ਭਾਰਤ ਵੱਲੋਂ ਮਾਲਦੀਵ ਨੂੰ 1.4 ਅਰਬ ਡਾਲਰ ਦੀ ਸਹਾਇਤਾ ਦਾ ਐਲਾਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਮਾਲਦੀਵ ਨੂੰ 1.4 ਅਰਬ ਡਾਲਰ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ। ਸ੍ਰੀ ਮੋਦੀ ਨੇ ਮਾਲਦੀਵ ਦੇ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲਿਹ ਨਾਲ ਇਥੇ ਵਿਸਥਾਰਪੂਰਬਕ ਗੱਲਬਾਤ ਕੀਤੀ ਅਤੇ ਅਹਿਦ ਲਿਆ ਕੇ ਦੋਵੇਂ ਮੁਲਕ ਹਿੰਦ ਮਹਾਂਸਾਗਰ ਖ਼ਿੱਤੇ ’ਚ ਸੁਰੱਖਿਆ ਸਹਿਯੋਗ ਨੂੰ ਹੋਰ ਗੂੜ੍ਹਾ ਬਣਾਉਣਗੇ। ਭਾਰਤ ਅਤੇ ਮਾਲਦੀਵ ਨੇ ਵੀਜ਼ਾ ਸਹੂਲਤ ਸਮੇਤ ਚਾਰ ਸਮਝੌਤਿਆਂ ’ਤੇ ਦਸਤਖ਼ਤ ਕੀਤੇ। ਸ੍ਰੀ ਮੋਦੀ ਨੇ ਪ੍ਰੈੱਸ ਬਿਆਨ ’ਚ ਕਿਹਾ ਕਿ ਸ੍ਰੀ ਸੋਲਿਹ ਨਾਲ ਸੁਖਾਵੇਂ ਮਾਹੌਲ ’ਚ ਗੱਲਬਾਤ ਹੋਈ ਹੈ ਅਤੇ ਉਨ੍ਹਾਂ ਦੋਵੇਂ ਮੁਲਕਾਂ ਦੇ ਰਿਸ਼ਤੇ ਮਜ਼ਬੂਤ ਬਣਾਉਣ ਦਾ ਅਹਿਦ ਲਿਆ ਹੈ। ਸ੍ਰੀ ਸੋਲਿਹ ਨੇ ਕਿਹਾ ਕਿ ਦੋਵੇਂ ਮੁਲਕਾਂ ਨੇ ਹਿੰਦ ਮਹਾਸਾਗਰ ਖ਼ਿੱਤੇ ’ਚ ਗਸ਼ਤ ਅਤੇ ਹਵਾਈ ਨਿਗਰਾਨੀ ਰਾਹੀਂ ਸੁਰੱਖਿਆ ਨੂੰ ਮਜ਼ਬੂਤ ਕਰਨ ’ਤੇ ਸਹਿਮਤੀ ਜਤਾਈ ਹੈ। ਮਾਲਦੀਵ ਦੇ ਰਾਸ਼ਟਰਪਤੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ’ਚ ਭਾਰਤ ਦੀ ਪੱਕੀ ਮੈਂਬਰੀ ਲਈ ਹਮਾਇਤ ਦੇਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਦੁਹਰਾਇਆ ਕਿ ਸਾਲ 2020-21 ਲਈ ਭਾਰਤ ਦੀ ਅਸਥਾਈ ਸੀਟ ਲਈ ਉਮੀਦਵਾਰੀ ਨੂੰ ਵੀ ਹਮਾਇਤ ਦਿੱਤੀ ਜਾਵੇਗੀ। ਦੋਵੇਂ ਆਗੂਆਂ ਨੇ ਅਤਿਵਾਦ ਖ਼ਿਲਾਫ਼ ਸਹਿਯੋਗ ਵਧਾਉਣ ਦਾ ਐਲਾਨ ਵੀ ਕੀਤਾ।

Previous articleਕਾਂਗਰਸ ਨਾਲ ਚੋਣ ਗੱਠਜੋੜ ਨਹੀਂ ਹੋਵੇਗਾ: ਹਰਪਾਲ ਚੀਮਾ
Next articleਜ਼ੀਰਕਪੁਰ ਸਬਜ਼ੀ ਮੰਡੀ ’ਚ ਅੱਗ ਲੱਗੀ; 70 ਦੁਕਾਨਾਂ ਸੜ ਕੇ ਸੁਆਹ