ਕਿਸਾਨਾਂ ਦਾ 1771 ਕਰੋੜ ਦਾ ਕਰਜ਼ਾ ਮੁਆਫ਼

ਸੂਬਾ ਸਰਕਾਰ ਨੇ ਅੱਜ ਢਾਈ ਏਕੜ ਤੱਕ ਜ਼ਮੀਨ ਦੀ ਮਾਲਕੀ ਵਾਲੇ 1,09,730 ਕਿਸਾਨਾਂ ਨੂੰ ਵਪਾਰਕ ਬੈਂਕਾਂ ਤੋਂ ਲਏ 1771 ਕਰੋੜ ਦੇ ਕਰਜ਼ੇ ਤੋਂ ਮੁਕਤੀ ਦਿਵਾ ਦਿੱਤੀ ਹੈ। ਅਗਲੇ ਪੜਾਅ ’ਚ ਢਾਈ ਤੋਂ ਪੰਜ ਏਕੜ ਜ਼ਮੀਨ ਵਾਲੇ ਕਿਸਾਨਾਂ ਸਮੇਤ ਬੇਜ਼ਮੀਨੇ ਕਾਮਿਆਂ ਦਾ ਵੀ ਕਰਜ਼ਾ ਮੁਆਫ਼ ਹੋਵੇਗਾ। ਇਹ ਐਲਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਥੇ ਓਮੈਕਸ ਸਿਟੀ ਵਿਚ ਹੋਏ ਸੂਬਾਈ ਸਮਾਗਮ ਦੌਰਾਨ ਕਿਸਾਨਾਂ ਨੂੰ ਕਰਜ਼ਾ ਰਾਹਤ ਸਰਟੀਫਿਕੇਟ ਸੌਂਪਣ ਮੌਕੇ ਕੀਤਾ। ਇਹ ਮੁਆਫ਼ੀ ਦੋ ਲੱਖ ਤੱਕ ਦੇ ਕਰਜ਼ੇ ’ਤੇ ਆਧਾਰਤ ਹੈ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਇਸ ਨਾਲ ਹੁਣ ਤੱਕ ਕਰੀਬ 4.28 ਲੱਖ ਕਿਸਾਨਾਂ ਦਾ 3586 ਕਰੋੜ ਦਾ ਕਰਜ਼ਾ ਮੁਆਫ਼ ਹੋ ਗਿਆ ਹੈ ਕਿਉਂਕਿ 3.18 ਲੱਖ ਕਿਸਾਨਾਂ ਦਾ ਸਹਿਕਾਰੀ ਬੈਂਕਾਂ ਦਾ 1815 ਕਰੋੜ ਦਾ ਕਰਜ਼ਾ ਪਹਿਲਾਂ ਹੀ ਮੁਆਫ਼ ਕੀਤਾ ਜਾ ਚੁੱੱਕਾ ਹੈ। ਤੀਜੇ ਤੇ ਚੌਥੇ ਪੜਾਅ ਵਿੱਚ ਸਹਿਕਾਰੀ ਬੈਂਕਾਂ ਨਾਲ ਜੁੜੇ 2.15 ਲੱਖ ਅਤੇ ਵਪਾਰਕ ਬੈਂਕਾਂ ਦੇ 50752 ਛੋਟੇ ਕਿਸਾਨਾਂ ਦਾ ਕਰਜ਼ਾ ਵੀ ਮੁਆਫ਼ ਹੋਵੇਗਾ। ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਅੱਜ ਹੀ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਕੇਂਦਰੀ ਏਸ਼ਿਆਈ ਮੁਲਕਾਂ ਵਿਚ ਬਰਾਮਦਗੀ ਲਈ ਖੰਡ ਅਤੇ ਆਲੂ ਦੀ ਫਸਲ ਨੂੰ ਵੀ ਵਿਸ਼ੇਸ਼ ਸੂਚੀ ਵਿਚ ਸ਼ਾਮਲ ਕਰਨ ਲਈ ਆਖਿਆ ਹੈ, ਜਿਸ ਨਾਲ ਸੂਬੇ ਦੇ ਗੰਨਾ ਕਾਸ਼ਤਕਾਰਾਂ ਅਤੇ ਆਲੂ ਉਤਪਾਦਕਾਂ ਨੂੰ ਵੱਡਾ ਲਾਭ ਮਿਲੇਗਾ। ਕੈਪਟਨ ਨੇ ਕਿਹਾ ਕਿ ਇਜ਼ਰਾਈਲ ਅਤੇ ਪੀ.ਏ.ਯੂ. ਲੁਧਿਆਣਾ ਦੇ ਮਾਹਿਰਾਂ ਦੀ ਭਾਈਵਾਲੀ ਨਾਲ ਸੂਬੇ ਵਿਚ ਜਲ ਸੰਭਾਲ ’ਤੇ ਵੀ ਵਿਸ਼ੇਸ਼ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ ਤਾਂ ਜੋ ਇਸ ਵਡਮੁੱਲੇ ਸਰੋਤ ਨੂੰ ਸੰਭਾਲਿਆ ਜਾ ਸਕੇ। ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ, ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਨੇ ਵੀ ਇਸ ਮੌਕੇ ਵਿਚਾਰ ਪੇਸ਼ ਕੀਤੇ। ਸਮਾਗਮ ਦੀ ਸ਼ੁਰੂਆਤ ਵਿਧਾਇਕ ਤੇ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਹਰਦਿਆਲ ਸਿੰਘ ਕੰਬੋਜ ਵੱਲੋਂ ਸਵਾਗਤੀ ਭਾਸ਼ਣ ਦੇਣ ਨਾਲ ਹੋਈ। ਇਸ ਮੌਕੇ, ਮਨਪ੍ਰੀਤ ਸਿੰਘ ਬਾਦਲ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਵਿਜੈਇੰਦਰ ਸਿੰਗਲਾ, ਬਲਬੀਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਕਾਂਗੜ, ਚਰਨਜੀਤ ਸਿੰਘ ਚੰਨੀ ਤੇ ਸੁਰਿੰਦਰ ਅਰੋੜਾ (ਸਾਰੇ ਮੰਤਰੀ), ਕੁਲਜੀਤ ਸਿੰਘ ਨਾਗਰਾ, ਰਾਣਾ ਗੁਰਜੀਤ ਸਿੰਘ, ਹਰਮਿੰਦਰ ਸਿੰਘ ਗਿੱਲ, ਨਿਰਮਲ ਸਿੰਘ ਸ਼ੁਤਰਾਣਾ, ਮਦਨ ਲਾਲ ਜਲਾਲਪੁਰ, ਚੌਧਰੀ ਸੁਰਿੰਦਰ ਸਿੰਘ, ਗੁਰਪ੍ਰੀਤ ਸਿੰਘ ਜੀਪੀ ਤੇ ਰਾਜ ਕੁਮਾਰ ਚੱਬੇਵਾਲ (ਸਾਰੇ ਵਿਧਾਇਕ), ਐਮਪੀ ਸੰਤੋਖ ਸਿੰਘ, ਮੇਅਰ ਸੰਜੀਵ ਬਿੱਟੂ ਤੇ ਹਨੀ ਸੇਖੋਂ ਗੁਰਸ਼ਨ ਕੌਰ ਰੰਧਾਵਾ, ਕੇ. ਕੇ ਸ਼ਰਮਾ ਤੇ ਹੈਰੀ ਮਾਨ ਵੀ ਮੌਜੂਦ ਸਨ।

Previous articleMerkel bows out as CDU prepares to vote on successor
Next articleਸੜਕ ਹਾਦਸੇ ’ਚ ਦੋ ਸਹਾਇਕ ਥਾਣੇਦਾਰਾਂ ਦੀ ਮੌਤ; 2 ਜ਼ਖ਼ਮੀ