ਬੰਗਲੂਰੂ (ਸਮਾਜ ਵੀਕਲੀ): ਉਪ ਰਾਸ਼ਟਰਪਤੀ ਐੱਮ. ਵੈਂਕੱਈਆ ਨਾਇਡੂ ਨੇ ਅੱਜ ਕਿਹਾ ਕਿ ਗੁੰਝਲਦਾਰ ਭੂ-ਰਾਜਨੀਤੀ ਦੇ ਮੱਦੇਨਜ਼ਰ ਭਾਰਤ ਦੀ ਰੱਖਿਆ ਨੂੰ ਮਜ਼ਬੂਤ ਕਰਨ ਲਈ ਸਵਦੇਸ਼ੀ ਰੂਪ ’ਚ ਅਤਿ-ਆਧੁਨਿਕ ਤਕਨੀਕਾਂ ਵਿਕਸਤ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਸ੍ਰੀ ਨਾਇਡੂ ਨੇ ਅੱਜ ਕਰਨਾਟਕ ਦੇ ਰਾਜਪਾਲ ਥਾਵਰਚੰਦ ਗਹਿਲੋਤ ਨਾਲ ਹਵਾਈ ਸਾਜ਼ੋ-ਸਾਮਾਨ ਤਿਆਰ ਕਰਨ ਵਾਲੀ ਸਰਕਾਰੀ ਮਾਲਕੀ ਵਾਲੀ ਹਿੰਦੁਸਤਾਨ ਏਅਰੋਨਾਟਿਕਸ ਲਿਮੀਟਿਡ (ਐੱਚਏਐੱਲ) ਕੰਪਨੀ ਦਾ ਪਹਿਲੀ ਵਾਰ ਦੌਰਾ ਕੀਤਾ।
ਉਪ ਰਾਸ਼ਟਰਪਤੀ ਨੇ ਐੱਚੲੇਐੱਲ ਅਤੇ ਏਅਰੋਨਾਟੀਕਲ ਡਿਵੈੱਲਪਮੈਂਟ ਏਜੰਸੀ (ਏਡੀਏ) ਦੇ ਸੀਨੀਅਰ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ, ‘ਏਅਰੋਸਪੇਸ ਅਤੇ ਰੱਖਿਆ ਦਾ ਪ੍ਰਭਾਵਸ਼ਾਲੀ ਢਾਂਚਾ ਦੇਖਣ ਮਗਰੋਂ ਮੈਨੂੰ ਆਪਣੇ ਦੇਸ਼ ਦੀ ਰੱਖਿਆ ਅਤੇ ਸੁਰੱਖਿਆ ਸਬੰਧੀ ਯਕੀਨ ਹੋ ਗਿਆ ਹੈ।’ ਬਿਆਨ ਮੁਤਾਬਕ ਉਨ੍ਹਾਂ ਨੇ ਐੱਚੲੇਐੱਲ ਦੀ ਕਈ ਰੱਖਿਆ ਪ੍ਰਾਜੈਕਟਾਂ ਲਈ ਚੱਲ ਰਹੀ ਜਨਤਕ-ਨਿੱਜੀ ਭਾਈਵਾਲੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਗੁੰਝਲਦਾਰ ਭੂ-ਰਾਜਨੀਤੀ ਦੇ ਮੱਦੇਨਜ਼ਰ ਭਾਰਤ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਸਵਦੇਸ਼ੀ ਤੌਰ ’ਤੇ ਅਤਿ-ਆਧੁਨਿਕ ਤਕਨੀਕਾਂ ਵਿਕਸਤ ਕਰਨ ਲਈ ਸਾਰੇ ਯਤਨ ਕੀਤੇ ਜਾਣੇ ਚਾਹੀਦੇ ਹਨ।
ਸ੍ਰੀ ਨਾਇਡੂ ਨੇ ਕਿਹਾ ਕਿ ਉਨ੍ਹਾਂ ਨੂੰ ਭਵਿੱਖ ’ਚ ਭਾਰਤ ਦੇ ਹਵਾਈ ਅਤੇ ਰੱਖਿਆ ਖੇਤਰ ਵਿੱਚ ਆਤਮਨਿਰਭਰ ਬਣਨ ਦਾ ਸੁਫ਼ਨਾ ਪੂੁਰਾ ਕਰਨ ’ਚ ਐੱਚੲੇਐੱਲ ਵੱਲੋਂ ਅਹਿਮ ਭੂਮਿਕਾ ਨਿਭਾਏ ਜਾਣ ਦੀ ਉਮੀਦ ਹੈ। ਉਪ ਰਾਸ਼ਟਰਪਤੀ ਨੇ ਕਿਹਾ, ‘ਕੰਪਨੀ ਨੇ ਆਪਣੀ ਸਥਾਪਨਾ ਤੋਂ ਬਾਅਦ ਪਿਛਲੇ 80 ਸਾਲਾਂ ਵਿੱਚ ਜੋ ਭੂਮਿਕਾ ਨਿਭਾਈ ਹੈ, ਮੈਨੂੰ ਉਸ ’ਤੇ ਮਾਣ ਹੈ।’ ਉਨ੍ਹਾਂ ਕਿਹਾ, ‘ਮੈਨੂੰ ਖ਼ੁਸ਼ੀ ਹੈ ਕਿ ਭਾਰਤ ਵਿੱਚ ਬਣੇ ਲੜਾਕੂ ਜਹਾਜ਼ ਐੱਲਸੀਏ ਤੇਜਸ ਦਾ ਵੱਡੀ ਗਿਣਤੀ ’ਚ ਨਿਰਮਾਣ ਹੋਵੇਗਾ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly