ਭਾਜਪਾ ਵੱਲੋਂ ਕੈਪਟਨ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ

ਭਾਜਪਾ ਨੇ ਚੋਣ ਕਮਿਸ਼ਨ ਕੋਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੀ ਸ਼ਿਕਾਇਤ ਕੀਤੀ ਹੈ। ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸਨੀ ਦਿਓਲ ਨੇ ਆਪਣੇ ਅਧਿਕਾਰਤ ਵਕੀਲ ਅਨਿਲ ਮਹਿਤਾ ਰਾਹੀਂ ਰਿਟਰਨਿੰਗ ਅਫ਼ਸਰ ਕਮ ਡਿਪਟੀ ਕਮਿਸ਼ਨਰ ਨੂੰ ਇਹ ਸ਼ਿਕਾਇਤ ਭੇਜੀ ਹੈ। ਸ਼ਿਕਾਇਤ ਵਿੱਚ ਲਿਖਿਆ ਹੈ ਕਿ 11 ਮਈ ਨੂੰ ਵਿਧਾਨ ਸਭਾ ਹਲਕਾ ਭੋਆ ਅਧੀਨ ਪਿੰਡ ਪੈਂਦੇ ਪਿੰਡ ਸਰਨਾ ਵਿੱਚ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਦੇ ਪੱਖ ਵਿੱਚ ਰੱਖੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਵੱਖ ਵੱਖ ਕੰਮਾਂ ਦਾ ਐਲਾਨ ਕਰ ਕੇ ਚੋਣਾਂ ਲਈ ਨਿਰਧਾਰਿਤ ਨਿਯਮਾਂ ਦੀ ਉਲੰਘਣਾ ਕੀਤੀ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਵੋਟਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਸ਼ੂਗਰ ਮਿੱਲ ਦੀ ਸਮਰੱਥਾ ਵਧਾਉਣ, ਬਿਜਲੀ ਅਤੇ ਸੀਐਨਜੀ ਪੈਦਾ ਕਰਨ ਲਈ ਪਲਾਂਟ ਦਾ ਨੀਂਹ ਪੱਥਰ ਰੱਖਣ ਦਾ ਐਲਾਨ, ਝੋਨੇ ਦੀ ਲਵਾਈ ਦੀ ਤਰੀਕ ਵਿੱਚ ਸੋਧ ਕਰਨ ਆਦਿ ਦਾ ਐਲਾਨ ਕਰ ਕੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ। ਉਨ੍ਹਾਂ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਕਾਂਗਰਸੀ ਉਮੀਦਵਾਰ ਸਣੇ ਮੁੱਖ ਮੰਤਰੀ ਨੂੰ ਚੋਣ ਪ੍ਰਚਾਰ ਤੋਂ ਬਾਹਰ ਰੱਖਿਆ ਜਾਵੇ। ਇਸ ਸਬੰਧੀ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਨੇ ਕਿਹਾ ਕਿ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕਈ ਮਹੀਨੇ ਪਹਿਲਾਂ ਹੀ ਪਨਿਆੜ ਸ਼ੂਗਰ ਮਿੱਲ ਦੀ ਸਮਰੱਥਾ ਵਧਾਉਣ ਸਬੰਧੀ ਬਿਆਨ ਦੇ ਚੁੱਕੇ ਹਨ, ਇਸ ਲਈ ਇਹ ਸ਼ਿਕਾਇਤ ਬੇਬੁਨਿਆਦ ਹੈ। ਸ੍ਰੀ ਜਾਖੜ ਨੇ ਕਿਹਾ ਕਿ ਇਹ ਪਲਾਂਟ ਲਗਾਏ ਜਾਣ ਸਬੰਧੀ ਕੁੱਝ ਮਹੀਨੇ ਪਹਿਲਾਂ ਫ਼ੈਸਲਾ ਲਿਆ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਹਾਰ ਦੇ ਡਰ ਕਾਰਨ ਭਾਜਪਾ ਬੌਖਲਾਹਟ ਵਿਚ ਹੈ। ਇਸ ਸਬੰਧੀ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ, ਗੁਰਦਾਸਪੁਰ ਵਿਪੁਲ ਉੱਜਵਲ ਨੇ ਕਿਹਾ ਕਿ ਉਹ ਉਕਤ ਸੰਬੋਧਨ ਦੀ ਵੀਡੀਓ ਰਿਕਾਰਡਿੰਗ ਦੇਖ ਕੇ ਹੀ ਕੁਝ ਕਹਿ ਸਕਦੇ ਹਨ।

Previous articleKCR may not be averse to back Congress-led coalition
Next articleBengal BJP chief’s ‘personal aide’ held with Rs 1 crore