ਧਰਮਕੋਟ ’ਚ ਸਤਲੁਜ ਦੇ ਪਾਣੀ ਦਾ ਪੱਧਰ ਸਥਿਰ; ਲੋਕਾਂ ਵਿਚ ਸਹਿਮ

ਧਰਮਕੋਟ ਵਿੱਚ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ 724 ਫੁੱਟ ਤੋਂ 3 ਫੁੱਟ ਹੇਠਾਂ ਆਉਣ ਤੋਂ ਬਾਅਦ ਅੱਜ ਸਥਿਰ ਰਿਹਾ। ਇੱਥੇ ਹੜ੍ਹਾਂ ਕਾਰਨ ਏਨੀ ਤਬਾਹੀ ਹੋਈ ਹੈ ਕਿ ਲੋਕਾਂ ਦੇ ਘਰ-ਬਾਰ ਤਬਾਹ ਹੋ ਗਏ ਹਨ ਅਤੇ ਪਾਣੀ ’ਚ ਘਿਰੇ ਪਿੰਡਾਂ ਦੇ ਪਰਿਵਾਰ ਘਰਾਂ ਦੀਆਂ ਛੱਤਾਂ ਉਪਰ ਬੈਠੇ ਹਨ ਅਤੇ ਉਹ ਬਾਹਰ ਆਉਣ ਨੂੰ ਤਿਆਰ ਨਹੀਂ। ਹੜ੍ਹ ਪ੍ਰਭਾਵਿਤ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ਵਿੱਚ ਖਾਣ ਲਈ ਅਨਾਜ ਦਾ ਇਕ ਵੀ ਦਾਣਾ ਨਹੀਂ ਬਚਿਆ ਅਤੇ ਜੋ ਫਸਲ ਅਤੇ ਸਬਜ਼ੀਆਂ ਖੇਤਾਂ ’ਚ ਲਾਈਆਂ ਸਨ, ਉਹ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਹਨ ਅਤੇ ਕੁਝ ਘਰ ਡਿੱਗਣ ਵਾਲੇ ਹੋ ਗਏ ਹਨ। ਨਾ ਖਾਣ ਲਈ ਕੁਝ ਬਚਿਆ, ਨਾ ਪਹਿਨਣ ਲਈ ਅਤੇ ਉਸ ਤੋਂ ਵੀ ਬੁਰਾ ਹਾਲ ਉਨ੍ਹਾਂ ਦੇ ਮਵੇਸ਼ੀਆਂ ਦਾ ਹੈ, ਜਿਨ੍ਹਾਂ ਲਈ ਖੇਤਾਂ ’ਚ ਚਾਰਾ ਤੱਕ ਨਹੀਂ ਬਚਿਆ। ਇੱਥੇ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਡਿਪਟੀ ਕਮਿਸਨਰ ਸੰਦੀਪ ਹੰਸ, ਐੱਸਡੀਐੱਮ ਧਰਮਕੋਟ ਨਰਿੰਦਰ ਸਿੰਘ ਧਾਲੀਵਾਲ, ਤਹਿਸੀਲਦਾਰ ਪਵਨ ਕੁਮਾਰ ਗੁਲਾਟੀ, ਨਾਇਬ ਤਹਿਸੀਲਦਾਰ ਮਨਿੰਦਰ ਸਿੰਘ ਨਾਲ ਐੱਨਡੀਆਰਐੱਫ ਦੀ ਮੋਟਰ ਬੋਟ ਰਾਹੀਂ ਪਾਣੀ ਦੇ ਪੱਧਰ ਦਾ ਜਾਇਜ਼ਾ ਲਿਆ। ਨਾਇਬ ਤਹਿਸੀਲਦਾਰ ਮਨਿੰਦਰ ਸਿੰਘ ਨੇ ਦੱਸਿਆ ਕਿ ਪਾਣੀ ਵਿੱਚ ਘਿਰੇ ਲੋਕਾਂ ਨੂੰ ਮੋਟਰਬੋਟ ਰਾਹੀਂ ਜ਼ਰੂਰਤ ਦਾ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਹੈਲੀਕਾਪਟਰ ਰਾਹੀਂ ਵੀ ਪਾਣੀ ਵਿੱਚ ਘਿਰੇ ਲੋਕਾਂ ਨੂੰ ਉਨ੍ਹਾਂ ਦੇ ਮਕਾਨਾਂ ’ਤੇ ਖਾਣਾ ਪੀਣ ਵਾਲਾ ਸਾਮਾਨ ਸੁੱਟਿਆ ਗਿਆ ਹੈ। ਪ੍ਰਸ਼ਾਸਨ ਵੱਲੋਂ ਪ੍ਰਭਾਵਿਤ ਲੋਕਾਂ ਲਈ ਰਿਲੀਫ ਕੈਂਪਾਂ ਵਿੱਚ ਲੰਗਰ ਦਵਾਈ ਪੀਣ ਵਾਲਾ ਪਾਣੀ ਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਪਸ਼ੂਆਂ ਲਈ ਪ੍ਰਸ਼ਾਸਨ ਵੱਲੋਂ ਫੀਡ ਦਿੱਤੀ ਜਾ ਰਹੀ ਹੈ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਹਰਾ-ਚਾਰਾ ਤੇ ਤੂੜੀ ਵੰਡੀ ਜਾ ਰਹੀ ਹੈ। ਰਾਹਤ ਕੈਂਪ ’ਚ ਹੜ੍ਹ ਪੀੜਤਾਂ ਦੀ ਡਾਕਟਰੀ ਟੀਮਾਂ ਵੱਲੋਂ ਸਿਹਤ ਜਾਂਚ ਕੀਤੀ ਜਾ ਰਹੀ ਹੈ। ਐਨਡੀਆਰਐਫ. ਇੰਸਪੈਕਟਰ ਰਾਹੁਲ ਪ੍ਰਤਾਪ ਸਿੰਘ ਅਤੇ ਸਬ-ਇੰਸਪੈਕਟਰ ਅਮਰ ਪ੍ਰਤਾਪ ਸਿੰਘ ਨੇ ਦੱਸਿਆ ਕਿ 22 ਮੈਂਬਰੀ ਐਨਡੀਆਰਐਫ ਦੀ ਟੀਮ ਨੇ ਪੰਜ ਹੜ੍ਹ ਪ੍ਰਭਾਵਿਤ ਪਿੰਡ ਸੰਘੇੜਾ, ਕੰਬੋ ਖੁਰਦ, ਭੈਣੀ, ਮਹਿਰੂਵਾਲ ਆਦਿ ਦੇ ਕਰੀਬ 800 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਹੈ।

Previous articleਹੜ੍ਹ ਪੀੜਤਾਂ ਲਈ ਕੈਪਟਨ ਨੇ ਕੇਂਦਰ ਕੋਲੋਂ 1000 ਕਰੋੜ ਰੁਪਏ ਮੰਗੇ
Next articleਹੜ੍ਹ ਮਾਰੀਆਂ ਫ਼ਸਲਾਂ ਦਾ ਮੁਆਵਜ਼ਾ ਜਲਦੀ ਦੇਵਾਂਗੇ: ਕਾਂਗੜ