ਸ੍ਰੀ ਆਨੰਦਪੁਰ ਸਾਹਿਬ (ਸਮਾਜ ਵੀਕਲੀ) : ਇਥੇ ਸਿੱਖਾਂ ਦੇ ਕੌਮੀ ਤਿਉਹਾਰ ਹੋਲੇ ਮਹੱਲੇ ਮੌਕੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਮੁੱਖ ਧਰਮ ਧਰੁਵੀਕਰਨ ਕਰਨਾ ਹੈ ਤੇ ਉਹ ਆਪਣਾ ਧਰਮ ਬੰਗਾਲ ’ਚ ਵੀ ਨਿਭਾਅ ਰਹੀ ਹੈ ਤੇ ਪੰਜਾਬ ਵਿੱਚ ਵੀ ਨਿਭਾਉਗੀ। ਇਸ ਲਈ ਪੰਜਾਬ ਦੇ ਸਮੂਹ ਸਿੱਖਾਂ ਨੂੰ ਇਸ ਨੂੰ ਬੁਹਤ ਗੰਭੀਰਤਾ ਨਾਲ ਸੁਚੇਤ ਹੋਣ ਦੀ ਲੋੜ ਹੈ।
ਪੰਜਾਬ ਅਤੇ ਕੇਂਦਰ ਦਰਮਿਆਨ ਟਕਰਾਅ ਵਾਲੀ ਸਥਿਤੀ ਬਾਰੇ ਜਥੇਦਾਰ ਨੇ ਕਿਹਾ ਕਿ ਪੰਜਾਬ ਦਾ ਬੁਹਤ ਜ਼ਿਆਦਾ ਨੁਕਸਾਨ ਆਰਥਿਕ ਤੇ ਸਮਾਜਿਕ ਤੌਰ ’ਤੇ ਹੋ ਚੁੱਕਾ ਹੈ ਤੇ ਹੋਰ ਵੀ ਨੁਕਸਾਨ ਹੋਣ ਦੀ ਸੰਭਾਵਨਾ ਹੈ। ਇਸ ਲਈ ਅੰਦੋਲਨ ਨੂੰ ਬੁਹਤ ਹੀ ਸਮਝਦਾਰੀ ਦੇ ਨਾਲ ਚਲਾਉਣ ਦੀ ਲੋੜ ਹੈ ਤਾਂ ਜੋ ਭਾਈਚਾਰਕ ਸਾਂਝ ਬਰਕਰਾਰ ਰਹੇ, ਜਿੱਥੋਂ ਤੱਕ ਜਮਹੂਰੀ ਨੁਮਾਇੰਦਿਆਂ ਦੀ ਕੁੱਟਮਾਰ ਦੀ ਗੱਲ ਹੈ ਤਾਂ ਉਹ ਗ਼ਲਤ ਹੈ ਕਿਉਂਕਿ ਸੱਭਿਅਕ ਮਨੁੱਖ ਅਜਿਹੀਆਂ ਘਟਨਾਵਾਂ ਨੂੰ ਸਹੀ ਨਹੀਂ ਆਖ ਸਕਦਾ ਹੈ। ਇਨ੍ਹਾਂ ਘਟਨਾਵਾਂ ਨਾਲ ਅੰਦੋਲਨ ਕਮਜ਼ੋਰ ਹੁੰਦਾ ਹੈ ਤੇ ਸਰਕਾਰ ਦੀ ਜਿੱਤ ਹੁੰਦੀ ਹੈ।