ਸੰਤ ਅਵਤਾਰ ਸਿੰਘ ਯਾਦਗਾਰੀ ਕਾਲਜ ਦਾ 16ਵਾਂ ਸਥਾਪਨਾ ਦਿਵਸ ਮਨਾਇਆ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਵਿਸ਼ਵ ਜਲਗਾਹ ਦਿਵਸ ਮੌਕੇ ‘ਵੇਈਂ ਦਾ ਸਪੁੱਤਰ ਸੰਤ ਸੀਚੇਵਾਲ’ ਨਾਂਅ ਦੀ ਪੁਸਤਕ ਅੱਜ ਲੋਕ ਅਰਪਣ ਕੀਤੀ ਗਈ। ਇਹ ਪੁਸਤਕ ਡਾ: ਜਸਬੀਰ ਸਿੰਘ ਵੱਲੋਂ ਲਿਖੀ ਗਈ ਹੈ ਜਿਹੜੇ ਕਿ ਯੂਨੀਵਰਸਿਟੀ ਕਾਲਜ਼ ਬੇਨੜ੍ਹਾ-ਧੂਰੀ ਵਿੱਚ ਸਹਾਇਕ ਪ੍ਰੋਫੇਸਰ ਹਨ। ਸੰਤ ਅਵਤਾਰ ਸਿੰਘ ਯਾਦਗਾਰੀ ਕਾਲਜ ਦੇ 16ਵੇਂ ਸਥਾਪਨਾ ਦਿਵਸ ਅਤੇ ਸੰਤ ਅਵਤਾਰ ਸਿੰਘ ਯਾਦਗਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਤੀਜ਼ੇ ਸਥਾਪਨਾ ਦਿਵਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਬੁਲਾਰਿਆ ਨੇ ਜਿੱਥੇ ਪੰਜਾਬ ਵਿੱਚ ਸਿੱਖਿਆ ਦੇ ਖੇਤਰ ਵਿੱਚ ਆ ਰਹੇ ਨਿਘਾਰ ਅਤੇ ਮਹਿੰਗੀ ਹੁੰਦੀ ਜਾ ਰਹੀ ਮਿਆਰੀ ਸਿੱਖਿਆ ਨੂੰ ਆਮ ਲੋਕਾਂ ਤੱਕ ਪਹੁੰਚਾਉਣ ‘ਤੇ ਜ਼ੋਰ ਦਿੱਤਾ ਉੱਥੇ ਹੀ ਪੰਜਾਬ ਦੀਆਂ ਕੌਮਾਂਤਰੀ ਪਛਾਣ ਰੱਖਣ ਵਾਲੀਆਂ ਜਲਗਾਹਾਂ ਦੇ ਹਰ ਸਾਲ ਸੁੰਗੜਣ ‘ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਇਲਾਕੇ ਦੀ ਸੰਗਤ ਵੱਲੋਂ 59ਵੇਂ ਜਨਮ ਦਿਨ ਮੌਕੇ ਸਾਲ 2021 ਵਿੱਚ ਵੱਡੇ ਪੱਧਰ ‘ਤੇ ਬੂਟੇ ਲਗਾਉਣ ਦਾ ਅਹਿਦ ਲਿਆ ਗਿਆ।
ਇਸ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਿਹਾ ਕਿ ਪੰਜਾਬ ਵਿੱਚ ਪੇਂਡੂ ਸਿੱਖਿਆ ਵੱਲ ਕੋਈ ਖ਼ਾਸ ਧਿਆਨ ਨਹੀਂ ਦਿੱਤਾ ਜਾ ਰਿਹਾ। ਸਿੱਖਿਆ ਏਨੀ ਮਹਿੰਗੀ ਹੋ ਗਈ ਹੈ ਕਿ ਇਹ ਗਰੀਬ ਲੋਕਾਂ ਦੀ ਪਹੁੰਚ ਵਿੱਚ ਹੀ ਨਹੀ ਰਹੀ। ਉਨ੍ਹਾਂ ਕਿਹਾ ਕਿ ਸ੍ਰੀਮਾਨ ਸੰਤ ਅਵਤਾਰ ਸਿੰਘ ਜੀ ਵੱਲੋਂ ਜਿਹੜੀ ਗੁਰਮਤਿ ਦੀ ਸਿੱਖਿਆ ਉਨ੍ਹਾਂ ਨੂੰ ਦਿੱਤੀ ਸੀ ਉਸੇ ਦੀ ਬਾਦੌਲਤ ਅੱਜ ਦੋਨਾ ਇਲਾਕੇ ਵਿੱਚ ਸਿੱਖਿਆ ਦਾ ਪ੍ਰਸਾਰ ਹੋ ਰਿਹਾ ਹੈ। ਪ੍ਰਾਇਮਰੀ ਸਕੂਲ ਤੋਂ ਲੈਕੇ ਕਾਲਜ਼ ਪੱਧਰ ਦੀ ਸਿੱਖਿਆ ਬੜੀ ਸਸਤੀ ਤੇ ਮਿਆਰੀ ਦਿੱਤੀ ਜਾ ਰਹੀ ਹੈ।
ਪੰਜਾਬ ਦੀਆਂ ਤਿੰਨੋਂ ਜਲਗਾਹਾਂ ਹਰੀਕੇ ਪੱਤਣ, ਕਾਂਝਲੀ ਤੇ ਰੋਪੜ ਝੀਲ ਦਾ ਜ਼ਿਕਰ ਕਰਦਿਆ ਉਨ੍ਹਾਂ ਕਿਹਾ ਪਾਣੀਆਂ ਦੇ ਕੁਦਰਤੀ ਭੰਡਾਰ ਅੱਜ ਸੱੁਕਦੇ ਤੇ ਮੁੱਕਦੇ ਜਾ ਰਹੇ ਹਨ। ਇਹ ਝੀਲਾਂ ਧਰਤੀ ਦਾ ਸ਼ਿੰਗਾਰ ਹਨ। ਇੰਨ੍ਹਾਂ ਦੁਆਲੇ ਪਨਪਦੀ ਬਨਾਸਪਤੀ ਤੇ ਇੰਨ੍ਹਾਂ ਝੀਲਾਂ ‘ਤੇ ਆਉਂਦੇ ਪਰਵਾਸੀ ਪੰਛੀ ਕੁਦਰਤ ਦਾ ਸਮਤੋਲ ਬਣਾ ਕੇ ਰੱਖਦੇ ਹਨ। ਇੰਨ੍ਹਾਂ ਝੀਲਾਂ ਦਾ ਪਾਣੀ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਬਣਾਈ ਰੱਖਦਾ ਹੈ ਪਰ ਇੰਨ੍ਹਾਂ ਦੀ ਸਮੇਂ ਸਿਰ ਸਫ਼ਾਈ ਨਾ ਹੋਣ ਕਾਰਨ ਹਲਾਤ ਵਿਗੜਦੇ ਜਾ ਰਹੇ ਹਨ। ਉਨ੍ਹਾਂ ਸੰਗਤਾਂ ਨੂੰ ਮੁਖਾਤਿਬ ਹੁੰਦਿਆ ਕਿਹਾ ਕਿ ਪੰਜਾਬ ਨੂੰ ਬਾਬੇ ਨਾਨਕ ਵੱਲੋਂ ਦਿੱਤੀ ਗਈ ਕੁਦਰਤੀ ਤੇ ਜ਼ਹਿਰਾਂ ਮੁਕਤ ਖੇਤੀ ਵੱਲ ਪਰਤਣਾ ਪਵੇਗਾ।
ਪਿਛਲੇ 21 ਸਾਲ ਤੋਂ ਵਿੱਦਿਆ ਤੇ ਖੇਡਾਂ ਦੇ ਖੇਤਰ ਵਿਚ ਕੀਤੇ ਜਾ ਰਹੇ ਬੇਮਿਸਾਲ ਕਾਰਜਾਂ ਵਿਚ ਇਲਾਕੇ ਦੇ ਨੌਜਵਾਨਾਂ ਵੱਲੋਂ ਵੱਡੇ ਪੱਧਰ ਤੇ ਯੋਗਦਾਨ ਪਾਇਆ ਜਾ ਰਿਹਾ ਹੈ। ਦ੍ਰਿਸ਼ਟੀ ਫਾਉਂਡੇਸ਼ਨ ਕਨੇਡਾ ਦੇ ਹਰਮਿੰਦਰ ਸਿੰਘ ਢਿੱਲੋਂ ਵੱਲੋਂ ਚਲਾਏ ਜਾ ਰਹੇ ਵਿੱਦਿਅਕ ਅਦਾਰਿਆਂ ਵਿਚ 1 ਲੱਖ ਦਾ ਦਾਨ ਦਿੱਤਾ ਗਿਆ ਅਤੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਾਲ 2021-22 ਵਿੱਚ 14 ਲੱਖ ਦੇ ਕੰਪਿਊਟਰ ਲਗਾਉਣ ਬਾਰੇ ਦੱਸਿਆ ਗਿਆ।
ਸ. ਤਰਸੇਮ ਸਿੰਘ ਕਨੇਡਾ ਵੱਲੋਂ ਵੀ 1 ਲੱਖ ਦਾ ਯੋਗਦਾਨ, ਚੱਕ ਚੇਲਾ ਦੇ ਅਗਾਂਹਵਾਧੂ ਕਿਸਾਨ ਸ. ਸੋਹਣ ਸ਼ਾਹ ਦੇ ਪਰਿਵਾਰ ਵੱਲੋਂ ਵੀ 1 ਲੱਖ ਦਾ ਯੋਗਦਾਨ, ਗੁਰਿੰਦਰਜੀਤ ਸਿੰਘ ਖੈਹਿਰਾ ਇੰਗਲੈਂਡ ਤੋਂ ਅਤੇ ਕਨੇਡਾ ਤੋਂ ਹਰਪ੍ਰੀਤ ਸਿੰਘ ਕੰਗ ਵੱਲੋਂ 50-50 ਹਜ਼ਾਰ ਦਾ ਯੋਗਦਾਨ ਤੇ ਇਸੇ ਸਕੂਲ ਵਿੱਚੋਂ ਪੜ੍ਹ ਕੇ ਕੈਪੀਟਲ ਬੈਂਕ ਦੇ ਮੈਨੇਜਰ ਬਣੇ ਸ. ਮਨੋਹਰ ਸਿੰਘ ਵੱਲੋਂ ਅਤੇ ਗੁਰਵਿੰਦਰ ਸਿੰਘ ਵੱਲੋਂ 11-11 ਹਜ਼ਾਰ ਦਾ ਯੋਗਦਾਨ ਦਿੱਤਾ ਗਿਆ। ਇਲਾਕੇ ਦੀਆਂ ਹੋਰ ਸੰਗਤਾਂ ਵੱਲੋਂ ਵਿੱਦਿਆ ਤੇ ਖੇਡਾਂ ਦੇ ਚੱਲ ਰਹੇ ਇਹਨਾਂ ਕਾਰਜ਼ਾਂ ਵਿਚ ਆਪਣਾ ਬਣਦਾ ਯੋਗਦਾਨ ਪਾਇਆ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹਲਕੇ ਦੇ ਸੰਤ ਗੁਰਮੇਜ਼ ਸਿੰਘ, ਸੰਤ ਅਮਰੀਕ ਸਿੰਘ ਖੁਖਰੈਣ, ਸੰਤ ਸੁਖਜੀਤ ਸਿੰਘ, ਵਧਾਇਕ ਹਰਦੇਵ ਸਿੰਘ ਲਾਡੀ, ਕਾਲਜ਼ ਦੇ ਵਾਇਸ ਪ੍ਰਿਸੀਪਲ ਪ੍ਰੋ. ਕੁਲਵਿੰਦਰ ਸਿੰਘ, ਸਕੂਲ ਦੇ ਪਿੰ੍ਰਸੀਪਲ ਸਤਪਾਲ ਸਿੰਘ ਗਿੱਲ, ਸ.ਬਹਾਦਰ ਸਿੰਘ ਚੱਢਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਹੋਰਨਾਂ ਤੋਂ ਇਲਾਵਾ ਸੰਤ ਪ੍ਰਗਟ ਨਾਥ ਜੀ, ਸੁਰਜੀਤ ਸਿੰਘ ਸ਼ੰਟੀ, ਪਿੰਡ ਸੀਚੇਵਾਲ ਦੇ ਸਰਪੰਚ ਤੇਜਿੰਦਰ ਸਿੰਘ, ਸਰਪੰਚ ਜੋਗਾ ਸਿੰਘ ਸਿੰਘ ਚੱਕ ਚੇਲਾ, ਅਮਰੀਕ ਸਿੰਘ ਸੰਧੂ, ਗੁਰਮੱਖ ਸਿੰਘ, ਸਰਪੰਚ ਰਵਿੰਦਰ ਸਿੰਘ ਅਤੇ ਸਕੂਲ ਤੇ ਕਾਲਜ਼ ਦੇ ਸਟਾਫ ਦੇ ਮੈਂਬਰ ਆਦਿ ਹਾਜ਼ਰ ਸਨ।
ਇਸ ਮੌਕੇ ਸਿੱਖਿਆ, ਖੇਡਾਂ ਅਤੇ ਵਾਤਾਵਰਣ ਵਿਚ ਅਪਾਣੀ ਭੂਮਿਕਾ ਨਿਭਾਉਣ ਵਾਲੇ ਬੱਚਿਆਂ ਦਾ ਸਨਮਾਨ ਕੀਤਾ ਗਿਆ। ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ: ਕੁਲਵਿੰਦਰ ਸਿੰਘ ਨੇ ਸਿੱਖਿਆ ਦੇ ਖੇਤਰ ਵਿੱਚ ਕੀਤੇ ਗਏ ਕਾਰਜਾਂ ਦੀ ਸਲਾਨਾ ਰਿਪੋਰਟ ਪੇਸ਼ ਕੀਤੀ। ਕੀਰਤਨੀ ਜੱਥੇ ਨੇ ਰਸਭਿੰਨਾ ਕੀਰਤਨ ਕੀਤਾ ਅਤੇ ਗੁਰੁ ਕਾ ਅਤੁੱਟ ਲੰਗਰ ਵਰਤਾਇਆ ਗਿਆ।