ਵਾਸ਼ਿੰਗਟਨ (ਸਮਾਜ ਵੀਕਲੀ) : ਵਾਸ਼ਿੰਗਟਨ ’ਚ ਹਿੰਸਕ ਪ੍ਰਦਰਸ਼ਨਾਂ ਦੇ ਖਦਸ਼ੇ ਦੇ ਮੱਦੇਨਜ਼ਰ ਵੱਡੀ ਗਿਣਤੀ ’ਚ ਸੈਨਿਕ ਵੱਖ ਵੱਖ ਸੂਬਿਆਂ ਤੋਂ ਬੱਸਾਂ ਤੇ ਜਹਾਜ਼ਾਂ ਰਾਹੀਂ ਰਾਜਧਾਨੀ ਆ ਗਏ ਹਨ। ਜੋਅ ਬਾਇਡਨ ਦੇ ਸਹੁੰ ਚੁੱਕ ਸਮਾਗਮ ਦੌਰਾਨ ਰੋਸ ਮੁਜ਼ਾਹਰਿਆਂ ਦੇ ਖਦਸ਼ਿਆਂ ਦੇ ਚਲਦਿਆਂ ਸੈਨਾ ਦੇ ਅਧਿਕਾਰੀਆਂ ਨੇ ਸੂਬਿਆਂ ਦੇ ਗਵਰਨਰਾਂ ਨੂੰ ਨੈਸ਼ਨਲ ਗਾਰਡ ਦੇ ਵੱਧ ਤੋਂ ਵੱਧ ਜਵਾਨ ਭੇਜਣ ਦੀ ਅਪੀਲ ਕੀਤੀ ਸੀ ਤਾਂ ਜੋ ਸ਼ਹਿਰ ਦੇ ਜ਼ਿਆਦਾਤਰ ਹਿੱਸੇ ’ਚ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਲੌਕਡਾਊਨ ਲਾਇਆ ਜਾ ਸਕੇ।
ਜ਼ਿਕਰਯੋਗ ਹੈ ਕਿ ਛੇ ਜਨਵਰੀ ਨੂੰ ਅਮਰੀਕੀ ਸੰਸਦ ਭਵਨ ਕੈਪੀਟਲ ਹਿਲ ’ਚ ਹਿੰਸਕ ਭੀੜ ਨੇ ਹਮਲਾ ਕਰ ਦਿੱਤਾ ਸੀ। ਉਸੇ ਘਟਨਾ ਨੂੰ ਦੇਖਦਿਆਂ ਇਹ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਹਿੰਸਕ ਕੱਟੜਪੰਥੀ ਗਰੁੱਪ ਸ਼ਹਿਰ ਨੂੰ ਨਿਸ਼ਾਨਾ ਬਣਾ ਸਕਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਲੰਘੇ 72 ਘੰਟਿਆਂ ਅੰਦਰ ਘੱਟ ਤੋਂ ਘੱਟ 7000 ਸੈਨਿਕ ਮੈਰੀਲੈਂਡ ਪਹੁੰਚ ਚੁੱਕੇ ਹਨ। ਕਈ ਹਜ਼ਾਰ ਸੈਨਿਕ ਬੱਸਾਂ ਤੇ ਫੌਜ ਦੇ ਟਰੱਕਾਂ ’ਚ ਸਵਾਰ ਹਨ ਤੇ ਉਹ ਵਾਸ਼ਿੰਗਟਨ ਆ ਰਹੇ ਹਨ।
ਉੱਧਰ ਐੱਫਬੀਆਈ ਨੇ ਵੀ ਸਾਰਿਆਂ ਸੂਬਿਆਂ ਦੀਆਂ ਰਾਜਧਾਨੀਆਂ ’ਚ ਹਿੰਸਕ ਹਮਲਿਆਂ ਦਾ ਖਦਸ਼ਾ ਜ਼ਾਹਿਰ ਕੀਤਾ ਹੈ। ਹਮਲਿਆਂ ਦੇ ਖਦਸ਼ੇ ਦੇ ਚੱਲਦਿਆਂ ਸਾਰੇ ਸੂਬਿਆਂ ਦੀਆਂ ਕੈਪੀਟਲ ਇਮਾਰਤਾਂ ’ਚ ਹਥਿਆਰਾਂ ਨਾਲ ਲੈਸ ਸੈਨਿਕ ਤਾਇਨਾਤ ਕੀਤੇ ਗਏ ਹਨ। ਇਨ੍ਹਾਂ ਸੂਬਿਆਂ ਦੇ ਗਵਰਨਰਾਂ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਸੂਬਿਆਂ ਦੀਆਂ ਕੈਪੀਟਲ ਇਮਾਰਤਾਂ ਆਮ ਲੋਕਾਂ ਲਈ ਬੰਦ ਕਰ ਦਿੱਤੀਆਂ ਗਈਆਂ ਹਨ। ਇਹ ਇਮਾਰਤਾਂ ਇਸ ਤਰ੍ਹਾਂ ਮਹਿਸੂਸ ਹੋ ਰਹੀਆਂ ਹਨ ਜਿਵੇਂ ਜੰਗ ਦੀ ਮਾਰ ਹੇਠਾਂ ਆਏ ਮੁਲਕਾਂ ’ਚ ਭਾਰੀ ਸੁਰੱਖਿਆ ਪ੍ਰਬੰਧਾਂ ਵਿਚਾਲੇ ਅਮਰੀਕੀ ਦੂਤਾਵਾਸ ਹੁੰਦੇ ਹਨ।