ਲੁਧਿਆਣਾ ਪੁਲਿਸ ਵੱਲੋਂ ਪੁਲਿਸ ਨੂੰ ਗੁੰਮਰਾਹ ਕਰਨ ਦੇ ਦੋਸ਼ ‘ਚ ਸ਼ਿਵਸੇਨਾ ਹਿੰਦੁਸਤਾਨ ਦੇ ਲੇਵਰ ਵਿੰਗ ਦੇ ਇੱਕ ਲੀਡਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਹਿਚਾਣ ਨਰਿੰਦਰ ਭਾਰਦਵਾਜ ਜ਼ਿਲ੍ਹਾ ਆਜਮਗੜ੍ਹ, ਉੱਤਰ ਪ੍ਰਦੇਸ਼ ਵੱਜੋਂ ਹੋਈ ਹੈ।
ਪ੍ਰੈਸ ਕਾਨਫਰੰਸ ਦੌਰਾਨ ਰਾਕੇਸ਼ ਅਗਰਵਾਲ ਕਮਿਸ਼ਨਰ ਪੁਲਿਸ ਲੁਧਿਆਣਾ ਨੇ ਦੱਸਿਆ ਕਿ ਬੀਤੇ ਕੁੱਝ ਦਿਨ ਪਹਿਲਾਂ ਮੁਲਜ਼ਮ ਨੇ ਉਸ ‘ਤੇ ਹਮਲਾ ਹੋਣ ਦਾ ਨਾਟਕ ਕੀਤਾ ਸੀ। ਜਿਹੜਾ ਕਿ ਜਾਂਚ ਕਰਨ ‘ਤੇ ਝੂਠ ਨਿੱਕਲਿਆ। ਕਮਿਸ਼ਨਰ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਰਿੰਦਰ ਭਾਰਦਵਾਜ ਨੇ 7 ਮਾਰਚ 2020 ਨੂੰ ਲੁਧਿਆਣਾ ਪੁਲਿਸ ਕੋਲ ਐਫ.ਆਈ.ਆਰ. ਦਰਜ ਕਰਵਾਈ ਸੀ ਕਿ 6 ਮਾਰਚ ਦੀ ਰਾਤ ਨੂੰ 8 ਵਜੇ ਸ਼ਨੀਵਾਰ ਨੂੰ ਕੋਹੜਾ ਏਰੀਆ ‘ਚ ਅਣਪਛਾਤੇ ਵਿਅਕਤੀਆਂ ਨੇ ਉਸ ‘ਤੇ ਹਮਲਾ ਕਰ ਦਿੱਤਾ। ਉਸ ਨੇ ਦੱਸਿਆ ਕਿ ਉਹ ਫੋਕਲ ਪੁਆਇੰਟ ਵਿੱਚ ਇੱਕ ਫੈਕਟਰੀ ਵਿੱਚ ਕੰਮ ਕਰਦਾ ਹੈ। ਸ਼ਨੀਵਾਰ ਦੀ ਰਾਤ ਨੂੰ, ਜਦੋਂ ਉਹ ਘਰ ਵਾਪਸ ਆ ਰਿਹਾ ਸੀ, ਤਾਂ ਉਹ ਕੋਹੜਾ ਗੈਸ ਸਟੇਸ਼ਨ ‘ਤੇ ਤੇਲ ਪਵਾਉਣ ਲਈ ਰੁਕਿਆ ਸੀ ਇਸ ਦੌਰਾਨ ਉਸ ‘ਤੇ ਅਣਪਛਾਤੇ ਵਿਅਕਤੀਆਂ ਨੇ ਉਸ ‘ਤੇ ਹਮਲਾ ਕਰ ਦਿੱਤਾ।
ਅਸਲ ‘ਚ ਮੁਲਜ਼ਮ ਦਾ ਟ੍ਰੈਕਟਰ ਟ੍ਰਾਲੀ ਨਾਲ ਹਾਦਸਾ ਹੋਇਆ ਸੀ। ਉਸ ਨੇ ਸਕਿਉਰਿਟੀ ਲੈਣ ਖਾਤਰ ਆਪਣੇ ‘ਤੇ ਝੂਠੇ ਹਮਲੇ ਦੀ ਕਹਾਣੀ ਘੜੀ ਸੀ। ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸ ਤੋਂ ਅੱਗੇ ਦੀ ਪੁੱਛ-ਗਿੱਛ ਕੀਤੀ ਜਾ ਰਹੀ ਹੈ।