ਸ਼ੱਕੀ ਨੌਜਵਾਨ ਤੋਂ ਪੁੱਛਗਿੱਛ ਜਾਰੀ

ਨਵੀਂ ਦਿੱਲੀ (ਸਮਾਜ ਵੀਕਲੀ):  ਕਿਸਾਨਾਂ ਵੱਲੋਂ ਸ਼ੁੱਕਰਵਾਰ ਰਾਤ ਸਿੰਘੂ ਬਾਰਡਰ ਤੋਂ ਕਾਬੂ ਕੀਤੇ ਗਏ ਵਿਅਕਤੀ ਤੋਂ ਹਰਿਆਣਾ ਪੁਲੀਸ ਪੁੱਛਗਿੱਛ ਕਰ ਰਹੀ ਹੈ। ਦੱਸਣਯੋਗ ਹੈ ਕਿ ਕਿਸਾਨ ਆਗੂਆਂ ਨੇ ਦੋਸ਼ ਲਾਇਆ ਸੀ ਕਿ ਉਹ ਅੰਦੋਲਨ ਵਿਚ ਗੜਬੜ ਕਰਨ ਦੇ ਮੰਤਵ ਨਾਲ ਆਇਆ ਹੈ। ਕਿਸਾਨਾਂ ਨੇ ਕਿਹਾ ਸੀ ਕਿ ਉਹ ਚਾਰ ਆਗੂਆਂ ਨੂੰ ਕਤਲ ਕਰਨ ਦੀ ਸਾਜ਼ਿਸ਼ ਘੜ ਰਿਹਾ ਸੀ। ਇਸ ਤੋਂ ਇਲਾਵਾ ਉਸ ਦੀ 26 ਜਨਵਰੀ ਦੀ ਟਰੈਕਟਰ ਪਰੇਡ ਵਿਚ ਵੀ ਗੜਬੜੀ ਫੈਲਾਉਣ ਦੀ ਯੋਜਨਾ ਸੀ।

ਵਿਅਕਤੀ ਨੂੰ ਕਾਬੂ ਕਰ ਕੇ ਕਿਸਾਨਾਂ ਨੇ ਮੀਡੀਆ ਅੱਗੇ ਪੇਸ਼ ਕੀਤਾ ਸੀ ਤੇ ਮਗਰੋਂ ਪੁਲੀਸ ਹਵਾਲੇ ਕਰ ਦਿੱਤਾ ਸੀ। ਕਾਬੂ ਕੀਤੇ ਵਿਅਕਤੀ ਦਾ ਮੂੰਹ ਢਕਿਆ ਹੋਇਆ ਸੀ ਤੇ ਉਸ ਨੇ ਖ਼ੁਦ ਮੰਨਿਆ ਸੀ ਕਿ ਉਹ ਚਾਰ ਪ੍ਰਮੁੱਖ ਕਿਸਾਨ ਆਗੂਆਂ ਨੂੰ ਗੋਲੀ ਮਾਰਨ ਦੀ ਯੋਜਨਾਬੰਦੀ ਕਰ ਰਿਹਾ ਸੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਕਾਬੂ ਕੀਤਾ ਨੌਜਵਾਨ 21 ਸਾਲ ਦਾ ਹੈ। ਸੋਨੀਪਤ ਵਿਚ ਅਪਰਾਧ ਸ਼ਾਖਾ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਉਸ ਦਾ ਪਹਿਲਾਂ ਕੋਈ ਅਪਰਾਧਕ ਰਿਕਾਰਡ ਨਹੀਂ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਨੌਜਵਾਨ ਕੋਲ ਕੋਈ ਹਥਿਆਰ ਜਾਂ ਹੋਰ ਅਸਲਾ ਨਹੀਂ ਸੀ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਅਜਿਹਾ ਕੁਝ ਸਾਹਮਣੇ ਨਹੀਂ ਆਇਆ ਜਿਸ ਤੋਂ ਲੱਗੇ ਕਿ ਉਹ ਕੋਈ ਸਾਜ਼ਿਸ਼ ਘੜ ਰਿਹਾ ਸੀ। ਪੁਲੀਸ ਵੱਲੋਂ ਹੋਰ ਜਾਂਚ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਪੁਲੀਸ ਪੁੱਛਗਿੱਛ ਤੋਂ ਬਾਅਦ ਅਧਿਕਾਰਤ ਬਿਆਨ ਜਾਰੀ ਕਰੇਗੀ।

Previous articleਕਠੂਆ ਵਿੱਚ ਕੌਮਾਂਤਰੀ ਸਰਹੱਦ ਦੇ ਨਾਲ ਦਸ ਦਿਨਾਂ ’ਚ ਦੂਜੀ ਸੁਰੰਗ ਮਿਲੀ
Next articleਮੁੱਖ ਮੰਤਰੀ ਵੱਲੋਂ ਸ਼ਗਨ ਰਾਸ਼ੀ 51 ਹਜ਼ਾਰ ਰੁਪਏ ਕਰਨ ਦਾ ਐਲਾਨ