ਕਾਂਗਰਸ ਦੀ ਲੜਾਈ ਸੜਕਾਂ ’ਤੇ ਆਈ

ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਅਤੇ ਅਕਾਲੀ ਦਲ-ਭਾਜਪਾ ਸਰਕਾਰ ਵੇਲੇ ਮੁੱਖ ਪਾਰਲੀਮਾਨੀ ਸਕੱਤਰ ਰਹੀ ਡਾ. ਨਵਜੋਤ ਕੌਰ ਸਿੱਧੂ ਦੀ ਅੱਜ ਸੈਕਟਰ 35 ਸਥਿਤ ਚੰਡੀਗੜ੍ਹ ਕਾਂਗਰਸ ਭਵਨ ਵਿਚ ਆਮਦ ਤੋਂ ਪਹਿਲਾਂ ਹੀ ਪ੍ਰਧਾਨ ਪ੍ਰਦੀਪ ਛਾਬੜਾ ਨੇ ਭਵਨ ਦੇ ਸਾਰੇ ਗੇਟਾਂ ਨੂੰ ਤਾਲੇ ਲਵਾ ਦਿੱਤੇ।
ਇਸ ਕਾਰਵਾਈ ਦੇ ਰੋਸ ਵਜੋਂ ਡਾ. ਸਿੱਧੂ ਦੀਆਂ ਸਮਰਥਕ ਮਹਿਲਾਵਾਂ ਨੇ ਪੂਨਮ ਸ਼ਰਮਾ ਦੀ ਅਗਵਾਈ ਹੇਠ ਕਾਂਗਰਸ ਭਵਨ ਦੇ ਗੇਟ ਮੂਹਰੇ ਦਰੀਆਂ ਵਿਛਾ ਕੇ ਧਰਨਾ ਮਾਰ ਦਿੱਤਾ ਅਤੇ ਸ੍ਰੀ ਛਾਬੜਾ ਅਤੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਉਪਰ ਗੰਭੀਰ ਦੋਸ਼ ਲਾਏ। ਇਸ ਕਾਰਨ ਲੰਮਾਂ ਸਮਾਂ ਉਥੇ ਹੰਗਾਮਾ ਹੁੰਦਾ ਰਿਹਾ ਅਤੇ ਪੂਨਮ ਸ਼ਰਮਾ ਨੇ ਬਾਹਰ ਗੇਟ ਮੂਹਰੇ ਸਾਰੀ ਰਾਤ ਧਰਨਾ ਮਾਰਨ ਦਾ ਐਲਾਨ ਕਰ ਦਿੱਤਾ। ਇਸ ਘਟਨਾ ਕਾਰਨ ਕਾਂਗਰਸ ਦੀ ਟਿਕਟ ਹਾਸਲ ਕਰਨ ਲਈ ਸ੍ਰੀ ਬਾਂਸਲ ਅਤੇ ਡਾ. ਸਿੱਧੂ ਵਿਚਕਾਰ ਚੱਲ ਰਹੀ ਲੜਾਈ ਸੜਕਾਂ ’ਤੇ ਆ ਗਈ ਹੈ। ਡਾ. ਸਿੱਧੂ ਦੀਆਂ ਹਮਾਇਤੀ ਮਹਿਲਾਵਾਂ ਆਪਣੇ ਨਾਲ ਢੋਲਕੀ ਵੀ ਲੈ ਕੇ ਆਈਆਂ ਸਨ ਅਤੇ ਉਨ੍ਹਾਂ ਨੇ ਉਥੇ ਸ੍ਰੀ ਬਾਂਸਲ ਤੇ ਸ੍ਰੀ ਛਾਬੜਾ ਉਪਰ ਹੇਕਾਂ ਲਾ-ਲਾ ਕੇ ਸਿਆਸੀ ਵਾਰ ਕੀਤੇ। ਕਾਂਗਰਸ ਦੀ ਸਾਬਕਾ ਮੇਅਰ ਅਤੇ ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਰਹੀ ਪੂਨਮ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਸ੍ਰੀ ਛਾਬੜਾ ਨੂੰ ਕੱਲ੍ਹ ਦੱਸਿਆ ਸੀ ਕਿ ਉਹ ਅੱਜ ਮਹਿਲਾ ਦਿਵਸ ਮੌਕੇ ਡਾ. ਨਵਜੋਤ ਕੌਰ ਸਿੱਧੂ ਸਮੇਤ ਕਾਂਗਰਸ ਭਵਨ ਆਉਣਾ ਚਾਹੁੰਦੇ ਹਨ ਅਤੇ ਇਸ ਲਈ ਸਮਾਂ ਦਿੱਤਾ ਜਾਵੇ। ਸ੍ਰੀਮਤੀ ਸ਼ਰਮਾ ਨੇ ਦੱਸਿਆ ਕਿ ਸ੍ਰੀ ਛਾਬੜਾ ਨੇ ਇਸ ਸਬੰਧੀ ਆਗਿਆ ਦਿੰਦਿਆਂ ਕਿਹਾ ਕਿ ਅੱਜ ਮਹਿਲਾ ਕਾਂਗਰਸ ਦਾ ਪ੍ਰੋਗਰਾਮ ਡੱਡੂਮਾਜਰਾ ਵਿਚ ਹੈ ਅਤੇ ਭਵਨ ਖਾਲੀ ਹੈ ਜਿਸ ਤੋਂ ਬਾਅਦ ਉਨ੍ਹਾਂ ਅੱਜ ਬਾਅਦ ਦੁਪਹਿਰ 3 ਵਜੇ ਪ੍ਰੋਗਰਾਮ ਰੱਖਿਆ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਹ ਅੱਜ ਭਵਨ ਪੁੱਜੀਆਂ ਤਾਂ ਸਾਰੇ ਗੇਟਾਂ ਉਪਰ ਤਾਲੇ ਲੱਗੇ ਹੋਏ ਸਨ। ਉਨ੍ਹਾਂ ਮੁੜ ਸ੍ਰੀ ਛਾਬੜਾ ਨੂੰ ਫੋਨ ਕੀਤਾ ਅਤੇ ਉਨ੍ਹਾਂ ਅੱਗੋਂ ਕਿਹਾ ਕਿ ਅੱਜ ਦੂਸਰੇ ਮਹਿਲਾ ਗੁਰੱਪ ਦਾ ਵੀ ਇਥੇ ਪ੍ਰੋਗਰਾਮ ਹੋਣ ਕਾਰਨ ਕਿਸੇ ਨੂੰ ਵੀ ਇਜਾਜ਼ਤ ਨਾ ਦੇਣ ਲਈ ਤਾਲੇ ਲਾਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਸ੍ਰੀ ਛਾਬੜਾ ਨੇ ਸ੍ਰੀ ਬਾਂਸਲ ਦੇ ਕਹਿਣ ’ਤੇ ਭਵਨ ਨੂੰ ਤਾਲੇ ਲਵਾ ਕੇ ਮਹਿਲਾ ਦਿਵਸ ਮੌਕੇ ਮਹਿਲਾਵਾਂ ਦੀ ਤੌਹੀਨ ਕੀਤੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਬਾਂਸਲ ਨੇ ਮਹਿਲਾ ਦਿਵਸ ਮੌਕੇ ਅਜਿਹਾ ਕਰਵਾ ਕੇ ਆਪਣੇ-ਆਪ ਨੂੰ ਮਹਿਲਾਵਾਂ ਦੀਆ ਵੋਟਾਂ ਤੋਂ ਦੂਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਭਵਨ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਹੈ ਅਤੇ ਉਹ ਇਹ ਮੁੱਦਾ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੇ ਧਿਆਨ ਵਿਚ ਲਿਆਉਣਗੇ। ਇਸ ਸਥਿਤੀ ਵਿੱਚ ਡਾ. ਸਿੱਧੂ ਮਿੱਥੇ ਪ੍ਰੋਗਰਾਮ ਤਹਿਤ ਉਥੇ ਨਹੀਂਂ ਪੁੱਜੀ ਅਤੇ ਸ੍ਰੀਮਤੀ ਸ਼ਰਮਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਇਸ ਸਥਿਤੀ ਵਿਚ ਖੁੱਦ ਹੀ ਡਾ ਸਿੱਧੂ ਨੂੰ ਇਥੇ ਆਉਣ ਤੋਂ ਮਨ੍ਹਾ ਕਰ ਦਿੱਤਾ ਹੈ। ਧਰਨੇ ਉਪਰ ਬੈਠੀਆਂ ਮਹਿਲਾਂ ਨੇ ਢੋਲਕੀਆਂ ਖੜਕਾ ਅਤੇ ਨਾਅਰੇ ਲਾ ਕੇ ਸ੍ਰੀ ਬਾਂਸਲ ਤੇ ਸ੍ਰੀ ਛਾਬੜਾ ਵਿਰੁੱਧ ਖੂਬ ਭੜਾਸ ਕੱਢੀ। ਦੱਸਣਯੋਗ ਹੈ ਕਿ ਸ੍ਰੀ ਬਾਂਸਲ ਅਤੇ ਡਾ. ਸਿੱਧੂ ਵਿਚਕਾਰ ਟਿਕਟ ਹਾਸਲ ਕਰਨ ਲਈ ਕਈ ਦਿਨਾਂ ਤੋਂ ਸ਼ਬਦੀ ਜੰਗ ਚੱਲਦੀ ਆ ਰਹੀ ਹੈ।

Previous articleਜੇਤਲੀ ਵੱਲੋਂ ਮੋਦੀ ਦੀਆਂ ਤਕਰੀਰਾਂ ਬਾਰੇ ਕਿਤਾਬ ਰਿਲੀਜ਼
Next articleਉਸਮਾਂ ਟੌਲ ਪਲਾਜ਼ਾ ਮੁਲਾਜ਼ਮਾਂ ਦੀ ਕੁੱਟਮਾਰ ਤੇ ਸਾਮਾਨ ਭੰਨ੍ਹਿਆ