ਸਰਦੂਲਗੜ੍ਹ: ਨਿਊ ਢੰਡਾਲ ਨਹਿਰ ’ਚ ਡੇਢ ਮਹੀਨੇ ਬਾਅਦ ਮੁੜ ਪਾੜ: 100 ਏਕੜ ਵਿੱਚ ਪਾਣੀ ਭਰਿਆ

ਸਰਦੂਲਗੜ੍ਹ (ਸਮਾਜ ਵੀਕਲੀ) :  ਭਾਖੜਾ ਮੇਨ ਬ੍ਰਾਂਚ ’ਚੋਂ ਫਤਿਹਪੁਰ ਹੈੱਡ ਤੋਂ ਨਿਕਲਣ ਵਾਲੀ ਨਿਊ ਢੰਡਾਲ ਨਹਿਰ ਵਿੱਚ ਪੂਰੇ ਡੇਢ ਮਹੀਨੇ ਬਾਅਦ ਫਿਰ ਤੋਂ ਪਾੜ ਪੈਣ ਕਾਰਨ ਸੌ ਏਕੜ ਰਕਬੇ ਵਿੱਚ ਪਾਣੀ ਭਰ ਗਿਆ। ਇਸ ਕਾਰਨ 15 ਏਕੜ ਦੇ ਕਰੀਬ ਨਰਮੇ ਦੀ ਫਸਲ ਪੁੰਗਰਨ ਤੋਂ ਪਹਿਲਾਂ ਹੀ ਤਬਾਹ ਹੋ ਗਈ। ਪਿੰਡ ਆਹਲੂਪੁਰ ਨਜ਼ਦੀਕ ਕਿਸਾਨ ਹੁਸਨਪ੍ਰੀਤ ਸਿੰਘ ਦੇ ਖ਼ੇਤ ਕੋਲ ਨਿਊ ਢੰਡਾਲ ਨਹਿਰ ਵਿੱਚ ਪੰਜਾਹ ਫੁੱਟ ਚੌੜਾ ਪਾੜ ਪੈ ਗਿਆ, ਜਿਸ ਦਾ ਰਾਤ ਨੂੰ ਗਿਆਰਾਂ ਵਜੇ ਪਤਾ ਲੱਗਣ ’ਤੇ ਪਿੰਡ ਵਾਸੀਆਂ ਨੇ ਮੌਕੇ ’ਤੇ ਪਹੁੰਚ ਕੇ ਸਬੰਧਤ ਮਹਿਕਮੇ ਨੂੰ ਫੋਨ ਕੀਤੇ ਅਤੇ ਫਤਿਹਪੁਰ ਹੈੱਡ ਤੋਂ ਪਾਣੀ ਬੰਦ ਕਰਵਾ ਦਿੱਤਾ ਗਿਆ ਪਰ ਫੇਰ ਵੀ ਨਹਿਰ ਦੇ ਪਾਣੀ ਕਾਰਨ 100 ਏਕੜ ਰਕਬੇ ਵਿੱਚ ਪਾਣੀ ਭਰ ਗਿਆ। ਪਾਣੀ ਭਰਨ ਕਾਰਨ ਕਿਸਾਨ ਜਸਪਾਲ ਸਿੰਘ, ਜਤਿੰਦਰ ਸਿੰਘ, ਹਰਜੀਤ ਸਿੰਘ ਅਤੇ ਜਸਪਾਲ ਸਿੰਘ ਦੀ ਪੰਦਰਾਂ ਏਕੜ ਦੇ ਕਰੀਬ ਨਰਮੇ ਦੀ ਬੀਜੀ ਹੋਈ ਫਸਲ ਤਬਾਹ ਹੋ ਗਈ।

ਨਹਿਰ ਟੁੱਟਣ ਦਾ ਕਾਰਨ ਨਹਿਰ ਦੇ ਕਿਨਾਰੇ ਵਿੱਚ ਖੁੱਡ ਨੂੰ ਮੰਨਿਆ ਜਾ ਰਿਹਾ ਹੈ। ਨਹਿਰ ਦੇ ਕੰਢੇ ’ਤੇ ਦਰੱਖਤ ਜ਼ਿਆਦਾ ਹੋਣ ਕਾਰਨ ਦਰੱਖਤ ਦੇ ਤਣੇ ਨਹਿਰ ਦੇ ਕਿਨਾਰੇ ਕਮਜ਼ੋਰ ਕਰ ਰਹੇ ਹਨ ਜਿਸ ਕਾਰਨ ਇਹ ਨਹਿਰ ਥੋੜ੍ਹੇ ਸਮੇਂ ਬਾਅਦ ਹੀ ਟੁੱਟ ਜਾਂਦੀ ਹੈ। ਨਹਿਰ ਟੁੱਟਣ ਕਾਰਨ ਪਾਣੀ ਦੇ ਤੇਜ ਵਹਾਅ ਕਰਕੇ ਝੁਨੀਰ ਤੋ ਆਹਲੂਪੁਰ ਨੂੰ ਜਾਣ ਵਾਲੀ ਪ੍ਰਧਾਨ ਮੰਤਰੀ ਸੜਕ ਯੋਜਨਾ ਤਹਿਤ ਬਣੀ ਸੜਕ ਦਾ 50 ਫੁੱਟ ਦੇ ਕਰੀਬ ਅੱਧਾ ਹਿੱਸਾ ਪਾਣੀ ਕਾਰਨ ਖੁਰ ਗਿਆ ਅਤੇ ਸੜਕ ਤੋਂ ਲੰਘਣ ਵਾਲੇ ਹੈਵੀ ਵਾਹਨ ਬੰਦ ਹੋ ਗਏ ਹਨ।

ਮਹਿਕਮੇ ਦੇ ਐੱਸਡੀਓ ਗੁਰਦੀਪ ਸਿੰਘ ਨੇ ਦੱਸਿਆ ਕਿ ਨਹਿਰ ਦੇ ਕਿਨਾਰੇ ਵਿਚ ਲੀਕੇਜ ਹੋਣ ਕਾਰਨ ਨਹਿਰ ਵਿਚ ਪਾੜ ਪੈ ਗਿਆ ਸੀ। ਮਹਿਕਮੇ ਵੱਲੋਂ ਪਾੜ ਨੂੰ ਬੰਦ ਕਰਨ ਦੇ ਪੂਰੇ ਪ੍ਰਬੰਧ ਕਰ ਲਏ ਗਏ ਹਨ। ਸ਼ਾਮ ਤਕ ਇਸ ਪਾੜ ਨੂੰ ਪੂਰਕੇ ਪਾਣੀ ਦੀ ਸਪਲਾਈ ਚਾਲੂ ਕਰ ਦਿੱਤੀ ਜਾਵੇਗੀ ਤਾਂ ਕਿ ਅਗਲੇ ਕਿਸਾਨਾਂ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਖੌਤੀ ਸਮਾਜ ਸੁਧਾਰਕ
Next articleਦੇਸ਼ ’ਚ ਕਰੋਨਾ ਕਾਰਨ 4205 ਮੌਤਾਂ ਤੇ 348421 ਨਵੇਂ ਕੇਸ