(ਸਮਾਜ ਵੀਕਲੀ)
ਪਿਆਰੇ ਬੱਚਿਓ ! ਸਤਿ ਸ੍ਰੀ ਅਕਾਲ , ਨਮਸ਼ਕਾਰ , ਜੈ ਹਿੰਦ।ਅੱਜ ਅਸੀਂ ਤੁਹਾਨੂੰ ਮਹਾਰਾਸ਼ਟਰ ਪ੍ਰਾਂਤ ਦੇ ਖਾਸ ਜ਼ਿਲ੍ਹੇ ਅਤੇ ਪ੍ਰਸਿੱਧ ਸ਼ਹਿਰ ਨਾਗਪੁਰ ਦੀ ਜਾਣਕਾਰੀ ਦੇਵਾਂਗੇ। ਬੱਚਿਓ ! ਨਾਗਪੁਰ ਭਾਰਤ ਦੇ ਗੌਰਵਸ਼ਾਲੀ ਅਤੇ ਪ੍ਰਸਿੱਧ ਪ੍ਰਾਂਤ ਮਹਾਂਰਾਸ਼ਟਰ ਦੇ ਲਗਪਗ ਪੂਰਵ ਦਿਸ਼ਾ ਵੱਲ ਸਥਿਤ ਹੈ। ਇਹ ਸ਼ਹਿਰ ਸੰਤਰੇ ਲਈ ਦੁਨੀਆ ਭਰ ਵਿਚ ਜਾਣਿਆ ਜਾਂਦਾ ਹੈ। ਇਸ ਲਈ ਨਾਗਪੁਰ ਨੂੰ ” ਔਰੇਂਜ ਸਿਟੀ ” , ” ਸੰਤਰੇ ਦੀ ਨਗਰੀ ” , ” ਸੰਤਰੇ ਦੀ ਰਾਜਧਾਨੀ ” ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਨਾਗਪੁਰ ਦੇ ਸੰਤਰੇ ਦੇਸ਼ਾਂ – ਵਿਦੇਸ਼ਾਂ ਵਿੱਚ ਪ੍ਰਸਿੱਧ ਹਨ। ਬੱਚਿਓ ! ਨਾਗਪੁਰ , ਮਹਾਰਾਸ਼ਟਰ ਰਾਜ ਦੀ ਸਰਦੀਆਂ ਦੀ ਰੁੱਤ ਦੀ ਰਾਜਧਾਨੀ ਹੈ।
ਇਸ ਸ਼ਹਿਰ ਨੂੰ ਹਾਲ ਹੀ ਵਿੱਚ ਭਾਰਤ ਦੇ ਸਭ ਤੋਂ ਸਾਫ ਸੁਥਰੇ , ਸੁੰਦਰ ਤੇ ਗ੍ਰੀਨੈਸਟ ਸ਼ਹਿਰ ਦਾ ਦਰਜਾ ਪ੍ਰਾਪਤ ਹੋਇਆ ਹੈ। ਬੱਚਿਓ ! ਨਾਗਪੁਰ ਤੋਂ ਪੰਜਾਹ ਕਿਲੋਮੀਟਰ ਦੂਰ ਰਾਮਟੇਕ ਮੰਦਿਰ ਦੇਖਣਯੋਗ ਖਾਸ ਸਥਾਨ ਹੈ। ਇਹ ਸਥਾਨ ਸ਼ਾਂਤਮਈ ਅਤੇ ਮਨਮੋਹਕ ਹੈ। ਨਾਗਪੁਰ ਵਿਖੇ ” ਦੀਕਸ਼ਾ – ਭੂਮੀ ” ਹਰਮਨ ਪਿਆਰਾ ਤੇ ਇਤਿਹਾਸਕ ਸਥਾਨ ਹੈ। ਇਸ ਸਥਾਨ ‘ਤੇ ਹੀ 14 ਅਕਤੂਬਰ 1956 ਨੂੰ ਭਾਰਤ ਰਤਨ ਸਤਿਕਾਰਯੋਗ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਆਪਣੇ ਪ੍ਰਸੰਸਕਾਂ ਸਮੇਤ ਬੁੱਧ ਧਰਮ ਅਪਣਾ ਲਿਆ ਸੀ। ਇਸੇ ਸਥਾਨ ‘ਤੇ ਸਾਂਚੀ ਸਤੂਪ ( ਮੱਧ ਪ੍ਰਦੇਸ਼ ) ਜਿਹੀ ਦਿੱਖ ਵਾਲੀ ਵਿਸ਼ਾਲ ਤੇ ਖ਼ੂਬਸੂਰਤ ਇਮਾਰਤ ਬਣਾਈ ਗਈ ਹੈ।
ਇਹ ਸਤੂਪ ਏਸ਼ੀਆ ਦਾ ਦੂਸਰਾ ਸਭ ਤੋਂ ਵੱਡਾ ਸਤੂਪ ਹੈ। ਬੱਚਿਓ ! ਜ਼ਿੰਦਗੀ ਵਿੱਚ ਤੁਹਾਨੂੰ ਜਦੋਂ ਕਦੇ ਵੀ ਨਾਗਪੁਰ ਜਾਣ ਦਾ ਮੌਕਾ ਮਿਲੇ , ਤੁਸੀਂ ਡ੍ਰੈਗਨ ਪੈਲੇਸ ਦੇਖਣ ਜ਼ਰੂਰ ਜਾਣਾ। ਇਹ ਇੱਕ ਮਸ਼ਹੂਰ ਤੇ ਦੇਖਣਯੋਗ ਮੰਦਰ ਹੈ। ਇੱਥੇ ਭਗਵਾਨ ਬੁੱਧ ਦੀ ਬਹੁਤ ਵੱਡੀ ਮੂਰਤੀ ਸਥਾਪਿਤ ਹੈ। ਡ੍ਰੈਗਨ ਪੈਲੇਸ ਨੂੰ ” ਲੋਟਸ ਟੈਂਪਲ ” ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਨਾਗਪੁਰ ਵਿਖੇ ਰਮਨ ਵਿਗਿਆਨ ਕੇਂਦਰ , ਕਸਤੂਰ ਚੰਦ ਪਾਰਕ , ਲਤਾ ਮੰਗੇਸ਼ਕਰ ਸੰਗੀਤ ਮਿਊਜ਼ੀਅਮ , ਖੇਕਰਾਨਾਲਾ ਤੇ ਨਾਵੇਗਾਂਵ ਦਾ ਬੰਨ੍ਹ , ਸੀਤਾ ਬਰਡੀ ਕਿਲ੍ਹਾ , ਅੰਬਾਝਰੀ ਤੇ ਤੀਲਨਕਾਡੀ ਝੀਲ , ਭਗਵਾਨ ਵੈਂਕਟੇਸ਼ਵਰ ਬਾਲਾ ਜੀ ਮੰਦਿਰ ਆਦਿ ਖਾਸ ਦੇਖਣਯੋਗ ਸਥਾਨ ਹਨ। ਬੱਚਿਓ !ਨਾਗਪੁਰ ਦੇ ਸੇਵਾਗ੍ਰਾਮ ਸਥਾਨ ਦਾ ਸਬੰਧ ਸਾਡੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ ਨਾਲ ਹੈ।
ਇਹ ਸੇਵਾਗ੍ਰਾਮ ਆਸ਼ਰਮ ਮਹਾਤਮਾ ਗਾਂਧੀ ਜੀ ਨੇ 1933 ਈਸਵੀ ਵਿੱਚ ਸਥਾਪਿਤ ਕੀਤਾ ਸੀ ਅਤੇ ਇੱਥੇ ਹੀ ਸਮਾਜ ਸੇਵਾ ਦੇ ਕਾਰਜ ਨੇਪਰੇ ਚਾੜ੍ਹਦੇ ਹੋਏ ਲਗਪਗ ਪੰਦਰਾਂ ਸਾਲ ਬਤੀਤ ਕੀਤੇ।ਪਿਆਰੇ ਬੱਚਿਓ ! ਤੁਹਾਨੂੰ ਦੱਸ ਦੇਈਏ ਕਿ ਨਾਗਪੁਰ ਦਾ ” ਡਾਇਮੰਡ ਰੇਲਵੇ ਕ੍ਰਾਸਿੰਗ ” ਅਜਿਹਾ ਸਥਾਨ ਹੈ , ਜੋ ਭਾਰਤ ਨੂੰ ਉੱਤਰ ਤੋਂ ਦੱਖਣ ਅਤੇ ਪੂਰਬ ਤੋਂ ਪੱਛਮ ਤੱਕ ਵੰਡਦਾ ਹੈ। ਇਸੇ ਸਥਾਨ ਨੂੰ ” ਜ਼ੀਰੋ ਪੁਆਇੰਟ ” ਵੀ ਕਿਹਾ ਜਾਂਦਾ ਹੈ। ਡਾ. ਬਾਬਾ ਸਾਹਿਬ ਅੰਬੇਦਕਰ ਏਅਰਪੋਰਟ ਨਾਗਪੁਰ ਵਿਖੇ ਸਥਿਤ ਹੈ। ਮੁੰਬਈ ਅਤੇ ਪੁਣੇ ਤੋਂ ਬਾਅਦ ਨਾਗਪੁਰ ਮਹਾਰਾਸ਼ਟਰ ਰਾਜ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ।
ਬੱਚਿਓ ! ਨਾਗਪੁਰ ਇੱਕ ਉੱਭਰਦਾ ਹੋਇਆ ਮਾਡਰਨ ਸ਼ਹਿਰ ਹੈ , ਜੋ ਕਿ ਆਪਣੇ ਇਨਫਰਾਸਟਰੱਕਚਰ , ਦੁਨੀਆਂ ਭਰ ਦੇ ਮਹਾਨ ਸਟੈਚੂਜ਼ , ਹਲਦੀਰਾਮ ਕੰਪਨੀ ਦੀ ਹੋਂਦ , ਸਿੱਖਿਆ , ਆਵਾਜਾਈ , ਸਿਹਤ ਸੁਵਿਧਾਵਾਂ , ਰੇਲਵੇ ਤੇ ਮੈਟਰੋ ਦੇ ਲਈ ਜਾਣਿਆ ਜਾਂਦਾ ਹੈ। ਬੱਚਿਓ ! ਨਾਗਪੁਰ ਦੀ ਭਾਸ਼ਾ ਮਰਾਠੀ ਹੈ। ਇਸ ਤੋਂ ਇਲਾਵਾ ਇੱਥੇ ਹਿੰਦੀ ਅਤੇ ਅੰਗਰੇਜ਼ੀ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਇੱਥੋਂ ਦਾ ਮੁੱਖ ਤਿਉਹਾਰ ਗਣੇਸ਼ ਚਤੁਰਥੀ ਹੈ।
ਤੁਹਾਨੂੰ ਦੱਸ ਦੇਈਏ ਕਿ ਨਾਗਪੁਰ ਨੂੰ ” ਹਾਰਟ ਆਫ਼ ਇੰਡੀਆ ” ਅਤੇ ” ਟਾਈਗਰ ਕੈਪੀਟਲ ਆਫ਼ ਇੰਡੀਆ ” ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਸ਼ਹਿਰ ਲਗਪਗ ਦੋ ਸੌ ਤੀਹ ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ। ਇੱਥੋਂ ਦੇ ਮਸ਼ਹੂਰ ਮਹਾਰਾਜਾ ਬਾਗ ਜੂ , ਰੇਲ ਮਿਊਜ਼ੀਅਮ , ਸੈਂਟਰਲ ਮਿਊਜ਼ੀਅਮ , ਰੋਜ਼ ਗਾਰਡਨ , ਦਰਗਾਹ ਆਦਿ ਵੀ ਬਹੁਤ ਹੀ ਮਸ਼ਹੂਰ ਤੇ ਦੇਖਣਯੋਗ ਸਥਾਨ ਹਨ। ਅੰਗਰੇਜ਼ੀ ਰਾਜ ਸਮੇਂ ਆਰ .ਬੀ .ਆਈ . (ਰਿਜ਼ਰਵ ਬੈਂਕ ਆਫ ਇੰਡੀਆ ) ਦਾ ਮੁੱਖ ਦਫ਼ਤਰ ਨਾਗਪੁਰ ਵਿਖੇ ਹੀ ਸੀ , ਪਰ ਅੱਜਕੱਲ੍ਹ ਰਿਜ਼ਰਵ ਬੈਂਕ ਆਫ ਇੰਡੀਆ ਦਾ ਮੁੱਖ ਦਫ਼ਤਰ ਮੁੰਬਈ ( ਮਹਾਰਾਸ਼ਟਰ ) ਵਿਖੇ ਹੈ।
ਅਜੋਕੇ ਸਮੇਂ ਰਿਜ਼ਰਵ ਬੈਂਕ ਆਫ਼ ਇੰਡੀਆ ਦਾ ਸੋਨਾ ਨਾਗਪੁਰ ਵਿਖੇ ਹੀ ਮਹਿਫੂਜ਼ ਰੱਖਿਆ ਜਾਂਦਾ ਹੈ। ਨਾਗਪੁਰ ਦਾ ਇਹ ਨਾਮ ਨਾਗ ਨਦੀ ਦੇ ਨਾਂ ਨਾਲ ਸੰਬੰਧ ਰੱਖਦਾ ਹੈ। ਇੱਥੋਂ ਦੀ ਨਗਰਪਾਲਿਕਾ ਦੇ ਚਿੰਨ੍ਹ ਵਿੱਚ ਇਸ ਨਦੀ ਅਤੇ ਨਾਗ ਸੱਪ ਦਾ ਚਿੰਨ੍ਹ ਦਰਜ ਹੈ। ਬੱਚਿਓ ! ਨਾਗਪੁਰ ਇੱਕ ਸੁਰੱਖਿਅਤ ਸ਼ਹਿਰ ਹੈ ਅਤੇ ਇੱਥੋਂ ਦੇ ਲਜ਼ੀਜ਼ ਸਵਾਦੀ ਅਤੇ ਭਾਂਤ – ਭਾਂਤ ਦੇ ਖਾਣੇ ਦੁਨੀਆਂ ਭਰ ਵਿਚ ਮਸ਼ਹੂਰ ਹਨ। ਸੰਤਰੇ ਦੀ ਭਰਪੂਰ ਅਤੇ ਵਧੀਆ ਪੈਦਾਵਾਰ ਲਈ ਨਾਗਪੁਰ ” ਸੰਤਰੇ ਦੀ ਨਗਰੀ ” ਦੇ ਨਾਂ ਨਾਲ ਸਮੁੱਚੀ ਦੁਨੀਆਂ ਵਿੱਚ ਮਸ਼ਹੂਰ ਹੈ।
ਲੇਖਕ ਮਾਸਟਰ ਸੰਜੀਵ ਧਰਮਾਣੀ .
ਸ੍ਰੀ ਅਨੰਦਪੁਰ ਸਾਹਿਬ .
9478561356 .