ਪੰਚਾਇਤ ਚੋਣਾਂ: ਚੁੱਲ੍ਹਾ ਟੈਕਸ ਦੀ ਰਸੀਦ ਨਾ ਮਿਲਣ ਤੋਂ ਲੋਕ ਔਖੇ

ਪੰਜਾਬ ਭਰ ਵਿੱਚ ਪੰਚਾਇਤੀ ਚੋਣਾਂ ਲੜਨ ਦੇ ਚਾਹਵਾਨ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ, ਪਰ ਬਲਾਕ ਸ੍ਰੀ ਹਰਗੋਬਿੰਦਪੁਰ ਵਿੱਚ ਚੋਣ ਲੜਨ ਵਾਲੇ ਅਕਾਲੀ ਤੇ ਆਪ ਸਮਰਥਕ ਚੁੱਲ੍ਹਾ ਟੈਕਸ ਦੀਆਂ ਰਸੀਦਾਂ ਲੈਣ ਲਈ ਬਲਾਕ ਦਫ਼ਤਰ ਵਿੱਚ ਖੁਆਰ ਹੋ ਰਹੇ ਹਨ। ਇਨ੍ਹਾਂ ਦੀ ਹਮਾਇਤ ਲਈ ਅੱਜ ਸਾਬਕਾ ਸੰਸਦੀ ਸਕੱਤਰ ਦੇਸ ਰਾਜ ਸਿੰਘ ਧੁੱਗਾ ਤੇ ‘ਆਪ’ ਦੇ ਜਨਰਲ ਸਕੱਤਰ ਐਡਵੋਕੇਟ ਅਮਰਪਾਲ ਸਿੰਘ ਕਿਸ਼ਨ ਕੋਟ ਬਲਾਕ ਦਫ਼ਤਰ ਸ੍ਰੀ ਹਰਗੋਬਿੰਦਪੁਰ ਵਿੱਚ ਪਹੁੰਚੇ। ਸਾਬਕਾ ਵਿਧਾਇਕ ਦੇਸ ਰਾਜ ਸਿੰਘ ਧੁੱਗਾ ਨੇ ਅਕਾਲੀ ਵਰਕਰਾਂ ਨੂੰ ਸਕੱਤਰ ਵੱਲੋਂ ਚੁੱਲ੍ਹਾ ਰਸੀਦ ਨਾ ਦੇਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਨੂੰ ਇਸ ਗੱਲ ਦਾ ਡਰ ਹੈ, ਕਿ ਉਨ੍ਹਾਂ ਦੇ ਸਰਪੰਚ ਚੋਣ ਹਾਰ ਜਾਣਗੇ। ਇਸ ਲਈ ਕੇਵਲ ਕਾਂਗਰਸੀ ਉਮੀਦਵਾਰ ਨੂੰ ਹੀ ਚੁੱਲ੍ਹਾ ਟੈਕਸ ਦੀ ਰਸੀਦ ਦਿੱਤੀ ਜਾ ਰਹੀ ਜੈ ਤਾਂ ਜੋ ਰਸੀਦ ਨਾ ਮਿਲਣ ਕਰ ਕੇ ਅਕਾਲੀ ਉਮੀਦਵਾਰ ਦੇ ਕਾਗ਼ਜ਼ਾਂ ਨੂੰ ਨਕਾਰ ਦਿੱਤਾ ਜਾਵੇ। ਇਸ ਮੌਕੇ ਉਨ੍ਹਾਂ ਦੀ ਚੁੱਲ੍ਹਾ ਟੈਕਸ ਨਾ ਦੇਣ ਵਾਲੇ ਸਕੱਤਰ ਨਾਲ ਤਕਰਾਰ ਵੀ ਹੋਈ। ਉਪਰੰਤ, ਸਕੱਤਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਸਾਰੇ ਹੀ ਉਮੀਦਵਾਰਾਂ ਨੂੰ ਚੁੱਲ੍ਹਾ ਟੈਕਸ ਦੀਆਂ ਰਸੀਦਾਂ ਦਿੱਤੀਆਂ ਜਾਣਗੀਆਂ। ਦੂਜੇ ਪਾਸੇ ‘ਆਪ’ ਦੇ ਜਨਰਲ ਸਕੱਤਰ ਐਡਵੋਕੇਟ ਅਮਰਪਾਲ ਸਿੰਘ ਕਿਸ਼ਨ ਕੋਟ ਨੇ ਆਪਣੇ ਸਮਰਥਕਾਂ ਨਾਲ ਬਲਾਕ ਦਫ਼ਤਰ ਪਹੁੰਚ ਕੇ ਕਾਗਜ਼ਾਂ ਦੀ ਜਾਂਚ ਕੀਤੀ। ਉਨ੍ਹਾਂ ਬੀਡੀਪੀਓ ਨੂੰ ਸਕੱਤਰ ਵੱਲੋਂ ਉਨ੍ਹਾਂ ਦੇ ਸਮਰਥਕਾਂ ਨੂੰ ਚੁੱਲ੍ਹਾ ਟੈਕਸ ਦੀਆਂ ਰਸੀਦਾਂ ਨਾ ਦੇਣ ਸਬੰਧੀ ਜਾਣੂ ਕਰਵਾਇਆ। ਬੀਡੀਪੀਓ ਨੇ ਉਨ੍ਹਾਂ ਨੂੰ ਲਿਖਤੀ ਸ਼ਿਕਾਇਤ ਦੇਣ ਲਈ ਕਿਹਾ। ਬੀਡੀਪੀਓ ਨੇ ਭਰੋਸਾ ਦਿੱਤਾ ਕਿ ਸਾਰੇ ਉਮੀਦਵਾਰਾਂ ਨੂੰ ਚੁੱਲ੍ਹਾ ਟੈਕਸ ਦੀ ਰਸੀਦ ਮਿਲ ਜਾਵੇਗੀ। ਬੀਡੀਪੀਉ ਨੇ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸਕੱਤਰ ਸਵੇਰ ਦੇ ਸਮੇਂ ਹਾਜ਼ਰ ਹੋ ਜਾਂਦੇ ਹਨ ਪਰ ਬਾਅਦ ਵਿੱਚ ਪਤਾ ਨਹੀਂ ਕਿਥੇ ਚਲੇ ਜਾਂਦੇ ਹਨ। ਉਹ ਦਫ਼ਤਰ ਵਿੱਚੋਂ ਗੈਰ ਹਾਜ਼ਰ ਹੋਣ ਵਾਲੇ ਸਕੱਤਰਾਂ ਵਿਰੁੱਧ ਕਾਰਵਾਈ ਲਈ ਏਡੀਸੀ ਗੁਰਦਾਸਪੁਰ ਨੂੰ ਸ਼ਿਕਾਇਤ ਭੇਜਣਗੇ।

Previous articleਜ਼ੀਰਕਪੁਰ ਸਬਜ਼ੀ ਮੰਡੀ ’ਚ ਅੱਗ ਲੱਗੀ; 70 ਦੁਕਾਨਾਂ ਸੜ ਕੇ ਸੁਆਹ
Next articleਸਿੱਖ ਕਤਲੇਆਮ ਪੀੜਤਾਂ ਨੇ ਸਾਰੇ ਦੋਸ਼ੀਆਂ ਲਈ ਫਾਂਸੀ ਦੀ ਸਜ਼ਾ ਮੰਗੀ