀਤੇ ਸਨ। ਉਨ੍ਹਾਂ ਆਖਿਆ ਸੀ,‘ਜੋ ਸਹੁੰ ਖਾਂਦਾ ਹੈ ਉਹ ਮੇਰਾ ਸਿੱਖ ਨਹੀਂ ।’ ਕੈਪਟਨ ਅਮਰਿੰਦਰ ਸਿੰਘ ਨੇ ਸਹੁੰ ਖਾਧੀ ਹੈ। ਅਜਿਹੇ ’ਚ ਉਹ ਸਿੱਖ ਹਨ ਜਾਂ ਨਹੀਂ? ਰਾਜਾ ਵੜਿੰਗ ਨੇ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਤੁਸੀਂ ਅਮਰਿੰਦਰ ਸਿੰਘ ਤੋਂ ਵੱਡੇ ਸਿੱਖ ਨਹੀਂ। ਵੜਿੰਗ ਨੇ ਆਖਿਆ ਕਿ ਬਾਦਲਾਂ ਨੇ ਪਿਛਲੇ 25 ਸਾਲਾਂ ’ਚ ਲੋਕਾਂ ਦੀਆਂ ਰਗਾਂ ’ਚ ਨਸ਼ਾ ਪਾਇਆ ਉਸਨੂੰ ਕੱਢਣ ’ਤੇ ਸਮਾਂ ਤਾਂ ਲੱਗਣਾ ਹੋਇਆ। ਜਦੋਂ ਗੁਰਜੀਤ ਸਿੰਘ ਗੀਤੂ ਨੇ ਕਾਂਗਰਸ ਉਮੀਦਵਾਰ ਨੂੰ ਪੁੱਛਿਆ ਕਿ ਤੁਸੀਂ ਜਾਇਜ਼ਾ ਲਿਆ ਸੀ ਕਿ ਪਿੰਡ ਕੋਲਿਆਂਵਾਲੀ ’ਚ ਕਿੰਨੇ ਬੰਦੇ ਚਿੱਟਾ ਵੇਚਦੇ ਹਨ। ਇਸ ਤੋਂ ਬਾਅਦ ਰਾਜਾ ਵੜਿੰਗ ਵੱਲੋਂ ਇਹ ਕਹਿਣ ਕਿ ‘ਤੈਨੂੰ ਬਾਦਲ ਵਾਲਿਆਂ ਨਾਲ ਜ਼ਿਆਦਾ ਪਿਆਰ ਹੈ, ਤੈਨੂੰ ਕੋਲਿਆਂਵਾਲੀ ਨੇ ਭੇਜਿਆ ਹੈ’, ਆਖਣ ਦੀ ਦੇਰ ਸੀ ਕਿ ਗੁਰਜੀਤ ਸਿੰਘ ਨੂੰ ਕਾਂਗਰਸੀ ਵਰਕਰ ਪੈ ਗਏੇ ਅਤੇ ਉਸਦੀ ਮਾਰ-ਕੁੱਟ ਕੀਤੀ। ਗੁਰਜੀਤ ਸਿੰਘ ਗੀਤੂ ਨੇ ਥਾਣਾ ਕਬਰਵਾਲਾ ’ਚ ਲਿਖਤੀ ਸ਼ਿਕਾਇਤ ਕਰਕੇ ਰਾਜਾ ਵੜਿੰਗ ’ਤੇ ਧੱਕਾ ਮਾਰਨ, ਕਾਂਗਰਸੀ ਵਰਕਰ ਬਲਵਿੰਦਰ ਸਿੰਘ, ਪੂਰਨ ਸਿੰਘ, ਤਰਲੋਕ ਸਿੰਘ, ਗੁਰਨਾਮ ਸਿੰਘ ਵਾਸੀ ਕੋਲਿਆਂਵਾਲੀ ਅਤੇ 6-7 ਅਣਪਛਾਤੇ ਲੋਕਾਂ ਖਿਲਾਫ਼ ਉਸ ਦੀ ਮਾਰਕੁੱਟ ਅਤੇ ਦਸਤਾਰ ਲਾਹੁਣ ਦੇ ਦੋਸ਼ਾਂ ਤਹਿਤ ਸ਼ਿਕਾਇਤ ਕੀਤੀ ਹੈ। ਥਾਣਾ ਕਬਰਵਾਲਾ ਦੇ ਮੁਖੀ ਗੁਰਦੀਪ ਸਿੰਘ ਨੇ ਸ਼ਿਕਾਇਤ ਮਿਲਣ ਦੀ ਪੁਸ਼ਟੀ ਕੀਤੀ ਹੈ। ਦੂਜੇ ਪਾਸੇ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਨੇ ਆਖਿਆ ਕਿ ਉਹ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਸੀ। ਉਸਨੇ ਵੀਡੀਓ ਲਗਾ ਕੇ ਰੱਖੀ ਸੀ। ਉਸਨੇ ਚਾਰ-ਪੰਜ ਸੁਆਲ ਕੀਤੇ, ਜਿਨ੍ਹਾਂ ਦੇ ਮੈਂ ਜਵਾਬ ਦੇ ਦਿੱਤੇ ਸੀ। ਮੈਨੂੰ ਬਾਅਦ ’ਚ ਪਤਾ ਲੱਗਾ ਹੈ ਕਿ ਪਿੰਡ ਵਾਲਿਆਂ ’ਚੋਂ ਕਿਸੇ ਨੇ ਉਸਨੂੰ ਮਾੜਾ ਮੋਟਾ ਧੱਕਾ-ਧੁੱਕਾ ਮਾਰ ਦਿੱਤਾ ਸੀ।

Previous articleਫ਼ਾਨੀ ਤੂਫ਼ਾਨ ਨਾਲ ਮੌਤਾਂ ਦੀ ਗਿਣਤੀ 16 ਹੋਈ
Next articleਨੌਜਵਾਨ ਨੇ ਰੋਡ ਸ਼ੋਅ ਦੌਰਾਨ ਕੇਜਰੀਵਾਲ ਦੇ ਥੱਪੜ ਮਾਰਿਆ