ਮੈਂਬਰਾਂ ਦੀ ਬਹਾਲੀ ਦੇ ਮੁੱਦੇ ’ਤੇ ਰਾਜ ਸਭਾ ਮੁੜ ਮੁਲਤਵੀ

ਨਵੀਂ ਦਿੱਲੀ (ਸਮਾਜ ਵੀਕਲੀ): ਰਾਜ ਸਭਾ ਵਿਚ ਅੱਜ ਮੁੜ ਮੁਅੱਤਲ 12 ਮੈਂਬਰਾਂ ਦੀ ਬਹਾਲੀ ਦੀ ਮੰਗ ’ਤੇ ਹੰਗਾਮਾ ਹੋਇਆ। ਇਸ ਦੌਰਾਨ ਉਪਰਲੇ ਸਦਨ ਦੀ ਕਾਰਵਾਈ ਵੀਰਵਾਰ ਤੱਕ ਮੁਲਤਵੀ ਕਰ ਦਿੱਤੀ ਗਈ। ਵਿਰੋਧੀ ਧਿਰ ਦੇ ਮੈਂਬਰ ਨਾਅਰੇ ਲਾਉਂਦੇ ਸਦਨ ਦੇ ਵਿਚਾਲੇ ਆ ਗਏ ।

ਸਦਨ ਵਿਚ ਅੱਜ ਕੋਵਿਡ ਦੇ ਨਵੇਂ ਸਰੂਪ ਓਮੀਕਰੋਨ ਬਾਰੇ ਚਰਚਾ ਰੱਖੀ ਗਈ ਸੀ ਤੇ ਇਸ ਦੌਰਾਨ ਵੀ ਵਿਰੋਧੀ ਧਿਰਾਂ ਮੈਂਬਰਾਂ ਨੂੰ ਬਹਾਲ ਕਰਨ ਦੀ ਮੰਗ ਕਰਦੀਆਂ ਰਹੀਆਂ। ਭਾਜਪਾ ਦੇ ਮੈਂਬਰਾਂ ਨੇ ਵਿਚਾਰ-ਚਰਚਾ ਵਿਚ ਹਿੱਸਾ ਲਿਆ। ਚੇਅਰਮੈਨ ਭੁਵਨੇਸ਼ਵਰ ਕਾਲੀਤਾ ਨੇ ਰੋਸ ਪ੍ਰਗਟ ਕਰ ਰਹੇ ਮੈਂਬਰਾਂ ਨੂੰ ਸੀਟਾਂ ਉਤੇ ਜਾਣ ਦੀ ਅਪੀਲ ਕੀਤੀ ਪਰ ਉਹ ਆਪਣੀ ਮੰਗ ਉਤੇ ਅੜੇ ਰਹੇ। ਇਸ ਤੋਂ ਬਾਅਦ ਸਦਨ ਨੂੰ ਵੀਰਵਾਰ 11 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ। ਰਾਜ ਸਭਾ ਵਿਚ ਅੱਜ ਕੇਂਦਰੀ ਗ੍ਰਹਿ ਰਾਜ ਮੰਤਰੀ ਨਿੱਤਿਆਨੰਦ ਰਾਏ ਨੇ ਦੱਸਿਆ ਕਿ ਦਸ ਰਾਜਾਂ ਤੇ ਛੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਯੂਏਪੀਏ ਤਹਿਤ ਇਕ ਵੀ ਗ੍ਰਿਫ਼ਤਾਰੀ ਨਹੀਂ ਹੋਈ। ਇਕ ਸਵਾਲ ਦਾ ਜਵਾਬ ਦਿੰਦਿਆਂ ਕੇਂਦਰੀ ਮੰਤਰੀ ਨੇ ਦੱਸਿਆ ਕਿ 1948 ਲੋਕ 2019 ਵਿਚ ਇਸ ਐਕਟ ਤਹਿਤ ਗ੍ਰਿਫ਼ਤਾਰ ਕੀਤੇ ਗਏ। ਜਦਕਿ 2020 ਵਿਚ ਇਹ ਗਿਣਤੀ ਘੱਟ ਕੇ 1321 ਰਹਿ ਗਈ।

ਸਖ਼ਤ ਕਾਨੂੰਨ ਯੂਏਪੀਏ ਤਹਿਤ ਯੂਪੀ ਵਿਚ 361, ਜੰਮੂ ਕਸ਼ਮੀਰ ਵਿਚ 346 ਤੇ ਮਨੀਪੁਰ ਵਿਚ 225 ਗ੍ਰਿਫ਼ਤਾਰੀਆਂ ਹੋਈਆਂ ਹਨ। ਜੰਮੂ ਕਸ਼ਮੀਰ ਤੇ ਦਿੱਲੀ ਵਿਚ ਯੂਏਪੀਏ ਤਹਿਤ ਹੋਈਆਂ ਗ੍ਰਿਫ਼ਤਾਰੀਆਂ ਦੀ ਗਿਣਤੀ 2020 ਵਿਚ ਵਧੀ ਹੈ। ਦਿੱਲੀ ਵਿਚ 2020 ਵਿਚ 12 ਗ੍ਰਿਫ਼ਤਾਰੀਆਂ ਹੋਈਆਂ ਹਨ ਤੇ ਜੰਮੂ ਕਸ਼ਮੀਰ ਵਿਚ 346 ਗ੍ਰਿਫ਼ਤਾਰੀਆਂ ਇਸ ਕਾਨੂੰਨ ਤਹਿਤ ਹੋਈਆਂ ਹਨ। ਬਿਹਾਰ, ਮਹਾਰਾਸ਼ਟਰ, ਮੇਘਾਲਿਆ, ਪੰਜਾਬ ਤੇ ਪੱਛਮੀ ਬੰਗਾਲ ਵਿਚ ਵੀ 2020 ’ਚ 2019 ਨਾਲੋਂ ਵੱਧ ਵਿਅਕਤੀਆਂ ਨੂੰ ਯੂਏਪੀਏ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਰਾਜ ਸਭਾ ਵਿਚ ਇਕ ਸਵਾਲ ਦੇ ਜਵਾਬ ਵਿਚ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਅੱਜ ਕਿਹਾ ਕਿ ਆਂਧਰਾ ਪ੍ਰਦੇਸ਼ ਨੂੰ ‘ਮਨਰੇਗਾ’ ਤਹਿਤ ਬਕਾਇਆ ਰਾਸ਼ੀ ਦੀ ਅਦਾਇਗੀ ਉਦੋਂ ਕੀਤੀ ਜਾਵੇਗੀ ਜਦ ਸੂਬਾ ਦਸਤਾਵੇਜ਼ਾਂ ’ਚੋਂ ਖਾਮੀਆਂ ਦੂਰ ਕਰੇਗਾ। ਇਹ ਮਾਮਲਾ ਫੰਡ ਹੋਰ ਪਾਸੇ ਵਰਤਣ ਨਾਲ ਜੁੜਿਆ ਹੋਇਆ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵੁਹਾਨ ਲੈਬ ਤੋਂ ਲੀਕ ਵਾਇਰਸ ਕੋਵਿਡ-19 ਦੀ ਉਤਪਤੀ ਦਾ ਮੂਲ ਸਰੋਤ
Next articleTunisia, Algeria sign 27 bilateral agreements