ਮੁੱਖ ਮੰਤਰੀ ਵੱਲੋਂ ਸ਼ਗਨ ਰਾਸ਼ੀ 51 ਹਜ਼ਾਰ ਰੁਪਏ ਕਰਨ ਦਾ ਐਲਾਨ

ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਕਿਰਤੀ ਕਾਮਿਆਂ ਦੀਆਂ ਲੜਕੀਆਂ ਦੇ ਵਿਆਹ ਮੌਕੇ ਦਿੱਤੀ ਜਾਂਦੀ ਸ਼ਗਨ ਦੀ ਰਾਸ਼ੀ ਇਸ ਸਾਲ ਪਹਿਲੀ ਅਪਰੈਲ ਤੋਂ 31 ਹਜ਼ਾਰ ਰੁਪਏ ਤੋਂ ਵਧਾ ਕੇ 51 ਹਜ਼ਾਰ ਰੁਪਏ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਕਰੋਨਾ ਪਾਜ਼ੇਟਿਵ ਪਾਏ ਜਾਂਦੇ ਕਿਰਤੀਆਂ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ 1,500 ਰੁਪਏ ਦੀ ਵਿੱਤੀ ਸਹਾਇਤਾ ਦੇਣ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ।

ਇਹ ਫੈ਼ਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਇਮਾਰਤ ਅਤੇ ਹੋਰ ਉਸਾਰੀ ਕਾਮੇ ਭਲਾਈ ਬੋਰਡ (ਬੀ.ਓ.ਸੀ.ਡਬਲਿਊ.) ਦੀ ਸ਼ੁੱਕਰਵਾਰ ਸ਼ਾਮ ਨੂੰ ਵੀਡਿਓ ਕਾਨਫਰੰਸ ਰਾਹੀਂ ਹੋਈ ਮੀਟਿੰਗ ਵਿੱਚ ਲਿਆ ਗਿਆ। ਮੁੱਖ ਮੰਤਰੀ ਨੇ ਮੌਜੂਦਾ ਸ਼ਰਤਾਂ ਵਿੱਚ ਕਿਸੇ ਵੀ ਧਾਰਮਿਕ ਸੰਸਥਾ ਗੁਰਦੁਆਰਾ, ਮੰਦਿਰ ਤੇ ਚਰਚ ਵੱਲੋਂ ਜਾਰੀ ਕੀਤੇ ਮੈਰਿਜ ਸਰਟੀਫਿਕੇਟ ਨੂੰ ਇਸ ਮੰਤਵ ਕਰਨ ਲਈ ਸਵੀਕਾਰ ਕਰਨ ਦੀ ਪ੍ਰਵਾਨਗੀ ਦੇ ਦਿੱਤੀ। ਸਕੀਮ ਤਹਿਤ 50 ਫ਼ੀਸਦੀ ਰਾਸ਼ੀ ਐਡਵਾਂਸ ’ਚ ਲਈ ਜਾ ਸਕਦੀ ਹੈ ਜਦਕਿ ਬਾਕੀ ਰਾਸ਼ੀ ਸੋਧੇ ਨਿਯਮਾਂ ਤਹਿਤ ਸਬੰਧਤ ਅਥਾਰਟੀ ਵੱਲੋਂ ਜਾਰੀ ‘ਮੈਰਿਜ ਸਰਟੀਫਿਕੇਟ’ ਜਮ੍ਹਾਂ ਕਰਵਾਉਣ ਮਗਰੋਂ ਜਾਰੀ ਕੀਤੀ ਜਾਵੇਗੀ।

ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਉਸਾਰੀ ਗਤੀਵਿਧੀਆਂ ਦੌਰਾਨ ਕੰਮ ਕਰਦਿਆਂ ਹਾਦਸੇ ’ਚ ਕਿਰਤੀ ਦੀ ਮੌਤ ਹੋਣ ਦੀ ਸੂਰਤ ’ਚ 2 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ, ਭਾਵੇਂ ਉਹ ਉਸਾਰੀ ਬੋਰਡ ਨਾਲ ਰਜਿਸਟਰਡ ਹੋਵੇ ਜਾਂ ਨਾ, ਪਰ ਉਹ ਉਸਾਰੀ ਕਿਰਤੀ ਵਜੋਂ ਰਜਿਸਟਰਡ ਹੋਣ ਦੇ ਯੋਗ ਹੋਵੇ। ਉਨ੍ਹਾਂ ਨੇ ਵੱਖ-ਵੱਖ ਭਲਾਈ ਸਕੀਮਾਂ ਤਹਿਤ ਲਾਭ ਲੈਣ ਲਈ ਬਿਨੈ ਪੱਤਰ ਜਮ੍ਹਾਂ ਕਰਵਾਉਣ ਦੀ ਸਮਾਂ ਸੀਮਾ ਵਧਾਉਣ ਦਾ ਵੀ ਫ਼ੈਸਲਾ ਕੀਤਾ। ਮੌਜੂਦਾ ਸਮੇਂ ਇਹ ਸੀਮਾ ਛੇ ਮਹੀਨੇ ਦੀ ਸੀ ਜਿਸ ਨੂੰ ਵਧਾ ਕੇ ਇੱਕ ਸਾਲ ਕਰਨ ਦਾ ਫ਼ੈਸਲਾ ਕੀਤਾ ਗਿਆ ਕਿਉਂਕਿ ਕਈ ਕਾਮੇ ਕੋਵਿਡ-19 ਮਹਾਮਾਰੀ ਕਾਰਨ ਬਿਨੈ ਪੱਤਰ ਨਹੀਂ ਦੇ ਸਕੇ।

ਇਸ ਤੋਂ ਇਲਾਵਾ ਸਕਰੀਨਿੰਗ ਕਮੇਟੀ ਵੱਲੋਂ ਪੈਨਸ਼ਨ ਬਿਨੈ ਪੱਤਰ ਰੱਦ ਕਰਨ ਦੀ ਸੂਰਤ ਵਿੱਚ ਉਸਾਰੀ ਕਿਰਤੀਆਂ ਵੱਲੋਂ ਸਕੱਤਰ ਬੋਰਡ ਕੋਲ ਅਪੀਲ ਕਰਨ ਦਾ ਸਮਾਂ ਵੀ 90 ਦਿਨ ਤੋਂ ਵਧਾ ਕੇ 120 ਦਿਨ ਕਰ ਦਿੱਤਾ ਗਿਆ। ਬਾਲੜੀ (ਲੜਕੀ) ਜਨਮ ਤੋਹਫ਼ਾ ਸਕੀਮ ਤਹਿਤ ਬੋਰਡ ਨੇ ਬਿਨੈ ਪੱਤਰ ਜਮ੍ਹਾਂ ਕਰਵਾਉਣ ਦੀ ਸਮਾਂ ਸੀਮਾ (ਲੜਕੀ ਦੇ ਜਨਮ ਦੀ ਤਰੀਕ ਤੋਂ) ਛੇ ਮਹੀਨੇ ਤੋਂ ਵਧਾ ਕੇ ਇੱਕ ਸਾਲ ਕਰਨ ਦਾ ਫ਼ੈਸਲਾ ਕੀਤਾ ਹੈ। ਮੁੱਖ ਮੰਤਰੀ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਵਿੱਚ ਬੋਰਡ ਨੇ ਫਰਮਾਸਿਊਟੀਕਲ/ਪੈਰਾ ਮੈਡੀਕਲ ਦੀ ਪੜ੍ਹਾਈ ਵਿੱਚ ਡਿਗਰੀ/ਪੋਸਟ ਗ੍ਰੈਜੂਏਟ ਡਿਗਰੀ ਕੋਰਸ ਕਰਨ ਵਾਲੇ ਲੜਕਿਆਂ ਦਾ ਸਾਲਾਨਾ ਵਜ਼ੀਫ਼ਾ 25,000 ਤੋਂ ਵਧਾ ਕੇ 35,000 ਰੁਪਏ ਅਤੇ ਲੜਕੀਆਂ ਦਾ ਵਜ਼ੀਫਾ 30,000 ਤੋਂ ਵਧਾ ਕੇ 40,000 ਰੁਪਏ ਕਰਨ ਦਾ ਐਲਾਨ ਕੀਤਾ।

ਇਸੇ ਤਰ੍ਹਾਂ ਫਰਮਾਸਿਊਟੀਕਲ/ਪੈਰਾ ਮੈਡੀਕਲ ਦੀ ਪੜ੍ਹਾਈ ’ਚ ਡਿਗਰੀ/ਪੋਸਟਗਰੈਜੂਏਟ ਡਿਗਰੀ ਕੋਰਸ ਕਰਨ ਵਾਲੇ ਲੜਕਿਆਂ ਦੇ ਹੋਸਟਲ ਦਾ ਵਜ਼ੀਫ਼ਾ 40,000 ਤੋਂ ਵਧਾ ਕੇ 50,000 ਰੁਪਏ ਅਤੇ ਲੜਕੀਆਂ ਦਾ ਵਜ਼ੀਫਾ 45,000 ਤੋਂ ਵਧਾ ਕੇ 55,000 ਰੁਪਏ ਕਰ ਦਿੱਤਾ ਗਿਆ ਹੈ। ਮੈਡੀਕਲ ਅਤੇ ਇੰਜੀਨੀਅਰਿੰਗ ਕਰਦੇ ਵਿਦਿਆਰਥੀਆਂ (ਲੜਕਿਆਂ) ਦਾ ਸਾਲਾਨਾ ਵਜ਼ੀਫਾ 40,000 ਤੋਂ 50,000 ਰੁਪਏ ਅਤੇ ਲੜਕੀਆਂ ਦਾ ਵਜ਼ੀਫਾ 50,000 ਤੋਂ 60,000 ਰੁਪਏ ਜਦਕਿ ਹੋਸਟਲ ਵਜ਼ੀਫਾ ਕ੍ਰਮਵਾਰ 70,000 ਅਤੇ 80,000 ਰੁਪਏ ਕਰ ਦਿੱਤਾ ਗਿਆ ਹੈ।

Previous articleਸ਼ੱਕੀ ਨੌਜਵਾਨ ਤੋਂ ਪੁੱਛਗਿੱਛ ਜਾਰੀ
Next articleਖੇਤੀ ਕਾਨੂੰਨ ਬਣਾ ਕੇ ਖੋਹਿਆ ਜਾ ਰਿਹੈ ਕਿਸਾਨਾਂ ਦਾ ਹੱਕ: ਰਾਹੁਲ