ਮੇਰੀ ਅਧਿਆਪਕਾ ਸ੍ਰੀਮਤੀ ਮਲਕੀਤ ਕੌਰ ਨੂੰ ਯਾਦ ਕਰਦਿਆਂ

(ਸਮਾਜ ਵੀਕਲੀ)

ਅਧਿਆਪਕ ਇੱਕ ਦੀਵੇ ਦੇ ਸਮਾਨ ਹੈ ਹੈ ਜੋ ਦੂਜਿਆਂ ਨੂੰ ਰੋਸ਼ਨੀ ਦੇਣ ਲਈ ਆਪ ਜਲਦਾ ਹੈ। ਇਨਸਾਨ ਦੀ ਸ਼ੁਰੂਆਤੀ ਜਿੰਦਗੀ ਦੇ ਦੋ ਅਹਿਮ ਸਿਰਜਣਾਤਮਕ ਪਹਿਲੂ ਹੁੰਦੇ ਹਨ, ਇੱਕ ਉਹ ਜੋ ਤੁਹਾਨੂੰ ਤੁਰਨਾ/ਬੋਲਣਾ ਸਿਖਾਉਦਾ ਹੈ ਅਤੇ ਦੂਸਰਾ ਉਹ ਜੋ ਤੁਹਾਨੂੰ ਸਮਾਜਿਕ ਜਾਣਕਾਰੀ ਅਤੇ ਸਿੱਖਿਆ ਪ੍ਰਦਾਨ ਕਰਦਾ ਹੈ, ਦੋਨਾਂ ਦੀ ਹੀ ਹਰ ਇਨਸਾਨ ਦੀ ਜਿੰਦਗੀ ਵਿੱਚ ਕਾਫੀ ਅਹਿਮੀਅਤ ਹੁੰਦੀ ਹੈ ਪਰ ਜਦੋਂ ਇਹਨਾਂ ਦੋਹਾਂ ਵਿੱਚੋ ਇੱਕ ਪਹਿਲੂ ਦਾ ਵਜੂਦ ਖਤਮ ਹੋ ਜਾਂਦਾ ਹੈ ਤਾਂ ਉਸ ਦੀ ਕਮੀ ਅਤੇ ਅਹਿਮੀਅਤ ਨੂੰ ਮਾਪਣਾ ਅਸਾਨ ਨਹੀਂ ਹੁੰਦਾ, ਅਜਿਹੇ ਹੀ ਇੱਕ ਪਹਿਲੂ ਨੇ ਅੱਜ ਸਵੇਰੇ ਮੇਰੇ ਸਰੀਰ ਨੂੰ ਝੰਜੋੜ ਕੇ ਰੱਖ ਦਿਤਾ, ਭਾਵ ਮੇਰੇ ਬਹੁਤ ਹੀ ਸਤਿਕਾਰਯੋਗ ਅੰਗਰੇਜੀ/ਐਸ.ਐਸ.ਟੀ ਅਧਿਆਪਕਾਂ ਸ੍ਰੀਮਤੀ ਮਲਕੀਤ ਕੌਰ ਧਰਮਪਤਨੀ ਸ੍ਰੀ ਅਲਬੇਲ ਸਿੰਘ ਬਰਾੜ ਵਾਸੀ ਕਲਿਆਣ ਮੱਲਕਾ ਜਿਲਾ ਬਠਿੰਡਾ ਮਿਤੀ 24-2-2021 ਦਿਨ ਫਾਨੀ ਸੰਸਾਰ ਤੋਂ ਕੈਂਸਰ ਵਰਗੀ ਨਾ-ਮੁਰਾਦ ਬਿਮਾਰੀ ਨਾਲ ਕਾਫੀ ਸਮਾਂ ਬੜੀ ਹੀ ਦਲੇਰੀ ਨਾਲ ਲੜਦੇ ਹੋਏ ਰੁਖਸਤ ਹੋ ਗਏ।

ਮੈਨੂੰ ਯਾਦ ਹੈ ਕਿ ਸਾਲ 1989 ਦੌਰਾਨ ਜਦੋਂ ਮੈ 6ਵੀਂ ਕਲਾਸ ਵਿੱਚ ਸਰਕਾਰੀ ਹਾਈ ਸਕੂਲ, ਕੋਠਾਗੁਰੂ ਵਿਖੇ ਦਾਖਲ ਹੋਇਆ ਤਾਂ ਕਲਾਸ ਦੀ ਸੁਰੂਆਤ ਸਮੇਂ ਹੀ ਮੈਡਮ ਮਲਕੀਤ ਕੌਰ ਜੀ ਦੀ ਬਦਲੀ ਸਾਡੇ ਸਕੂਲ ਵਿੱਚ ਹੋਈ, ਕਿਉਕਿ ਉਸ ਸਮੇਂ ਅੰਗਰੇਜੀ/ਐਸ.ਐਸ.ਟੀ. ਦਾ ਵਿਸ਼ਾ 6ਵੀ ਕਲਾਸ ਤੋਂ ਹੀ ਸ਼ੁਰੂ ਕੀਤਾ ਜਾਂਦਾ ਸੀ ਤਾਂ ਇਹ ਗੱਲ ਯਕੀਨੀ ਸੀ ਕਿ ਅਸੀਂ ਅੰਗਰੇਜ਼ੀ/ਐਸ.ਐਸ.ਟੀ. ਸਬੰਧੀ ਜ਼ਿਆਦਾ ਗਿਆਨਵਾਨ ਨਹੀਂ ਸੀ, ਪਰੰਤੂ ਮੈਡਮ ਅੰਦਰ ਬੱਚਿਆ ਨੂੰ ਪੜਾਉਣ ਦਾ ਇੱਕ ਵੱਖਰਾ ਹੀ ਜਨੂੰਨ ਸੀ ਅਤੇ ਉਹ ਕਾਫੀ ਮਿਹਨਤ ਕਰਦੇ ਸਨ ਪਰੰਤੂ ਅਸੀ ਉਸ ਮਿਹਨਤ ਉਪਰ ਪੂਰਾ ਖਰਾ ਨਹੀਂ ਉਤਰ ਸਕਦੇ ਸੀ, ਕਿਉਕਿ ਮਨ ਅੰਦਰ ਵਿਸਵਾਸ਼ ਦੀ ਘਾਟ ਕਾਰਨ ਇੱਕ ਨਿਰਾਸਤਾ ਜਿਹੀ ਬਣੀ ਰਹਿੰਦੀ ਸੀ, ਮੈਡਮ ਵੱਲੋਂ ਲਗਾਏ ਜਾਂਦੇ ਪੀਰੀਅਡ ਵਿੱਚ ਕੁੱਝ ਕੁ ਵਿਦਿਆਰਥੀਆਂ ਨੂੰ (ਜਿਨਾਂ ਵਿੱਚ ਮੈ ਵੀ ਸ਼ਾਮਲ ਹੁੰਦਾ ਸੀ) ਉਨਾਂ ਦੀਆਂ ਇਛਾਵਾਂ ਉੱਪਰ ਖਰੇ ਨਾ ਉਤਰ ਸਕਣ ਕਾਰਨ ਇੱਕ ਇਤਿਹਾਸਕ ਸਜਾ/ਸਬਕ (ਜਿਸ ਦਾ ਜਿੰਦਗੀ ਵਿੱਚ ਕਦੇ ਵੀ ਮਲਾਲ ਨਹੀਂ ਰਿਹਾ) ਹੱਥ ਪੁੱਠੇ ਕਰਵਾ ਕੇ ਉਹਨਾਂ ਦੀਆਂ ਗੰਢਾ ਤੇ ਡੰਡੇ ਖਾਣ ਨੂੰ ਮਿਲਦੇ ਸੀ।

ਸਮਾਂ ਬੀਤਦਾ ਗਿਆ, ਅਸੀਂ ਨੌਕਰੀਆ ਵਾਲੇ ਹੋ ਗਏ। ਇੱਕ ਸਮਾਂ ਅਜਿਹਾ ਆਇਆ ਜਦ ਮੈਡਮ ਖ਼ਜਾਨਾ ਦਫ਼ਤਰ ਫੂਲ ਵਿਖੇ ਆਪਣੇ ਕੰਮਾਂ ਦੇ ਸੰਬੰਧ ਵਿੱਚ ਆਏ ਹੋਣ ਕਾਰਨ ਮੇਰੇ ਵੱਲੋ ਵੇਖੇ ਗਏ ਤਾਂ ਮੈ ਆਪਣੇ ਕਦਮ ਉਹਨਾਂ ਵੱਲ ਜਾਣ ਤੋਂ ਰੋਕ ਨਹੀ ਸਕਿਆ ਕਿਉਕਿ ਮੈਂ ਉਹਨਾਂ ਨੂੰ ਪਹਿਚਾਣ ਲਿਆ ਸੀ, ਮੈ ਉਹਨਾਂ ਪਾਸ ਗਿਆ ਅਤੇ ਉਹਨਾਂ ਨੂੰ ਝੁਕ ਕੇ ਸਜਦਾ ਕੀਤਾ, ਪਰੰਤੂ ਇੱਕ ਅਰਸ ਬੀਤ ਜਾਣ ਦੇ ਕਾਰਨ ਉਹ ਮੈਨੂੰ ਪਹਿਚਾਣ ਨਹੀਂ ਸਕੇ ਕਿਉਕਿ ਅੰਤਿਮ ਵਾਰ ਉਹਨਾਂ ਨਾਲ ਮਿਲਿਆ ਲਗਭਗ 12-15 ਸਾਲ ਦਾ ਲੰਮਾ ਅਰਸਾ ਗੁਜ਼ਰ ਚੁੱਕਾ ਸੀ। ਮੇਰੇ ਵੱਲੋਂ ਇਹ ਦੱਸਣ ਤੇ ਕਿ ਮੈਂ ਉਹਨਾਂ ਦਾ ਵਿਦਿਆਰਥੀ ਰਿਹਾ ਹਾਂ, ਤਾਂ ਉਹ ਕਾਫੀ ਖੁਸ਼ ਹੋਏ ਕਿਉਂਕਿ ਇੱਕ ਅਧਿਆਪਕ ਲਈ ਅਜਿਹਾ ਪਲ ਬੇਹੱਦ ਸਨਮਾਨ ਭਰਭੂਰ ਹੁੰਦਾ ਜਦੋ ਉਹਨਾਂ ਦਾ ਕੋਈ ਸਿਖਿਆਰਥੀ ਉਹਨਾਂ ਨੂੰ ਆਦਰ ਸਹਿਤ ਮਿਲੇ। ਇਸ ਦੌਰਾਨ ਮੇਰੇ ਛੋਟੇ ਭਰਾ ਦੀ ਦੋਸਤੀ ਉਹਨਾਂ ਦੇ ਬੇਟੇ ਅਮਨ ਬਰਾੜ ਨਾਲ ਹੋ ਗਈ।

ਸਮਾਂ ਗੁਜਰਦਾ ਗਿਆ ਪਰੰਤੂ ਮੈ ਜਿੰਦਗੀ ਦੇ ਰੁਝੇਵਿਆਂ ਵਿੱਚੋਂ ਨਿਕਲ ਕੇ ਉਹਨਾਂ ਦਾ ਹਾਲ-ਚਾਲ ਜਾਨਣ ਲਈ ਉਹਨਾਂ ਪਾਸ ਨਹੀਂ ਜਾ ਸਕਿਆ, ਬਾਵਜੂਦ ਇਸਦੇ ਕਿ ਮੈ ਉਹਨਾਂ ਦੀ ਬਿਮਾਰੀ ਤੋ ਭਲੀ-ਭਾਂਤੀ ਜਾਣੂ ਸੀ (ਜਿਸ ਦਾ ਅਫਸੋਸ ਹਮੇਸ਼ਾ ਰਹੇਗਾ) ਜਦੋਂ ਕਿ ਉਹ ਵੀ ਬਠਿੰਡੇ ਹੀ ਰਿਹਾਇਸ਼ ਰੱਖਦੇ ਸਨ, ਸਾਲ 2020 ਦੇ ਮਹੀਨਾ ਜਨਵਰੀ-ਫਰਵਰੀ ਵਿੱਚ ਉਹਨਾਂ ਦਾ ਬੇਟਾ ਅਮਨ ਬਰਾੜ ਜੋ ਕਿ ਅੱਜ ਕੱਲ ਕੈਨੇਡਾ ਦਾ ਵਸਨੀਕ ਹੈ ਭਾਰਤ ਆਇਆ ਅਤੇ ਕੁੱਝ ਦਿਨਾਂ ਬਾਅਦ ਹੀ ਸਾਡੇ ਘਰ ਬੱਚਿਆਂ ਸਮੇਤ ਪਹੁੰਚਿਆ, ਇਸ ਉਪਰੰਤ ਜਦੋਂ ਅਮਨ ਬਰਾੜ ਨੇ ਵਾਪਸ ਕੈਨੇਡਾ ਜਾਣਾ ਸੀ ਤਾਂ ਮੈ ਉਨਾਂ ਨੂੰ ਮਿਲਣ ਅਤੇ ਮੈਡਮ/ਆਂਟੀ ਜੀ ਨੂੰ ਮਿਲਣ ਲਈ ਉਨਾਂ ਦੇ ਘਰ ਪਹੁੰਚ ਉਹਨਾਂ ਨੂੰ ਵੇਖਿਆ ਤਾਂ ਪੈਰਾ ਹੇਠੋ ਜਮੀਨ ਖਿਸਕ ਰਹੀ ਸੀ ਕਿ ਕੀ ਇਹ ਉਹੀ ਚਿਹਰੇ ਤੇ ਇਲਾਹੀ ਨੂਰ/ਸੌਬਰ ਅਧਿਆਪਕਾ ਹਨ, ਜੋ ਅੱਜ ਨਾ-ਮੁਰਾਦ ਬਿਮਾਰੀ ਨੇ ਬੇ-ਪਛਾਣ ਕਰ ਦਿੱਤੇ ਹਨ, ਕਾਫੀ ਕਮਜੋਰ ਦਿਖ ਰਹੇ ਸਨ ਪਰੰਤੂ ਜਿੰਦਗੀ ਦਲੇਰਾਨਾ ਅੰਦਾਜ ਵਿੱਚ ਜਿਉਣ ਦਾ ਜਜਬਾ ਉਹਨਾਂ ਦੇ ਚਿਹਰੇ ਤੇ ਸਾਫ ਝਲਕ ਰਿਹਾ ਸੀ ਅਤੇ ਦਰਸਾ ਰਿਹਾ ਸੀ ਕਿ ਲੜਾਈ ਚਾਹੇ ਮੈਦਾਨ ਅੰਦਰ ਹੋਵੇ ਜਾਂ ਬਿਮਾਰੀ ਨਾਲ, ਹੌਸਲੇ ਨਾਲ ਹੀ ਲੜੀ ਜਾ ਸਕਦੀ ਹੈ।

ਲਗਭਗ ਇੱਕ ਘੰਟੇ ਤੱਕ ਉਹਨਾਂ ਨਾਲ ਗੱਲਾਂਬਾਤਾਂ ਕੀਤੀਆ, ਅਤੇ ਉਹ ਸਾਰੀਆਂ ਯਾਦਾਂ (1989-1993 ਤੱਕ ਦੀਆਂ) ਤਾਜਾ ਕਰਦੇ ਰਹੇ ਅਤੇ ਪੂਰਾ ਸਮਾਂ ਬਹੁਤ ਹੀ ਹਾਸਾ ਭਰਪੂਰ ਅਤੇ ਮਾਣ ਵਾਲਾ ਰਿਹਾ। ਇਸ ਤੋਂ ਬਾਅਦ ਮੈ ਉਹਨਾਂ ਨਾਲ ਦੁਬਾਰਾ ਫਿਰ ਛੇਤੀ ਹੀ ਸਮੇਤ ਆਪਣੀ ਪਤਨੀ ਮਿਲਣ ਦਾ ਵਾਅਦਾ ਕੀਤਾ ਪਰ ਕੁੱਝ ਸਮੇ ਬਾਅਦ ਕਰੋਨਾ ਨਾਮਕ ਬਿਮਾਰੀ ਨੇ ਸਭ ਕੁੱਝ ਰੋਕ ਦਿੱਤਾ ਅਤੇ ਉਹਨਾਂ ਨਾਲ ਮੇਲ ਨਾ ਹੋ ਸਕਿਆ। ਇਸ ਉਪਰੰਤ ਕੁੱਝ ਮਹੀਨੇ ਪਹਿਲਾ ਉਹ ਆਪਣੇ ਬੱਚਿਆ ਕੋਲ ਕੈਨੇਡਾ ਚਲੇ ਗਏ, ਸਭ ਕੁਝ ਠੀਕ ਠਾਕ ਚੱਲ ਰਿਹਾ ਸੀ ਅਤੇ ਆਪਣੇ ਲਗਭਗ 2 ਮਹੀਨਿਆਂ ਦੇ ਛੋਟੇ ਪੋਤਰੇ ਨਾਲ ਹਾਸਾਠੱਠਾ ਕਰਕੇ ਕੇ ਬੱਚਿਆ ਨਾਲ ਹੱਸਮੁੱਖ ਜਿੰਦਗੀ ਬਤੀਤ ਕਰ ਰਹੇ ਸਨ ਪਰੰਤੂ ਨਾ-ਮੁਰਾਦ ਕੈਂਸਰ ਦੀ ਬਿਮਾਰੀ ਜਿਸ ਉਤੇ ਉਹਨਾਂ ਵੱਲੋਂ ਲਗਭਗ ਜਿੱਤ ਪ੍ਰਾਪਤ ਕਰ ਲਈ ਗਈ ਸੀ, ਨੇ ਅਚਾਨਕ ਦੁਬਾਰਾ ਤੋਂ ਉਹਨਾਂ ਦੀ ਜਿੰਦਗੀ ਵਿੱਚ ਦਸਤਕ ਦੇ ਦਿੱਤੀ ਅਤੇ ਕੁੱਝ ਹੀ ਸਮੇਂ ਅੰਦਰ ਉਹ ਮਿਤੀ 24-2-2021 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਇਹ ਸਭ ਸੁਣ ਕੇ ਬਹੁਤ ਦੁੱਖ ਲੱਗਾ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਸੀ ਪਰ ਹੋਣੀ ਨੂੰ ਟਾਲਣਾ ਸਾਡੇ ਹੱਥ ਵਸ ਨਹੀਂ ਹੁੰਦਾ।

ਗੁਰੂ ਜੀ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ, ਜਿੱਥੇ ਪਰਿਵਾਰ ਲਈ ਇਹ ਅਸਹਿ ਸਦਮਾ ਹੈ, ਉੱਥੇ ਹੀ ਆਪ ਜੀ ਵੱਲੋਂ ਸਕੂਲੀ ਸਿੱਖਿਆ ਦੌਰਾਨ ਦਿੱਤੇ ਗਏ ਸੰਸਕਾਰ ਅਤੇ ਆਪ ਜੀ ਦੀਆਂ ਪਿਆਰ ਰੂਪੀ ਸਜ਼ਾਵਾਂ ਹਮੇਸਾਂ ਸਾਡਾ ਮਾਰਗ ਦਰਸ਼ਕ ਬਣ ਕੇ ਸਾਡੇ ਨਾਲ ਰਹਿਣਗੀਆਂ। ਪ੍ਰਮਾਤਮਾ ਆਪ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸੇ ਅਤੇ ਸਾਨੂੰ ਸਭ ਨੂੰ ਭਾਣਾ ਮੰਨਣ ਦਾ ਬਲ ਬਖਸਣ ਜੀ।

ਗੁਰਪ੍ਰੀਤ ਸਿੰਘ ਧਨੋਆ

ਆਦਰਸ਼ ਨਗਰ, ਬਠਿੰਡਾ।

99880-01972

 

Previous article” ਮੇਰਾ ਪਿੰਡ ਕਿੱਥੇ ਰਹਿ ਗਿਆ “
Next articleਬਜਟ ਸੈਸ਼ਨ: ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਪੰਜਾਬ ਵਿਧਾਨ ਸਭਾ ਵਿੱਚ ਹੰਗਾਮਾ