ਜ਼ੀਰਕਪੁਰ ਸਬਜ਼ੀ ਮੰਡੀ ’ਚ ਅੱਗ ਲੱਗੀ; 70 ਦੁਕਾਨਾਂ ਸੜ ਕੇ ਸੁਆਹ

ਚੰਡੀਗੜ੍ਹ- ਅੰਬਾਲਾ ਮੁੱਖ ਸੜਕ ’ਤੇ ਪ੍ਰੀਤ ਕਲੋਨੀ ਵਿੱਚ ਸਬਜ਼ੀ ਮੰਡੀ ਵਿੱਚ ਅੱਜ ਦੇਰ ਰਾਤ ਅਚਾਨਕ ਅੱਗ ਲੱਗ ਗਈ ਜਿਸ ਕਰਕੇ ਮੰਡੀ ਦੀਆਂ ਕਰੀਬ 70 ਦੁਕਾਨਾਂ ਸੜ ਗਈਆਂ। ਇਸ ਅੱਗ ਨੇ ਪਲਾਂ ਵਿੱਚ ਭਿਆਨਕ ਰੂਪ ਧਾਰ ਲਿਆ। ਇਸ ਦੌਰਾਨ ਡੇਰਾਬਸੀ, ਮੁਹਾਲੀ, ਪੰਚਕੂਲਾ ਤੋਂ ਆਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ’ਤੇ ਕਾਬੂ ਪਾਇਆ। ਇਸ ਮੰਡੀ ਵਿਚ 150 ਦੁਕਾਨਾਂ ਅਤੇ ਫੜ੍ਹੀਆਂ ਹਨ, ਜਿਨ੍ਹਾਂ ਵਿਚੋਂ ਕਰੀਬ 70 ਦੁਕਾਨਾਂ ਅੱਗ ਦੀ ਲਪੇਟ ਵਿਚ ਆਈਆਂ। ਹਾਦਸੇ ਵਿਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਜਦਕਿ ਲੱਖਾਂ ਰੁਪਏ ਦਾ ਸਾਮਾਨ ਸੜ ਗਿਆ। ਇਹ ਮੰਡੀ ਰਿਹਾਇਸ਼ੀ ਖੇਤਰ ਵਿਚ ਹੋਣ ਕਰਕੇ ਆਲੇ ਦੁਆਲੇ ਦੇ ਖੇਤਰ ਵਿਚ ਦਹਿਸ਼ਤ ਫੈਲ ਗਈ। ਅੱਗ ਕਰਕੇ ਇਕ ਚਾਹ ਦੀ ਦੁਕਾਨ ਵਿਚ ਪਏ ਗੈਸ ਵਾਲੇ ਛੋਟੇ ਸਿਲੰਡਰ ਵੀ ਧਮਾਕੇ ਨਾਲ ਫਟ ਗਏ। ਜ਼ੀਰਕਪੁਰ ਥਾਣਾ ਮੁਖੀ ਗੁਰਜੀਤ ਸਿੰਘ ਭਾਰੀ ਪੁਲੀਸ ਫੋਰਸ ਨਾਲ ਮੌਕੇ ’ਤੇ ਪੁੱਜੇ ਅਤੇ ਫਾਇਰ ਬ੍ਰਿਗੇਡ ਕਰਮੀਆਂ ਨਾਲ ਮਿਲ ਕੇ ਅੱਗ ’ਤੇ ਕਾਬੂ ਪਾਉਣ ਵਿਚ ਜੁਟ ਗਏ। ਇਸ ਦੌਰਾਨ ਮੰਡੀ ਵਿਚਲੀਆਂ 80 ਦੇ ਕਰੀਬ ਦੁਕਾਨਾਂ ਨੂੰ ਬਚਾ ਲਿਆ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਖ਼ਬਰ ਲਿਖੇ ਜਾਣ ਤੱਕ ਬਚਾਅ ਕਾਰਜ ਜਾਰੀ ਸਨ।

Previous articleਭਾਰਤ ਵੱਲੋਂ ਮਾਲਦੀਵ ਨੂੰ 1.4 ਅਰਬ ਡਾਲਰ ਦੀ ਸਹਾਇਤਾ ਦਾ ਐਲਾਨ
Next articleਪੰਚਾਇਤ ਚੋਣਾਂ: ਚੁੱਲ੍ਹਾ ਟੈਕਸ ਦੀ ਰਸੀਦ ਨਾ ਮਿਲਣ ਤੋਂ ਲੋਕ ਔਖੇ