ਡੇਰਾਬੱਸੀ, (ਸਮਾਜ ਵੀਕਲੀ), ਸੰਜੀਵ ਸਿੰਘ ਸੈਣੀ:- ਡੇਰਾਬਸੀ ਦੇ 82 ਸਾਲਾ ਮਦਨ ਲਾਲ ਗੋਇਲ ਦੀ ਅੱਜ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਲਾਇਨਜ਼ ਕਲੱਬ ਡੇਰਾਬੱਸੀ ਦੀ ਪ੍ਰੇਰਨਾ ਸਦਕਾ ਪਰਿਵਾਰ ਵੱਲੋਂ ਉਨ੍ਹਾਂ ਦੀ ਅੱਖਾਂ ਦਾਨ ਕਰਨ ਦਾ ਫ਼ੈਸਲਾ ਕੀਤਾ ਗਿਆ ਜਿਸ ਨਾਲ 2 ਨੇਤਰਹੀਣ ਲੋਕਾਂ ਦੀ ਦੀ ਜ਼ਿੰਦਗੀ ਵਿੱਚ ਚਾਨਣ ਹੋਵੇਗਾ। ਮਦਨ ਲਾਲ ਗੋਇਲ ਸਰਕਾਰੀ ਹਸਪਤਾਲ ਡੇਰਾਬਸੀ ਤੋਂ ਸੀਨੀਅਰ ਮੈਡੀਕਲ ਅਫ਼ਸਰ ਸੇਵਾਮੁਕਤ ਹੋਏ ਹਨ। ਉਹ ਆਪਣੇ ਪਿੱਛੇ ਪਰਿਵਾਰ ਵਿੱਚ ਪਤਨੀ ਸਮੇਤ ਤਿੰਨ ਬੇਟੀਆਂ ਅਤੇ ਇੱਕ ਬੇਟਾ ਛੱਡ ਗਏ ਹਨ। ਉਨ੍ਹਾਂ ਦੇ ਧਰਮ ਪਤਨੀ ਵੀ ਸਿਵਲ ਹਸਪਤਾਲ ਤੋਂ ਰਿਟਾਇਰ ਹੋਏ ਹਨ। ਸਰਕਾਰੀ ਹਸਪਤਾਲ ਅਤੇ ਮੈਡੀਕਲ ਕਾਲਜ ਸੈਕਟਰ 32, ਚੰਡੀਗੜ੍ਹ ਤੋਂ ਡਾਕਟਰਾਂ ਦੀ ਟੀਮ ਨੇ ਅੱਖਾਂ ਡੋਨੇਟ ਕਰਨ ਦੀ ਕਾਰਵਾਈ ਕੀਤੀ।
ਲਾਇਨਜ਼ ਕਲੱਬ ਡੇਰਾਬੱਸੀ ਦੇ ਵਾਈਸ ਪ੍ਰਧਾਨ ਉਪੇਸ਼ ਬੰਸਲ ਨੇ ਦੱਸਿਆ ਕਿ ਲਾਇਨਜ਼ ਦੇ ਯਤਨਾਂ ਸਦਕਾ ਹੁਣ ਤੱਕ 5 ਵਿਅਕਤੀਆਂ ਦੀਆਂ ਮਰਨ ਉਪਰੰਤ ਅੱਖਾਂ ਦਾਨ ਕਰਵਾਈਆਂ ਗਈਆਂ ਹਨ ਜਿਸ ਨਾਲ 10 ਲੋਕਾਂ ਦੇ ਜੀਵਨ ਵਿੱਚ ਉਜਾਲਾ ਹੋਇਆ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਸ ਪਾਸ ਦੇ ਲੋਕਾਂ ਨੂੰ ਵੀ ਮਰਨ ਉਪਰੰਤ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕਰਨ। ਉਨ੍ਹਾਂ ਦੱਸਿਆ ਕਿ ਟਰਾਈਸਿਟੀ ਅੰਦਰ 2000 ਦੇ ਕਰੀਬ ਨੇਤਰਹੀਣ ਲੋਕ ਹਨ, ਇਸ ਲਈ ਸਾਨੂੰ ਨੇਤਰਦਾਨ ਦੇ ਲਈ ਜਾਗਰੂਕ ਹੋਣਾ ਚਾਹੀਦਾ ਹੈ। ਲਾਇਨਜ਼ ਕਲੱਬ ਡੇਰਾਬੱਸੀ ਦੇ ਪ੍ਰਧਾਨ ਨਿਤਿਨ ਜਿੰਦਲ ਨੇ ਗੋਇਲ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਰਨ ਉਪਰੰਤ ਅੱਖਾਂ ਦਾਨ ਕਰਨਾ ਮਹਾਨ ਕੰਮ ਹੈ। ਉਨ੍ਹਾਂ ਦੱਸਿਆ ਕਿ ਲਾਇਨਜ਼ ਕਲੱਬ ਡੇਰਾਬੱਸੀ ਵੱਲੋਂ ਅੱਖਾਂ ਦਾਨ ਕਰਨ ਲਈ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਲੋੜਵੰਦ ਲੋਕਾਂ ਦੀ ਜ਼ਿੰਦਗੀ ਵਿਚੋਂ ਹਨ੍ਹੇਰਾ ਦੂਰ ਹੋ ਸਕੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly