ਸਮੇਂ ਦੀਆਂ ਸੋਚਾਂ

ਦੀਪ ਚੌਹਾਨ

(ਸਮਾਜ ਵੀਕਲੀ)

ਆਪਣੇ ਸਕੂਲ ਤੇ ਕਾਲਜ ਵਾਲੇ ਦਿਨ ਕਿਸ ਨੂੰ ਭੁੱਲ ਸਕਦੇ ਨੇ।ਸਕੂਲ, ਕਾਲਜ ਦੇ ਅੱਗੋਂ ਜਾਂਦੀ ਸੜਕ ਤੋਂ ਲੰਘ ਵੀ ਜਾਈਏ ਤਾਂ ਹਜ਼ਾਰਾਂ ਹੀ ਪਲ ਅੱਖਾਂ ਸਾਹਮਣੇ ਘੁੰਮਣੇ ਸ਼ੁਰੂ ਹੋ ਜਾਂਦੇ ਨੇ।  ਹਰ ਇਨਸਾਨ ਕਿਤੇ ਨਾ ਕਿਤੇ  ਆਪਣੇ ਬੀਤੇ ਹੋਏ ਸਮੇਂ ਵਿੱਚ ਘੁੰਮ ਰਿਹਾ ਹੈ, ਕਦੇ ਕਿਸੇ ਖ਼ੁਸ਼ੀ ਵਿੱਚ ਤੇ ਕਦੇ ਕਿਸੇ ਗਮ ਵਿੱਚ । ਪਰ ਇਹ ਵੀ ਸਾਨੂੰ ਸਭ ਨੂੰ ਹੀ ਪਤਾ ਹੈ ਕਿ ਜਦ ਉਹ ਸਮਾਂ ਸੀ ਤਾਂ ਅਸੀਂ ਸ਼ਾਇਦ ਆਉਣ ਵਾਲੇ ਸਮੇਂ ਬਾਰੇ ਹੀ  ਸੋਚਦੇ ਰਹਿੰਦੇ।  ਕਹਿੰਦੇ ਨੇ ਕਿ ਇਨਸਾਨ ਜਦੋਂ ਜ਼ਿੰਦਗੀ ਦਾ ਆਨੰਦ ਮਾਣਨ ਲੱਗਦਾ  ਤਾਂ ਉਦੋਂ ਜ਼ਿੰਦਗੀ ਖਤਮ ਹੋਣ ਵਾਲੀ ਹੁੰਦੀ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਜ਼ਿੰਦਗੀ ਛੋਟੀ ਹੈ, ਅਸਲ ਵਿੱਚ ਅਸੀਂ ਜਿਊਣਾ  ਹੀ ਬਹੁਤ ਦੇਰ ਨਾਲ  ਸ਼ੁਰੂ ਕਰਦੇ ਹਾਂ ।
ਬੀ-1 ਏ ਦੇ ਪੇਪਰ ਦੀ ਤਿਆਰੀ ਕਰਨ ਲਈ ਸੰਸਾਰ ਪੱਧਰ ਦੀ ਮੋਟੀ ਮੋਟੀ ਜਾਣਕਾਰੀ ਹੋਣੀ ਜਰੂਰੀ ਹੁੰਦੀ ਹੈ ਤੇ ਮੈਂ ਕਈ ਦਿਨਾਂ ਤੋਂ ਅਜਿਹੀਆਂ ਪੁਸਤਕਾਂ ਪੜ੍ਹ ਰਿਹਾ ਹਾਂ ਜਿੰਨ੍ਹਾਂ ‘ਚੋਂ ਸੰਸਾਰ ਪੱਧਰ ਦੀ ਜਾਣਕਾਰੀ ਪ੍ਰਾਪਤ ਹੋ ਸਕੇ।

ਦਰਅਸਲ  ਪੁਲਿਸ ਮਹਿਕਮੇ ਵਿੱਚ ਦਾ ਬੀ -1 ਦਾ  ਪੇਪਰ ਸਿਪਾਹੀ ਅਹੁਦੇ ਤੋਂ ਹੌਲਦਾਰ ਬਣਨ ਲਈ ਦਿੱਤਾ ਜਾਂਦਾ ਹੈ ।ਮੈਂ ਸੰਸਾਰ ਪੱਧਰ ਦੀ ਜਾਣਕਾਰੀ ਰੱਖਣ ਵਾਲੀਆਂ ਕਾਫੀ ਪੁਸਤਕਾਂ ਪੜ੍ਹ  ਚੁੱਕਾ ਸੀ ਅਤੇ ਹੋਰ ਕਿਤਾਬਾਂ ਬਾਰੇ ਆਪਣੇ ਕਈ ਦੋਸਤਾਂ ਤੋਂ ਪੁੱਛ ਰਿਹਾ  ਸੀ ।  ਇੱਕ ਦਿਨ ਆਪਣੇ ਘਰ ਦੇ ਨਜ਼ਦੀਕ ਇੱਕ ਅੱਠਵੀਂ ਜਮਾਤ ਦੇ ਲੜਕੇ ਦੀ ਹਿਸਟਰੀ ਦੀ ਕਿਤਾਬ ਪੜ੍ਹਨ ਲਈ  ਮੰਗੀ ।ਕਿਤਾਬ ਦੇ ਕੁਝ ਵਰਕੇ ਮੁੜੇ ਹੋਏ ਸਨ  ਤੇ ਉਨ੍ਹਾਂ ‘ ਤੇ ਕੁਝ ਨਿਸ਼ਾਨੀਆਂ ਲੱਗੀਆਂ ਸੀ।

ਇਹ ਕਿਤਾਬ ਵੇਖ ਕੇ  ਇੰਝ ਲੱਗਾ ਜਿਵੇਂ ਮੈਂ ਆਪਣੀ ਹੀ ਸਕੂਲ ਦੇ ਸਮੇਂ  ਦੀ ਕੋਈ ਕਿਤਾਬ ਖੋਲ ਲਈ ਹੋਵੇ । ਇੱਕੋ ਦਮ ਮਨ ਵਿੱਚ ਖਿਆਲ ਆਇਆ ਕਿ ਜਦੋਂ ਸਕੂਲ ਵਿੱਚ ਪੜ੍ਹਦੇ ਸੀ ਤਾਂ ਕਿਤਾਬਾਂ ਇੰਝ ਪੜ੍ਹਿਆ ਕਰਦੇ ਸੀ ਤੇ ਇਹ ਕਿਤਾਬ ਸਿਰਫ ਉਦੋਂ  ਜਮਾਤ ਪਾਸ ਕਰਨ ਲਈ ਹੀ ਪੜ੍ਹਨੀ ਹੁੰਦੀ ਸੀ ਨਾ ਕਿ ਕੁਝ ਜਾਣਕਾਰੀ ਹਾਸਿਲ ਕਰਨ ਲਈ । ਪਰ ਅੱਜ ਇੰਜ  ਮਹਿਸੂਸ ਹੋ ਰਿਹਾ ਸੀ ਕਿ ਕਾਸ਼! ਉਦੋਂ ਇਹ ਕਿਤਾਬਾਂ ਸਿਰਫ ਪਾਸ ਹੋਣ ਲਈ ਨਹੀਂ , ਸਮਝ ਕੇ ਵੀ ਪੜ੍ਹੀਆਂ ਹੁੰਦੀਆਂ।

ਖ਼ੈਰ ਸਮਾਂ ਬੀਤ ਚੁੱਕਾ ਸੀ ।

ਸਮਾਂ ਬੀਤਦਾ ਗਿਆ,  ਵਿਆਹ ਹੋਇਆ ,ਘਰ ਵਿੱਚ ਬੱਚੇ ਨੇ ਜਨਮ ਲਿਆ।  ਜ਼ਿੰਦਗੀ ਬਹੁਤ ਸੋਹਣੀ ਚੱਲ ਰਹੀ ਸੀ। ਇਕ ਦਿਨ ਥਾਣੇ ਵਿਚ ਬੈਠਾ ਕੰਮ ਕਰ ਰਿਹਾ ਸੀ ਕਿ ਇੱਕ ਔਰਤ  ਰੋਂਦੀ ਹੋਈ  ਥਾਣੇ ਵਿੱਚ ਆਈ ਤੇ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਕਰਦੀ ਹੋਈ ਆਪਣਾ ਦੁੱਖ ਸੁਣਾਉਣ ਲੱਗੀ  । ਉਸ ਨੂੰ ਬਿਠਾਇਆ ਤੇ ਗੱਲ ਸੁਣੀ ਤਾਂ ਪਤਾ ਲੱਗਾ ਉਸ ਦਾ ਝਗੜਾ ਆਪਣੇ ਹੀ ਪਤੀ ਨਾਲ ਘਰ ਵਿੱਚ ਕਿਸੇ ਮਾਮੂਲੀ ਗੱਲ ਕਰਕੇ ਹੋਇਆ ਸੀ  ਅਤੇ ਕਿਸੇ ਦੂਸਰੀ ਸਟੇਟ ਤੋਂ ਪੰਜਾਬ ਵਿੱਚ ਵਿਆਹੀ ਹੋਣ ਕਰਕੇ ਉਸ ਨੂੰ ਪੰਜਾਬੀ ਭਾਸ਼ਾ ਚੰਗੀ ਤਰ੍ਹਾਂ ਨਹੀਂ ਆਉਂਦੀ ਸੀ।  ਮੈਂ ਉਸ ਦੀ ਸਾਰੀ ਗੱਲ ਅੰਗਰੇਜ਼ੀ ਭਾਸ਼ਾ ਵਿੱਚ  ਸਮਝ ਤਾਂ  ਪਾ ਰਿਹਾ ਸੀ ਪਰ ਅੰਗਰੇਜ਼ੀ  ਭਾਸ਼ਾ ਦੀ  ਵਰਤੋਂ ਰੋਜ਼ਾਨਾ  ਜੀਵਨ ਵਿੱਚ  ਨਾ ਕਰਨ ਕਰਕੇ ਆਪਣੀ ਗੱਲ ਚੰਗੀ ਤਰ੍ਹਾਂ ਉਸ ਨੂੰ ਸਮਝਾ ਨਹੀਂ ਸੀ ਰਿਹਾ।

ਖੈਰ ਉਸ ਔਰਤ ਦੇ ਪਤੀ ਅਤੇ ਸਹੁਰੇ ਪਰਿਵਾਰ ਨੂੰ ਥਾਣੇ ‘ਚ ਬੁਲਾ ਕੇ ਉਨ੍ਹਾਂ ਦੀ ਸੁਲ੍ਹਾ ਕਰਵਾ ਕੇ ਉਸ ਦਾ ਮਸਲਾ ਤਾਂ ਹੱਲ ਕਰ ਦਿੱਤਾ । ਪਰ ਮੇਰੇ ਅੰਦਰ ਇੱਕ ਨਵੇਂ ਸਵਾਲ  ਨੇ ਜਨਮ ਲੈ ਲਿਆ । ਮੈਂ ਇਹ ਬਿਲਕੁਲ ਵੀ ਨਹੀਂ ਚਾਹੁੰਦਾ ਸੀ ਕਿ ਅਗਲੀ ਵਾਰ ਕੋਈ ਮੇਰੇ ਨਾਲ ਅੰਗਰੇਜ਼ੀ ਭਾਸ਼ਾ ਵਿੱਚ ਗੱਲ ਕਰੇ ਅਤੇ ਮੈਂ ਉਸ ਨੂੰ ਉਸੇ ਤਰ੍ਹਾਂ ਅੰਗਰੇਜ਼ੀ ਭਾਸ਼ਾ ਵਿੱਚ  ਸਹੀ ਜਵਾਬ ਨਾ ਦੇ ਸਕਾਂ ।  ਮੈਂ ਉਸੇ ਹੀ ਦਿਨ ਕਿਤਾਬਾਂ ਵਾਲੀ ਦੁਕਾਨ ਤੋਂ ਇੱਕ ਅੰਗਰੇਜ਼ੀ ਭਾਸ਼ਾ ਦੀ ਕਿਤਾਬ ਖਰੀਦੀ ਅਤੇ ਇਹ ਸੋਚ ਕੇ ਘਰ ਲੈ ਕੇ ਗਿਆ ਕਿ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਘੰਟਾ ਅੰਗਰੇਜ਼ੀ ਜ਼ਰੂਰ ਪੜ੍ਹਿਆ ਕਰਾਂਗਾ ਅਤੇ ਬੋਲਣ ਦੀ ਕੋਸ਼ਿਸ਼ ਵੀ ਕਰਿਆ ਕਰਾਂਗਾ ।

ਪਰ ਇਹ ਇੰਨਾ ਆਸਾਨ ਨਹੀਂ ਸੀ ਜਿੰਨਾ ਮੈਂ ਸੋਚ ਰਿਹਾ ਸੀ ।  ਜਦ ਵੀ ਮੈਂ ਕਿਤਾਬ ਫੜ੍ਹ ਕੇ ਪੜ੍ਹਨ ਲੱਗਦਾ ਤਾਂ ਕਦੀ ਮੇਰਾ ਬੇਟਾ ਮੇਰੇ ਤੋਂ ਮੇਰੀ ਕਿਤਾਬ ਖੋਹ ਲੈਂਦਾ ਜਾਂ ਫਿਰ ਕਲਮ ਨਾਲ ਉਸ ਤੇ ਲਕੀਰਾਂ ਮਾਰਨ ਲੱਗਦਾ ਤੇ ਮੈਂ ਇਹ ਸੋਚ ਕੇ ਉਸ ਨੂੰ ਕੁਝ ਨਾ ਕਹਿੰਦਾ ਕਿ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੇ ਪਿਤਾ ਦਾ ਇੰਤਜ਼ਾਰ ਕਰਦਾ ਹੈ ਕਿ ਕਦੋਂ ਸ਼ਾਮ ਹੋਏਗੀ ਕਦੋਂ ਮੇਰੇ  ਪਾਪਾ ਘਰ ਆਉਣਗੇ ਤੇ ਮੇਰੇ ਨਾਲ ਖੇਡਣਗੇ ।

ਇਕ ਦਿਨ ਫੇਸਬੁੱਕ ਤੇ ਆਪਣੇ ਪੁਰਾਣੇ ਦੋਸਤਾਂ ਦੇ ਨਾਲ ਤਸਵੀਰ ਦੇਖ ਕੇ ਮਨ ਵਿੱਚ ਇਹ ਖਿਆਲ ਆਇਆ ਕਿ ਜਦ ਕਾਲਜ ਟਾਈਮ ਸੀ ਤਾਂ ਇਸ ਤਰ੍ਹਾਂ ਦਾ ਬਹੁਤ ਕੁਝ ਸਿੱਖਿਆ ਜਾ ਸਕਦਾ ਸੀ ਪਰ ਤਦ ਸ਼ਾਇਦ ਜ਼ਿੰਦਗੀ ਮੌਜ ਮਸਤੀ ਅਤੇ ਜਵਾਨੀ ਦੇ ਜੋਸ਼ ਵਿੱਚ ਇੰਨੀ ਜ਼ਿਆਦਾ ਭਿੱਜੀ ਹੋਈ ਸੀ ਕਿ ਕੁਝ ਸਿੱਖਣਾ ਸਿਖਾਉਣਾ ਤਾਂ ਦੂਰ ਦੂਰ, ਚੇਤੇ ਵਿੱਚ  ਵੀ  ਨਹੀਂ ਸੀ।

ਮੈਂ ਬੀਤੇ ਸਮੇਂ ਦੀਆਂ ਸੋਚਾਂ ਵਿੱਚ ਗਵਾਚਿਆ ਹੋਇਆ ਅੰਦਰੋਂ ਅੰਦਰ ਆਪਣੇ ਆਪ ਤੇ ਹੱਸ ਰਿਹਾ ਸੀ।

ਚੋਣਾਂ  ਦਾ ਦੌਰ ਚੱਲ ਰਿਹਾ ਸੀ । ਪੁਲਿਸ ਦੀ ਡਿਊਟੀ ਪਹਿਲਾਂ ਨਾਲੋਂ ਹੋਰ ਵੀ ਸਖਤ ਹੋ ਚੁੱਕੀ ਸੀ। ਹਰ ਤਰ੍ਹਾਂ ਦੀ ਛੁੱਟੀ ਬੰਦ ਦਾ ਫਰਮਾਨ ਨਿਕਲ ਚੁੱਕਾ ਸੀ ਤੇ ਏਧਰੋਂ   ਮੇਰੇ ਬਹੁਤ ਖਾਸ ਮਿੱਤਰ ਦੇ ਵਿਆਹ ਦਾ ਵੀ ਸੱਦਾ ਆ ਗਿਆ  ।ਚੋਣਾਂ ਵਾਲੇ ਦਿਨ ਹੀ ਵਿਆਹ ਰੱਖ ਕੇ ਉਸ ਨੇ ਮੇਰੇ ਨਾਲ ਇੰਝ ਕੀਤਾ ਸੀ ਜਿਵੇਂ ਮੈਨੂੰ ਫੋਨ ਤੇ ਆਪਣੇ ਵਿਆਹ ਤੇ ਨਾ ਆਉਣ ਦਾ ਸੱਦਾ ਦਿੱਤਾ ਹੋਵੇ । ਮੈਂ ਉਸ ਨੂੰ ਉਸ ਦੇ ਵਿਆਹ ਤੇ ਨਾ ਪਹੁੰਚਣ ਸੰਬੰਧੀ ਸਫਾਈਨਾਮਾਂ ਤਾਂ  ਦੇ ਚੁੱਕਾ ਸੀ  ਪਰ ਮੇਰੇ  ਨਾਲ ਦੇ ਹੋਰ ਦੋਸਤ ਜੋ ਮੈਨੂੰ ਫੋਨ ਕਰਕੇ ਵਿਆਹ ਤੇ ਜਾਣ ਸਬੰਧੀ ਮੇਰੇ ਨਾਲ ਸਲਾਹਾਂ ਕਰ ਰਹੇ ਸੀ ਇੰਜ  ਲੱਗ ਰਿਹਾ ਸੀ ਮੇਰੇ ਜ਼ਖ਼ਮਾਂ ਤੇ ਲੂਣ ਭੁੱਕ ਰਹੇ ਹੋਣ।

ਇੱਕ ਰਾਤ  ਇਕੱਲਾ ਛੱਤ ਤੇ ਬੈਠਾ  ਆਉਣ ਵਾਲੇ ਸਮੇਂ ਦੀਆਂ ਸੋਚਾਂ ਵਿੱਚ ਗਵਾਚਾ ਇਹੀ ਸੋਚ ਰਿਹਾ ਸੀ ਕਿ ਜਦੋਂ ਰਿਟਾਇਰ ਹੋ ਗਿਆ ਤਾਂ ਹਰ ਫੰਕਸ਼ਨ ਤੇ ਆਪਣੀ ਮਰਜ਼ੀ ਨਾਲ ਜਾ ਸਕਾਂਗਾ ,ਮਰਜ਼ੀ ਨਾਲ ਸੌਂ  ਸਕਾਂਗਾ , ਮਰਜ਼ੀ ਨਾਲ ਜਾਗ ਸਕਾਂਗਾ, ਹਰ ਕੰਮ ਆਪਣੀ ਮਰਜ਼ੀ ਨਾਲ ਕਰਾਂਗਾ।  ਮੇਰੇ ਮਨ ਵਿੱਚ ਇਹ ਕਸ਼ਮਕਸ਼ ਚੱਲ ਹੀ ਰਹੀ ਸੀ ਕਿ ਮੇਰੇ ਅੰਦਰੋਂ ਹੀ ਇੱਕ ਆਵਾਜ਼ ਆਈ ਕਿ “ਤੂੰ ਫਿਰ ਉਹੀ ਗ਼ਲਤੀ ਦੁਹਰਾ ਤਾਂ ਨਹੀਂ ਰਿਹਾ” ??

ਮੈਂ ਹੈਰਾਨੀ ਨਾਲ ਪੁੱਛਿਆ ” ਕਿਹੜੀ ਗਲਤੀ ?”

ਤਾਂ ਮੇਰੇ ਹੀ ਅੰਦਰ ਦੀ ਆਵਾਜ਼ ਮੈਨੂੰ ਕਹਿਣ ਲੱਗੀ ਕਿ “ਜਦ ਸਕੂਲ ਵਿੱਚ ਸੀ ਤਾਂ ਕਾਲਜ ਦੇ ਸੁਪਨੇ ਲੈਂਦਾ ਰਿਹਾ ਤੇ ਜੋ ਸਿੱਖ  ਸਕਦਾ ਸੀ ਉਹ ਤੋਂ ਨਹੀਂ ਸਿੱਖਿਆ  , ਫਿਰ ਕਾਲਜ ਵਿੱਚ ਤੈਨੂੰ ਵੱਖਰੀ ਹੀ ਖੁਮਾਰੀ ਸੀ ਜ਼ਿੰਦਗੀ ਦਾ ਇੱਕ ਬਹੁਤ ਹੀ ਵੱਡਾ ਸਮਾਂ ਤੋਂ ਮੌਜ ਮਸਤੀ ਅਤੇ ਯਾਰੀ ਦੋਸਤੀ ਵਿੱਚ ਕੱਢ ਦਿੱਤਾ , ਹੁਣ ਵੀ ਤੇਰੇ ਕੋਲ ਬਹੁਤ ਸਮਾਂ ਹੈ ਕਿ ਤੂੰ ਬਹੁਤ ਕੁਝ ਕਰ ਸਕਦਾ ਹੈ ਪਰ ਤੂੰ ਅੱਜ ਵੀ ਆਪਣੇ ਆਉਣ ਵਾਲੇ ਸਮੇਂ ਬਾਰੇ ਸੋਚ ਕੇ  ਜੋ ਸਮਾਂ ਤੇਰੇ ਪਾਸ ਹੈ ਬਰਬਾਦ ਕਰ ਰਿਹਾ ਹੈ । ਕਿਤੇ ਇਹ ਨਾ ਹੋਵੇ ਕਿ ਰਿਟਾਇਰਮੈਂਟ ਤੋਂ ਬਾਅਦ ਇਸੇ ਤਰ੍ਹਾਂ ਇਕੱਲਾ ਬੈਠਾ ਇਹ ਸੋਚ ਰਿਹਾ ਹੋਵੇ ਕਿ ਜਦੋਂ ਮੈਂ ਨੌਕਰੀ ਕਰਦਾ ਸੀ ਤਾਂ ਉਦੋਂ ਮੈਂ ਕੀ- ਕੀ ਕਰ ਸਕਦਾ ਸੀ ਜੋ ਕਿ ਤੂੰ ਹੁਣ ਨਹੀਂ ਕਰ ਰਿਹਾ ਹੈ ”

ਮੈਨੂੰ ਮੇਰੇ ਸਾਰੇ  ਸਵਾਲਾਂ ਦੇ ਜਵਾਬ ਮਿਲ ਗਏ ਸੀ । ਮੈਨੂੰ ਇਹ ਸਮਝ ਆ ਗਈ ਸੀ ਕਿ ”

“ਅੱਜ ਵਿੱਚ ਜਿਉਣਾ  ਹੀ ਜ਼ਿੰਦਗੀ ਹੈ ”

ਜੋ ਮੈਂ ਅੱਜ ਕਰ ਸਕਦਾ ਹਾਂ ਉਹ  ਮੈਂ ਨਾ ਪਹਿਲਾਂ ਕਰ ਸਕਦਾ ਸੀ ਤੇ ਨਾ ਹੀ ਅੱਗੇ ਕਦੀ  ਕਰ ਸਕਾਂਗਾ ।  ਸੋ ਜ਼ਿੰਦਗੀ ਅੱਜ ਵਿਚ ਜਿਊਣਾ ਸਿੱਖੋ, ਬੀਤੇ ਹੋਏ ਸਮੇਂ ਜਾਂ ਆਉਣ ਵਾਲੇ ਸਮੇਂ ਦੀਆਂ ਸੋਚਾਂ ਵਿੱਚ ਨਹੀਂ ।

                                              ਦੀਪ ਚੌਹਾਨ
                                         9464212566

Previous articleDetained Ugandan Minister to be prosecuted over poll violence: Prez
Next articleUK PM sets Oct 15 as deadline for trade deal with EU