ਸਾਡਾ ਧਰਮ ਕੀ ਹੋਵੇਗਾ; ਆਦਿ ਧਰਮ, ਬੁੱਧ ਜਾਂ ਰਵਿਦਾਸੀਆ ?

(ਸਮਾਜ ਵੀਕਲੀ)

2021 ਦੀ ਮਰਦਮਸ਼ੁਮਾਰੀ ਵਿਚ “ਚਮਾਰ” ਜਾਤੀ ਦਾ ਧਰਮ ਕੀ ਹੋਵੇਗਾ ? ਇਸ ਸਵਾਲ ਤੇ ਪੰਜਾਬ ‘ਚ ਫਿਰ ਵਿਵਾਦ ਛਿੜ ਗਿਆ ਹੈ।

ਲਹਿੰਦੇ ਪੰਜਾਬ ‘ਚ ਇਹ ਜਾਤੀ ਵੱਡੀ ਗਿਣਤੀ ਵਿਚ ਇਸਲਾਮ ਅਤੇ ਚੜ੍ਹਦੇ ਪੰਜਾਬ ‘ਚ ਸਿੱਖ ਧਰਮ ਅਪਣਾ ਚੁਕੀ ਹੈ।

ਲੇਕਨ ਪੰਜਾਬ ਦੇ ਕੁੱਝ ਖੇਤਰਾਂ ‘ਚ ਇਨ੍ਹਾਂ ਦੀ ਗਿਣਤੀ ਹਿੰਦੂ ਧਰਮ ਵਿਚ ਹੁੰਦੀ ਆਈ ਹੈ, ਖਾਸ ਕਰ ਦੁਆਬੇ ‘ਚ।

1920 ਦੇ ਕਰੀਬ, ਬਾਬੂ ਮੰਗੂ ਰਾਮ ਮੁੱਗੋਵਾਲੀਆ ਦੀ ਅਗਵਾਈ ‘ਚ “ਆਦਿ ਧਰਮ ਮੰਡਲ” ਦੀ ਸਥਾਪਨਾ ਹੋਈ। 1931 ਦੀ ਮਰਦਮਸ਼ੁਮਾਰੀ ‘ਚ 418,789 ਲੋਕਾਂ ਨੇ ਆਪਣਾ ਧਰਮ, “ਹਿੰਦੂ” ਦੀ ਬਜਾਇ “ਆਦਿ ਧਰਮੀ” ਐਲਾਨਿਆ। ਇਸ ਵਿਚ ਅਛੂਤ ਸਮਝਿਆਂ ਜਾਣ ਵਾਲੀਆਂ ਕੁਝ ਹੋਰ ਜਾਤਾਂ ਵੀ ਸ਼ਾਮਿਲ ਹੋਈਆਂ।

ਇਹ ਲਹਿਰ ਜ਼ਿਆਦਾ ਦੇਰ ਨਹੀਂ ਚੱਲ ਸਕੀ। “ਆਦਿ ਧਰਮ” ਦੀ ਵੱਖਰੇ ਧਰਮ ਵਜੋਂ ਮਾਨਤਾ ਖਤਮ ਕਰ ਦਿੱਤੀ ਗਈ। ਇਸ ਨੂੰ “ਹਿੰਦੂ ਧਰਮ” ਦੇ ਤਹਿਤ, ਇਕ SC ਜਾਤ ਮੰਨਿਆ ਜਾਣ ਲੱਗ ਪਿਆ।

ਅੱਗੇ ਚੱਲਕੇ ਅਛੂਤ ਜਾਤਾਂ ਦੀ ਅਗਵਾਈ, ਕੌਮੀ ਪੱਧਰ ਤੇ ਬਾਬਾਸਾਹਿਬ ਅੰਬੇਡਕਰ ਨੇ ਕੀਤੀ। 14 ਅਕਤੂਬਰ, 1956 ਨੂੰ ਉਨ੍ਹਾਂ ਨੇ ਆਪਣੇ ਲੱਖਾਂ ਪੈਰੋਕਾਰਾਂ ਨਾਲ – ਨਾਗਪੁਰ, ਮਹਾਰਾਸ਼ਟਰ ਵਿਖੇ “ਬੁੱਧ ਧਰਮ” ਵਿਚ ਦੀਕਸ਼ਾ ਲਈ। ਉਨ੍ਹਾਂ ਦਾ ਮੰਨਣਾ ਸੀ ਕਿ ਜੇਕਰ ਅਸੀਂ ਭਾਰਤ ਵਿੱਚੋਂ ਬ੍ਰਾਹਮਣਵਾਦੀ ਜਾਤ-ਪਾਤ ਦਾ ਖਾਤਮਾ ਕਰਨਾ ਹੈ ਤਾਂ ਸਾਨੂੰ ਇਹ ਕਦਮ ਚੁੱਕਣਾ ਪਵੇਗਾ।

ਇਸ ਦਾ ਅਸਰ ਪੰਜਾਬ ‘ਚ ਹੋਇਆ। 1961 ਦੀ ਮਰਦਮਸ਼ੁਮਾਰੀ ‘ਚ ਪਹਿਲੀ ਵਾਰ ਕੁਝ ਲੋਕਾਂ ਨੇ “ਬੁੱਧ ਧਰਮ” ਅਪਣਾਇਆ। ਲੇਕਨ “ਆਦਿ ਧਰਮ” ਵਾਂਗ, ਇਹ ਲਹਿਰ ਵੀ ਪੰਜਾਬ ‘ਚ ਸਫਲ ਨਹੀਂ ਹੋ ਸਕੀ। ਅੱਧੀ ਸਦੀ ਬਾਅਦ ਵੀ ਇਹ ਗਿਣਤੀ ਹਜ਼ਾਰਾਂ ‘ਚ ਹੀ ਹੈ।

24 ਮਈ 2009 ਨੂੰ ਯੂਰੋਪ ‘ਚ ਇਕ ਐਸੀ ਘਟਨਾ ਵਾਪਰੀ, ਜਿਸ ਨੇ ਇਸ ਸਾਰੇ ਵਿਵਾਦ ਨੂੰ ਨਵਾਂ ਮੋੜ ਦੇ ਦਿੱਤਾ।

ਡੇਰਾ ਬੱਲਾਂ, ਇਸ ਸਮਾਜ ਦਾ ਪ੍ਰਮੁੱਖ ਡੇਰਾ ਮੰਨਿਆ ਜਾਂਦਾ ਹੈ। ਇਸ ਦੇ ਸੰਤ ਰਾਮਾਨੰਦ ਜੀ ਦਾ ਕੁਝ ਕੱਟੜਵਾਦੀ ਸਿੱਖਾਂ ਵਲੋਂ ਧਾਰਮਿਕ ਵਿਵਾਦ ਕਰਕੇ, ਆਸਟਰੀਆ ਦੀ ਰਾਜਧਾਨੀ ਵਿਆਨਾ ਵਿਖੇ ਕਤਲ ਕਰ ਦਿੱਤਾ ਗਿਆ।

ਵੱਖਰੇ ਧਰਮ ਦਾ ਪੁਰਾਣਾ ਮਸਲਾ ਫਿਰ ਤੋਂ ਉੱਠ ਖੜਿਆ। ਬੱਲਾਂ ਡੇਰੇ ਵਲੋਂ “ਰਵਿਦਾਸੀਆ ਧਰਮ” ਦਾ ਐਲਾਨ ਹੋਇਆ। ਪਰ 2011 ਦੀ ਮਰਦਮਸ਼ੁਮਾਰੀ ਵਿਚ ਇਸ ਨੂੰ ਮਾਨਤਾ ਨਹੀਂ ਮਿਲੀ। ਧਰਮ ਦੇ ਤੌਰ ਤੇ ਗਿਣਤੀ ਫਿਰ ਹਿੰਦੂਆਂ ‘ਚ ਹੋਈ।

ਹੁਣ 2021 ਦੀ ਮਰਦਮਸ਼ੁਮਾਰੀ ਨੂੰ ਲੈਕੇ ਉਲਝਣ ਬਣੀ ਹੋਈ ਹੈ।

ਡੇਰਾ ਬੱਲਾਂ ਅਤੇ ਉਸ ਨਾਲ ਜੁੜੇ ਕੁਝ ਡੇਰੇ “ਰਵਿਦਾਸੀਆ ਧਰਮ” ਦੇ ਹੱਕ ਵਿਚ ਹਨ। ਦੁਆਬੇ ਦੇ ਬਹੁਤ ਸਾਰੇ ਸਤਿਗੁਰੂ ਰਵਿਦਾਸ ਨਾਮ ਲੇਵਾ ਡੇਰੇ, ਦੁਬਾਰਾ “ਆਦਿ ਧਰਮ” ਅਪਣਾਉਣਾ ਚਾਹੁੰਦੇ ਹਨ; ਬਾਬਾਸਾਹਿਬ ਅੰਬੇਡਕਰ ਦੀਆਂ ਸਿਖਿਆਵਾਂ ਨਾਲ ਜੁੜੇ ਲੋਕ “ਬੁੱਧ ਧਰਮ”।

ਇਹ ਵੀ ਕਿਹਾ ਜਾ ਰਿਹਾ ਹੈ ਕਿ “ਆਦਿ ਧਰਮ” ਅਤੇ “ਰਵਿਦਾਸੀਆ ਧਰਮ” ਨੂੰ ਕਾਨੂੰਨੀ ਮਾਨਤਾ ਨਹੀਂ ਹੈ।

ਬਾਬੂ ਮੰਗੂ ਰਾਮ, ਬਾਬਾਸਾਹਿਬ ਅੰਬੇਡਕਰ ਤੋਂ ਬਾਅਦ; ਇਸ ਸਮਾਜ ਦੀ ਅਗਵਾਈ ਸਾਹਿਬ ਕਾਂਸ਼ੀ ਰਾਮ ਨੇ ਕੀਤੀ।

ਪੰਜਾਬ ਵਿਚ ਚੱਲ ਰਹੇ ਇਸ ਧਾਰਮਿਕ ਵਿਵਾਦ ਤੋਂ ਉਹ ਜਾਣੂ ਸਨ।

2001 ਦੀ ਮਰਦਮਸ਼ੁਮਾਰੀ ਦੇ ਸਮੇਂ ਉਹ ਖੁਦ ਪੰਜਾਬ ਵਿਚ ਮੌਜੂਦ ਸੀ। “ਆਦਿ ਧਰਮ” ਲਹਿਰ ਨਾਲ ਜੁੜੇ ਕੁਝ ਲੋਕਾਂ ਨੇ ਉਨ੍ਹਾਂ ਨੂੰ ਸ਼ਿਕਾਇਤ ਕੀਤੀ ਕਿ ਸਰਕਾਰ ਨੇ ਮਰਦਮਸ਼ੁਮਾਰੀ ਦੇ ਜੋ ਫਾਰਮ ਭੇਜੇ ਹਨ, ਉਨ੍ਹਾਂ ਵਿਚ “ਆਦਿ ਧਰਮ” ਦਾ ਵੱਖਰਾ ਕਾਲਮ ਹੀ ਨਹੀਂ ਹੈ। ਤੁਸੀਂ ਇਸ ਮਸਲੇ ਤੇ ਕੁਝ ਕਰੋ ?

ਉਨ੍ਹਾਂ ਦਾ ਜਵਾਬ ਸੀ ਕਿ ਸਾਡੇ ਬੁਜ਼ੁਰਗਾਂ ਨੇ ਕਾਫੀ ਸਮਾਂ ਪਹਿਲਾਂ ਬ੍ਰਾਹਮਣਵਾਦ ਦੇ ਖਿਲਾਫ ਬਗਾਵਤ ਕੀਤੀ ਸੀ, ਤੁਸੀਂ ਉਸ ਨੂੰ ਖਤਮ ਕਰਤਾ। ਬ੍ਰਾਹਮਣਵਾਦੀ ਹਾਕਮਾਂ ਨੇ ਇਸ ਦਾ ਫਾਇਦਾ ਚੁੱਕਦਿਆਂ, ਤੁਹਾਡੀ ਵੱਖਰੇ ਧਰਮ ਦੀ ਪਛਾਣ ਖਤਮ ਕਰਤੀ ਅਤੇ ਤੁਹਾਨੂੰ ਵਾਪਸ ਹਿੰਦੂ ਬਣਾਤਾ।

“ਬੁੱਧ ਧਰਮ” ਅਪਨਾਉਣ ਵਾਰੇ ਵੀ ਉਨ੍ਹਾਂ ਨੂੰ ਸਵਾਲ ਕੀਤੇ ਜਾਂਦੇ ਰਹੇ।

ਉਨ੍ਹਾਂ ਦੀ ਸੋਚ ਸੀ ਕਿ ਜੇਕਰ ਅਸੀਂ ਧਰਮ ਬਦਲਣਾ ਹੈ ਤਾਂ ਇਹ ਇਕੱਠੀਆਂ ਹੋਣਾ ਚਾਹੀਦਾ ਹੈ। ਪੂਰੇ ਸਮਾਜ ਦੀ ਇਸ ਤੇ ਸਹਿਮਤੀ ਹੋਣੀ ਚਾਹੀਦੀ ਹੈ, ਇੱਕ ਰਾਏ ਹੋਣੀ ਚਾਹੀਦੀ ਹੈ। ਇੰਝ ਨ ਹੋਵੇ ਕਿ ਅਸੀਂ ਥੋੜੀ-ਥੋੜੀ ਗਿਣਤੀ ਵਿਚ ਅਲੱਗ-ਅਲੱਗ ਧਰਮ ਅਪਣਾਉਂਦੇ ਰਹੀਏ। ਇਸ ਤਰ੍ਹਾਂ ਸਾਡੀ ਤਾਕਤ, ਸਾਡੀ ਗਿਣਤੀ ਵੰਡੀ ਜਾਏਗੀ; ਅਸੀਂ ਇਕ ਨਵੀ ਮੁਸੀਬਤ ਖੜ੍ਹੀ ਕਰ ਲਵਾਂਗੇ।

ਇੱਕ ਧਰਮ ਦੀ ਬਜਾਏ, ਅੱਜ ਤਿੰਨ ਧਰਮਾਂ ਨੂੰ ਅਪਨਾਉਣ ਦੀ ਅਲੱਗ-ਅਲੱਗ ਡੇਰਿਆਂ ਅਤੇ ਸੰਸਥਾਵਾਂ ਵਲੋਂ ਅਪੀਲ ਹੋ ਰਹੀ ਹੈ। ਮਾਝਾ-ਮਾਲਵਾ ਪਹਿਲਾਂ ਹੀ ਸਿੱਖ ਧਰਮ ਨਾਲ ਜੁੜਿਆ ਹੋਇਆ ਹੈ। ਪੰਜਾਬ ਦੀ ਚਮਾਰ ਜਾਤੀ, ਇੱਕਜੁੱਟ ਹੋਣ ਦੇ ਉਲਟ 4 ਧਰਮਾਂ ਵਿੱਚ ਵੰਡੀ ਜਾ ਸਕਦੀ ਹੈ।

ਇਸ ਤਰ੍ਹਾਂ ਸਾਡੀ ਤਾਕਤ ਵਿਚ ਵਾਧਾ ਹੋਵੇਗਾ ਜਾਂ ਘਾਟਾ, ਇਹ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।

ਸਤਵਿੰਦਰ ਮਦਾਰਾ

Previous articleCovid 19 and Furthering of Sectarian Agenda in Education
Next articleਇੰਜੀਨੀਅਰ ਤੇ ਗਾਇਕੀ ਦਾ ਸੁਮੇਲ ਪਰਮਿੰਦਰ ਅਲਬੇਲਾ