ਪਟਿਆਲਾ (ਸਮਾਜਵੀਕਲੀ): ਭਾਰਤ-ਚੀਨ ’ਤੇ ਇੱਕ ਬਚਾਅ ਕਾਰਜਾਂ ਦੌਰਾਨ 26 ਜੂਨ ਨੂੰ ਸ਼ਿਓਕ ਨਦੀ ’ਚ ਕਿਸ਼ਤੀ ਪਲਟਣ ਕਾਰਨ ਸ਼ਹੀਦ ਹੋਏ ਮਰਦਾਂਹੇੜੀ ਦੇ ਲਾਂਸ ਨਾਇਕ ਸਲੀਮ ਖ਼ਾਨ ਨਮਿੱਤ ਖ਼ਤਮ ਸ਼ਰੀਫ਼ ਦੀ ਦੂਆ ਦੀ ਰਸਮ ਅਤੇ ਸ਼ਰਧਾਂਜਲੀ ਸਮਾਰੋਹ ਦੌਰਾਨ ਅੱਜ ਕਰਵਾਇਆ ਗਿਆ।
ਇਸ ਦੌਰਾਨ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪੰਜਾਬ ਸਰਕਾਰ ਦੀ ਤਰਫ਼ੋਂ 50 ਲੱਖ ਗਰਾਂਟ ਵਿਚੋਂ ਅੱਜ 5 ਲੱਖ ਦਾ ਚੈੱਕ ਵੀ ਸ਼ਹੀਦ ਦੀ ਮਾਤਾ ਨਸੀਮਾ ਬੇਗਮ ਨੂੰ ਸੌਂਪਿਆ। ਸਰਕਾਰ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਵੇਗੀ ਤੇ ਪਿੰਡ ਦੇ ਐਲੀਮੈਂਟਰੀ ਸਕੂਲ ਨੂੰ ਅਪਗ੍ਰੇਡ ਕਰਕੇ ਇਸ ਨੂੰ ਸ਼ਹੀਦ ਦਾ ਨਾਮ ਰੱਖੇਗੀ। ਸ਼ਹੀਦ ਦੀ ਭੈਣ ਸੁਲਤਾਨਾ ਅਤੇ ਭਰਾ ਨਿਆਮਤ ਅਲੀ ਸਮੇਤ ਹੋਰ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਵੀ ਮੌਜੂਦ ਸਨ।
ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੇਂਦਰ ਸਰਕਾਰ ਦੇ ਖੇਲੋ ਇੰਡੀਆ ਪ੍ਰਾਜੈਕਟ ਤਹਿਤ ਸ਼ਹੀਦ ਦੇ ਨਾਮ ’ਤੇ ਮਰਦਾਂਹੇੜੀ ’ਚ ਸਪੋਰਟਸ ਕੰਪਲੈਕਸ ਬਣਵਾਉਣ ਦਾ ਭਰੋਸਾ ਦਿੰਦਿਆਂ ਦੱਸਿਆ ਕਿ ਸੱਤ ਏਕੜ ’ਚ ਇਹ ਪ੍ਰਾਜੈਕਟ ਸੱਤ ਕਰੋੜ ’ਚ ਬਣੇਗਾ। ਲੋਕ ਸਭਾ ਮੈਂਬਰ ਪਰਨੀਤ ਕੌਰ ਦੇ ਹਵਾਲੇ ਨਾਲ਼ ਸਨੌਰ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਦੱਸਿਆ ਕਿ ਮਰਦਾਂਹੇੜੀ ਦੇ ਵਿਕਾਸ ਅਤੇ ਸ਼ਹੀਦ ਦੀ ਯਾਦਗਾਰ ਬਣਾਉਣ ਲਈ 2.4 ਕਰੋੜ ਰੁਪਏ ਖ਼ਰਚੇ ਜਾਣਗੇ।
ਸਮਾਣਾ ਦੇ ਵਿਧਾਇਕ ਰਜਿੰਦਰ ਸਿੰਘ ਨੇ ਯਾਦਗਾਰ ਲਈ ਮੰਡੀ ਬੋਰਡ ਨਾਲ਼ ਤਾਲਮੇਲ ਰੱਖਣ ਦੀ ਜ਼ਿੰਮੇਵਾਰੀ ਓਟੀ। ਸਨੌਰ ਦੇ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਨੇ ਸ਼ਹੀਦ ਦੀ ਯਾਦ ’ਚ ਗੁਰੂ ਨਾਨਕ ਮੋਦੀ ਖ਼ਾਨਾ ਖੋਲ੍ਹਣ ਦਾ ਵੀ ਐਲਾਨ ਕੀਤਾ। ਮਾਰਕੀਟ ਕਮੇਟੀ ਡਕਾਲਾ ਚੇਅਰਮੈਨ ਮਦਨਜੀਤ ਡਕਾਲਾ ਨੇ ਆਖਿਆ ਕਿ ਸੜਕ ਚੌੜੀ ਕਰਨ ਸਬੰਧੀ ਮੰਡੀ ਬੋਰਡ ਵੱਲੋਂ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਕਾਸ ਸ਼ਰਮਾ ਅਤੇ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਚੇਤੰਨ ਸਿੰਘ ਜੌੜੇਮਾਜਰਾ ਨੇ ਵੀ ਸ਼ਰਧਾਂਜਲੀ ਅਰਪਿਤ ਕੀਤੀ।
ਇਸ ਦੌਰਾਨ ਚੇਅਰਮੈਨ ਅਸ਼ਵਨੀ ਬੱਤਾ, ਚੇਅਰਮੈਨ ਮਦਨਜੀਤ ਡਕਾਲਾ, ਚੇਅਰਮੈਨ ਤਰਸੇਮ ਝੰਡੀ, ਜੋਗਿੰਦਰ ਕਾਕੜਾ, ਗੁਰਬੰਸ ਪੂਨੀਆ, ਤੇਜਿੰਦਰਪਾਲ ਸੰਧੂ, ਕੋਚ ਜਿਓਣਾ ਖਾਨ, ਜੋਤੀ ਖਾਨ, ਸਿਮਰਦੀਪ ਬਰਕਤਪੁਰ, ਰੋਸ਼ਨ ਜਿੰਦਲ, ਸਰਪੰਚ ਜਗਦੀਪ ਸਿੰਘ ਮਰਦਾਂਹੇੜੀ, ਸਰਪੰਚ ਮੱਖਣ ਝੰਡੀ, ਰਮੇਸ਼ਵਰ ਸ਼ਰਮਾ, ਜੋਗਾ ਸਿੰਘ ਪਨੌਦੀਆਂ, ਸੁਖਦਰਸ਼ਨ ਮਿਹੌਣ, ਇੰਦਰਜੀਤ ਸੰਧੂ, ਜਿੰਮੀ ਡਕਾਲਾ, ਰਮੇਸ਼ ਗੋਇਲ, ਅਮਨ ਨੈਣਾ ਤੇ ਗੁਫਰਾਨ ਸੁਲਮਾਨੀ ਆਦਿ ਵੀ ਮੌਜੂਦ ਸਨ। ਮੌਸਮ ਦੀ ਖਰਾਬੀ ਕਾਰਨ ਇਹ ਸ਼ਰਧਾਂਜਲੀ ਸਮਾਗਮ ਪੰਜੋਲਾ ਵਿਚਲੇ ਪੈਲੇਸ ’ਚ ਹੋਇਆ।