ਕਠੂਆ ਵਿੱਚ ਕੌਮਾਂਤਰੀ ਸਰਹੱਦ ਦੇ ਨਾਲ ਦਸ ਦਿਨਾਂ ’ਚ ਦੂਜੀ ਸੁਰੰਗ ਮਿਲੀ

ਜੰਮੂ (ਸਮਾਜ ਵੀਕਲੀ):  ਸੀਮਾ ਸੁਰੱਖਿਆ ਬਲ ਨੇ ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿੱਚ ਪਾਕਿਸਤਾਨ ਵੱਲੋਂ ਅਤਿਵਾਦੀਆਂ ਦੀ ਘੁਸਪੈਠ ਲਈ ਬਣਾਈ ਗਈ ਇਕ ਹੋਰ ਅੰਡਰਗਰਾਊਂਡ ਸੁਰੰਗ ਲੱਭ ਲਈ ਹੈ। ਇਹ ਜਾਣਕਾਰੀ ਅੱਜ ਬੀਐੱਸਐੱਫ ਦੇ ਇਕ ਬੁਲਾਰੇ ਨੇ ਦਿੱਤੀ। ਦਸ ਦਿਨਾਂ ਵਿੱਚ ਮਿਲੀ ਇਹ ਦੂਜੀ ਸੁਰੰਗ ਹੈ। ਬੁਲਾਰੇ ਨੇ ਦੱਸਿਆ ਕਿ ਹੀਰਾਨਗਰ ਸੈਕਟਰ ਦੇ ਪਨਸਾਰ ਖੇਤਰ ਵਿੱਚ ਸਰਹੱਦੀ ਚੌਕੀ ’ਤੇ ਅਜਿਹੀਆਂ ਸੁਰੰਗਾਂ ਦਾ ਪਤਾ ਲਾਉਣ ਲਈ ਚਲਾਈ ਗਈ ਮੁਹਿੰਮ ਤਹਿਤ ਇਸ ਸੁਰੰਗ ਦਾ ਪਤਾ ਲੱਗਿਆ।

ਬੀਐੱਸਐੱਫ ਵੱਲੋਂ ਪਿਛਲੇ ਦਸ ਦਿਨਾਂ ਵਿੱਚ ਹੀਰਾਨਗਰ ਸੈਕਟਰ ’ਚ ਇਹ ਦੂਜੀ ਸੁਰੰਗ ਲੱਭੀ ਗਈ ਹੈ। ਬੁਲਾਰੇ ਨੇ ਦੱਸਿਆ ਕਿ ਇਕ ਖ਼ੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਸਵੇਰੇ ਚਲਾਈ ਗਈ ਇਕ ਮੁਹਿੰਮ ਦੌਰਾਨ ਇਹ ਸੁਰੰਗ ਲੱਭੀ ਗਈ ਹੈ। ਇਹ ਸੁਰੰਗ 150 ਮੀਟਰ ਲੰਬੀ ਤੇ 30 ਫੁੱਟ ਡੂੰਘੀ ਹੈ ਅਤੇ ਇਸ ਦਾ ਵਿਆਸ ਤਿੰਨ ਫੁੱਟ ਹੈ। ਇਸ ਦੇ ਨਾਲ ਹੀ ਸੀਮਾ ਸੁਰੱਖਿਆ ਬਲ ਨੇ ਪੁਣਛ ਜ਼ਿਲ੍ਹੇ ਦੇ ਹਾਡੀਗੁਡਾ ਵਿੱਚ ਦੋਬਾ ਮੁਹੱਲਾ ਜੰਗਲਾਤ ਖੇਤਰ ਵਿੱਚ ਅਤਿਵਾਦੀਆਂ ਵੱਲੋਂ ਬਣਾਈ ਗਈ ਇਕ ਛੁਪਣਗਾਹ ਵੀ ਲੱਭੀ ਹੈ। ਇਸ ਦੌਰਾਨ ਭਾਰੀ ਮਾਤਰਾ ਵਿੱਚ ਗੋਲਾ ਬਾਰੂਦ ਤੇ ਹਥਿਆਰ ਵੀ ਬਰਾਮਦ ਕੀਤੇ ਗਏ ਹਨ।

Previous articleਹਰਿਆਣਾ ’ਚੋਂ ਹਜ਼ਾਰਾਂ ਟਰੈਕਟਰਾਂ ਦੇ ਕਾਫ਼ਲੇ ਦਿੱਲੀ ਵੱਲ ਰਵਾਨਾ
Next articleਸ਼ੱਕੀ ਨੌਜਵਾਨ ਤੋਂ ਪੁੱਛਗਿੱਛ ਜਾਰੀ