ਇਮਰਾਨ ਵੱਲੋਂ ਕਸ਼ਮੀਰ ਬਾਰੇ ਫ਼ਿਕਰ ਜ਼ਾਹਿਰ

ਸੰਯੁਕਤ ਰਾਸ਼ਟਰ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅੱਜ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਭਾਰਤ ਵੱਲੋਂ ਕਸ਼ਮੀਰ ਵਿਚ ਆਇਦ ਪਾਬੰਦੀਆਂ ਦੇ ਮੱਦੇਨਜ਼ਰ ਜੰਗ ਵੀ ਹੋ ਸਕਦੀ ਹੈ। ਉਨ੍ਹਾਂ ਦਾ ਇਹ ਬਿਆਨ ਉਸ ਵੇਲੇ ਆਇਆ ਹੈ ਜਦ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਮਿੱਤਰਤਾ ਸਿਖ਼ਰਾਂ ਛੂਹ ਰਹੀ ਹੈ ਤੇ ਟਰੰਪ ਮੋਦੀ ਦੀ ਤੁਲਨਾ ਅਮਰੀਕੀ ਰੌਕਸਟਾਰ ਐਲਵਿਸ ਪ੍ਰੈੱਸਲੇ ਨਾਲ ਕਰ ਰਹੇ ਹਨ। ਇਮਰਾਨ ਨੇ ਸਖ਼ਤ ਲਹਿਜ਼ੇ ਵਿਚ ਕਿਹਾ ਕਿ 50 ਦਿਨ ਤੋਂ ਨੌਂ ਲੱਖ ਫ਼ੌਜੀਆਂ ਨੇ ਕਸ਼ਮੀਰੀਆਂ ਨੂੰ ਘਰਾਂ ਵਿਚ ਡੱਕਿਆ ਹੋਇਆ ਹੈ। ਉਨ੍ਹਾਂ ਧੜਾਧੜ ਗ੍ਰਿਫ਼ਤਾਰੀਆਂ, ਬੰਦ ਹਸਪਤਾਲਾਂ ਤੇ ਮੀਡੀਆ ਪਾਬੰਦੀਆਂ ਦਾ ਵੀ ਜ਼ਿਕਰ ਕੀਤਾ। ਇਮਰਾਨ ਨੇ ਕਿਹਾ ਕਿ 80 ਲੱਖ ਲੋਕਾਂ ਨੂੰ ਅਜੋਕੇ ਸਮੇਂ ਇਕ ਖੁੱਲ੍ਹੀ ਜੇਲ੍ਹ ਵਿਚ ਰੱਖੇ ਜਾਣ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਵੱਡੀ ਚਿੰਤਾ ਤਾਂ ਇਹ ਹੈ ਕਿ ਜਦ ਕਰਫ਼ਿਊ ਹਟੇਗਾ ਫਿਰ ਕੀ ਬਣੇਗਾ? ਇਮਰਾਨ ਨੇ ਕਿਹਾ ਕਿ ਦੋ ਪ੍ਰਮਾਣੂ ਹਥਿਆਰਾਂ ਨਾਲ ਲੈਸ ਤਾਕਤਾਂ ਕਿਸੇ ਵੇਲੇ ਵੀ ਆਹਮੋ-ਸਾਹਮਣੇ ਹੋ ਸਕਦੀਆਂ ਹਨ।
ਇਸ ਤੋਂ ਪਹਿਲਾਂ ਇਮਰਾਨ ਖ਼ਾਨ ਨੇ ਅੱਜ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਉਨ੍ਹਾਂ ਨੂੰ ਅਮਰੀਕਾ-ਇਰਾਨ ਰਿਸ਼ਤਿਆਂ ਵਿੱਚ ਜਾਰੀ ਤਲਖ਼ੀ ਘਟਾਉਣ ਲਈ ‘ਸਾਲਸ’ ਦੀ ਭੂਮਿਕਾ ਨਿਭਾਉਣ ਲਈ ਕਿਹਾ ਹੈ। ਹਾਲਾਂਕਿ ਅਮਰੀਕੀ ਸਦਰ ਨੇ ਮਗਰੋਂ ਸਾਫ਼ ਕਰ ਦਿੱਤਾ ਕਿ ਉਨ੍ਹਾਂ ਕੋਲ ਇਹ ਤਜਵੀਜ਼ ਲੈ ਕੇ ਖ਼ਾਨ ਆਇਆ ਸੀ ਤੇ ਅਜੇ ਇਸ ਬਾਰੇ ਕੁਝ ਵੀ ਅੰਤਮ ਨਹੀਂ।

Previous articleSenior Cong leaders to meet Shivakumar in jail
Next articleਸੀਬੀਆਈ ਵੱਲੋਂ ਜਾਂਚ ਅਧਿਕਾਰੀ ਤਬਦੀਲ