ਤਰਨ ਤਾਰਨ- ਮੋਟਰਸਾਈਕਲਾਂ ਅਤੇ ਕਾਰਾਂ ’ਤੇ ਸਵਾਰ 18-20 ਦੇ ਕਰੀਬ ਅਣਪਛਾਤੇ ਹਥਿਆਰਬੰਦ ਨੌਜਵਾਨਾਂ ਨੇ ਬੀਤੇ ਦਿਨ ਉਸਮਾਂ ਟੌਲ ਪਲਾਜ਼ਾ ’ਤੇ ਗੁੰਡਾਗਰਦੀ ਕਰਦਿਆਂ ਪਰਚੀਆਂ ਕੱਟਣ ਵਾਲੇ ਮੁਲਾਜ਼ਮਾਂ ਦੀ ਮਾਰਕੁੱਟ ਕੀਤੀ ਅਤੇ ਟੌਲਪਲਾਜ਼ਾ ਦੇ ਸ਼ੀਸ਼ਿਆਂ ਨੂੰ ਭੰਨ੍ਹ ਕੇ ਫਰਾਰ ਹੋ ਗਏ|
ਇਸ ਸਾਰੀ ਘਟਨਾ ਨੂੰ ਟੌਲਪਲਾਜ਼ਾ ਦੇ ਸੀਸੀਟੀਵੀ ਕੈਮਰਿਆਂ ਵਲੋਂ ਕੈਦ ਕਰ ਲਿਆ ਗਿਆ ਹੈ ਪਰ ਪੁਲੀਸ ਵਲੋਂ ਅਜੇ ਤੱਕ ਵੀ ਕਿਸੇ ਮੁਲਜ਼ਮ ਦੀ ਪਛਾਣ ਨਹੀਂ ਕੀਤੀ ਜਾ ਸਕੀ| ਸਰਹਾਲੀ ਦੀ ਪੁਲੀਸ ਨੇ ਦਫ਼ਾ 323, 427, 506, 148, 149 ਫੌਜਦਾਰੀ ਅਧੀਨ ਮਾਮਲਾ ਦਰਜ ਕੀਤਾ ਹੈ| ਟੌਲ ਪਲਾਜ਼ਾ ਦੇ ਮੈਨੇਜਰ ਅਜੇ ਸਿੰਘ ਨੇ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਕਿ ਹਥਿਆਰਬੰਦ ਨੌਜਵਾਨ ਦਾਤਰਾਂ, ਕਿਰਪਾਨਾਂ ਤੇ ਬੇਸਬਾਲ ਬੱਲਿਆਂ ਨਾਲ ਲੈਸ ਸਨ ਅਤੇ ਉਨ੍ਹਾਂ ਟੌਲ ਪਲਾਜ਼ਾ ਵਿਚ ਦਾਖਲ ਹੁੰਦਿਆਂ ਹੀ ਪਰਚੀਆਂ ਕੱਟਣ ਵਾਲੇ ਮੁਲਾਜ਼ਮਾਂ ਦੀ ਮਾਰਕੁੱਟ ਸ਼ੁਰੂ ਕਰ ਦਿੱਤੀ ਅਤੇ ਮੁਲਾਜ਼ਮਾਂ ਵਲੋਂ ਆਪਣਾ ਬਚਾਅ ਕਰਨ ’ਤੇ ਉਨ੍ਹਾਂ ਪਲਾਜ਼ਾ ਦੇ ਸਾਮਾਨ, ਸ਼ੀਸ਼ਿਆਂ ਦੀ ਭੰਨ੍ਹ ਤੋੜ ਸ਼ੁਰੂ ਕਰ ਦਿੱਤੀ| ਬੇਖੌਫ਼ ਹੋਏ ਹਮਲਾਵਰਾਂ ਵਲੋਂ ਬੇਰਹਿਮੀ ਨਾਲ ਕੀਤੀ ਜਾ ਰਹੀ ਕਾਰਵਾਈ ਕਰਕੇ ਟੌਲ ਪਲਾਜ਼ਾ ਦੇ ਮੁਲਾਜ਼ਮਾਂ ਨੇ ਅੱਗੇ ਆਉਣਾ ਠੀਕ ਨਾ ਸਮਝਿਆ| ਮਾਮਲੇ ਦੀ ਜਾਂਚ ਕਰਨ ਵਾਲੇ ਏਐਸਆਈ ਗੁਰਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਨਹੀਂ ਕੀਤੀ ਜਾ ਸਕੀ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਵਧੇਰੇ ਮੁਲਜ਼ਮ ਬਾਹਰ ਦੇ ਇਲਾਕੇ ਨਾਲ ਸਬੰਧਤ ਲੱਗਦੇ ਹਨ|
INDIA ਉਸਮਾਂ ਟੌਲ ਪਲਾਜ਼ਾ ਮੁਲਾਜ਼ਮਾਂ ਦੀ ਕੁੱਟਮਾਰ ਤੇ ਸਾਮਾਨ ਭੰਨ੍ਹਿਆ