ਬੇਅਦਬੀ ਮਾਮਲਾ
* ਸੀਬੀਆਈ ਨਵੇਂ ਸਿਰਿਓਂ ਜਾਂਚ ਕਰੇਗੀ
* ਸ਼ਿਕਾਇਤਕਰਤਾਵਾਂ ਵੱਲੋਂ ਜਾਂਚ ਮੁੜ ਪੰਜਾਬ ਪੁਲੀਸ ਹਵਾਲੇ ਕਰਨ ਦੀ ਮੰਗ
ਬੇਅਦਬੀ ਮਾਮਲਿਆਂ ਸਬੰਧੀ ਜਾਰੀ ਜਾਂਚ ਤੋਂ ਸੀਬੀਆਈ ਨੇ ਅਚਾਨਕ ਵਧੀਕ ਐੱਸਪੀ ਪੀ. ਚੱਕਰਵਰਤੀ ਨੂੰ ਲਾਂਭੇ ਕਰ ਦਿੱਤਾ ਹੈ। ਹੁਣ ਇਸ ਕੇਸ ਦੀ ਪੈਰਵੀ ਨਵੇਂ ਜਾਂਚ ਅਧਿਕਾਰੀ ਸੀਬੀਆਈ ਦੇ ਵਧੀਕ ਐੱਸਪੀ ਅਨਿਲ ਯਾਦਵ ਕਰਨਗੇ। ਸੀਬੀਆਈ ਨੇ ਇਸ ਕੇਸ ਦੀ ਪਹਿਲਾਂ ਤੋਂ ਜਾਂਚ ਕਰ ਰਹੀ ਸਮੁੱਚੀ ਟੀਮ ਨੂੰ ਹੀ ਬਦਲ ਦਿੱਤਾ ਹੈ ਤੇ ਨਵੀਂ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦਾ ਗਠਨ ਕੀਤਾ ਹੈ।
ਕਲੋਜ਼ਰ ਰਿਪੋਰਟ ਅਤੇ ਨਵੇਂ ਸਿਰਿਓਂ ਜਾਂਚ ਲਈ ਦਾਇਰ ਅਰਜ਼ੀ ’ਤੇ ਅੱਜ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਸੁਣਵਾਈ ਹੋਈ। ਇਸ ਦੌਰਾਨ ਜਿਵੇਂ ਹੀ ਜੱਜ ਨੇ ਕੇਸ ਦੀ ਸੁਣਵਾਈ ਸ਼ੁਰੂ ਕੀਤੀ ਤਾਂ ਸੀਬੀਆਈ ਦੇ ਵਕੀਲ ਅਤੇ ਵਧੀਕ ਐੱਸਪੀ ਅਨਿਲ ਯਾਦਵ ਨੇ ਅਦਾਲਤ ਨੂੰ ਦੱਸਿਆ ਕਿ ਉਹ ਸੀਬੀਆਈ ਦੇ ਨਵੇਂ ਜਾਂਚ ਅਧਿਕਾਰੀ ਹਨ। ਇਸ ਕੇਸ ਬਾਰੇ ਉਨ੍ਹਾਂ ਨੂੰ ਬਹੁਤੀ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਉਹ ਹੁਣ ਤੱਕ ਦੀ ਪੜਤਾਲ ਤੋਂ ਵਾਕਿਫ਼ ਹਨ। ਇਹੀ ਨਹੀਂ ਉਨ੍ਹਾਂ ਨੂੰ ਪੂਰੇ ਦਸਤਾਵੇਜ਼ ਵੀ ਨਹੀਂ ਮਿਲੇ ਹਨ। ਇਸ ਕਰ ਕੇ ਉਨ੍ਹਾਂ (ਨਵੇਂ ਜਾਂਚ ਅਧਿਕਾਰੀ) ਨੂੰ ਘੱਟੋ-ਘੱਟ ਇਕ ਮਹੀਨੇ ਦੀ ਮੋਹਲਤ ਦਿੱਤੀ ਜਾਵੇ। ਅਦਾਲਤ ਨੇ ਉਨ੍ਹਾਂ ਦੀ ਦਲੀਲ ਸੁਣ ਕੇ ਸੀਬੀਆਈ ਦੇ ਨਵੇਂ ਜਾਂਚ ਅਧਿਕਾਰੀ ਨੂੰ ਆਪਣੇ ਬਿਆਨ ਦਰਜ ਕਰਵਾਉਣ ਲਈ ਕਿਹਾ ਤੇ ਵਧੀਕ ਐੱਸਪੀ ਨੇ ਖੁੱਲ੍ਹੀ ਅਦਾਲਤ ਵਿੱਚ ਜਾਣਕਾਰੀ ਸਬੰਧੀ ਆਪਣੇ ਬਿਆਨ ਦਰਜ ਕਰਵਾਏ। ਅਦਾਲਤ ਨੇ ਕੇਸ ਦੀ ਸੁਣਵਾਈ 30 ਅਕਤੂਬਰ ਤੱਕ ਟਾਲ ਦਿੱਤੀ। ਇਸ ਮੌਕੇ ਤਿੰਨ ਸ਼ਿਕਾਇਤਕਰਤਾ- ਪਿੰਡ ਬਰਗਾੜੀ ਸਥਿਤ ਗੁਰਦੁਆਰੇ ਦੇ ਮੈਨੇਜਰ ਗਿਆਨੀ ਕੁਲਵਿੰਦਰ ਸਿੰਘ, ਸਿੱਖ ਆਗੂ ਰਣਜੀਤ ਸਿੰਘ ਬੁਰਜ ਸਿੰਘ ਵਾਲਾ ਅਤੇ ਗ੍ਰੰਥੀ ਗੋਰਾ ਸਿੰਘ ਅਤੇ ਉਨ੍ਹਾਂ ਦੇ ਵਕੀਲ ਵੀ ਹਾਜ਼ਰ ਸਨ।
ਰਾਮਪੁਰਾ ਫੂਲ ਤੋਂ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਨੇ ਸੁਣਵਾਈ ਮੌਕੇ ਜੱਜ ਅੱਗੇ ਪੇਸ਼ ਹੋ ਕੇ ਬੇਅਦਬੀ ਕਾਂਡ ਮਾਮਲੇ ਸਬੰਧੀ ਵੱਖ-ਵੱਖ ਪਹਿਲੂਆਂ ’ਤੇ ਚਾਨਣਾ ਪਾਉਂਦਿਆਂ ਜਦ ਆਪਣੀਆਂ ਦਲੀਲਾਂ ਦੇਣੀਆਂ ਸ਼ੁਰੂ ਕੀਤੀਆਂ ਤਾਂ ਜੱਜ ਨੇ ਵਿਚੋਂ ਟੋਕਦਿਆਂ ਕਿਹਾ ਕਿ ਸਮਾਂ ਆਉਣ ’ਤੇ ਉਨ੍ਹਾਂ ਨੂੰ ਆਪਣੀ ਗੱਲ ਕਹਿਣ ਦਾ ਪੂਰਾ ਮੌਕਾ ਦਿੱਤਾ ਜਾਵੇਗਾ।
ਇਸ ਮੌਕੇ ਸ਼ਿਕਾਇਤਕਰਤਾਵਾਂ ਰਣਜੀਤ ਸਿੰਘ ਬੁਰਜ ਸਿੰਘ ਵਾਲਾ ਅਤੇ ਗ੍ਰੰਥੀ ਗੋਰਾ ਸਿੰਘ ਦੇ ਵਕੀਲ ਨੇ 200 ਪੰਨਿਆਂ ਦਾ ਜਵਾਬ ਦਾਖ਼ਲ ਕਰਦਿਆਂ ਸੀਬੀਆਈ ਦੀ ਕਾਰਗੁਜ਼ਾਰੀ ’ਤੇ ਪ੍ਰਸ਼ਨ-ਚਿੰਨ੍ਹ ਲਾਉਂਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਮੁੜ ਤੋਂ ਪੰਜਾਬ ਪੁਲੀਸ ਦੀ ‘ਸਿੱਟ’ ਹਵਾਲੇ ਹੋਣੀ ਚਾਹੀਦੀ ਹੈ। ਉਨ੍ਹਾਂ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਬਾਰੇ ਕਿਹਾ ਕਿ ਉਨ੍ਹਾਂ ਨੂੰ ਸੁਣਵਾਈ ਦੌਰਾਨ ਕੁਝ ਵੀ ਕਹਿਣ ਦਾ ਹੱਕ ਤੇ ਅਧਿਕਾਰ ਨਹੀਂ ਹੈ, ਕਿਉਂਕਿ ਜਦੋਂ ਹੇਠਲੀਆਂ ਅਦਾਲਤਾਂ ਵਿੱਚ ਸੁਣਵਾਈ ਚੱਲ ਰਹੀ ਸੀ ਅਤੇ ਗਵਾਹੀਆਂ ਹੋ ਰਹੀਆਂ ਸਨ ਤਾਂ ਉਦੋਂ ਕੋਈ ਗਵਾਹੀ ਦੇਣ ਲਈ ਅੱਗੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਹੁਣ ਸਿਆਸੀ ਲਾਹਾ ਲੈਣ ਲਈ ਇਹ ਸਭ ਕੀਤਾ ਜਾ ਰਿਹਾ ਹੈ।