“ਵਿਸ਼ਵ ਔਰਤ ਦਿਵਸ ਤੇ ਔਰਤ ਦੀ ਵਰਤਮਾਨ ਸਥਿਤੀ “

ਅਸਿ. ਪ੍ਰੋ. ਗੁਰਮੀਤ ਸਿੰਘ

(ਸਮਾਜ ਵੀਕਲੀ)

” ਸੋ ਕਿਉਂ ਮੰਦਾ ਆਖੀਏ, ਜਿਤੁ ਜੰਮਹਿ ਰਾਜਾਨ ” ਪਾਵਨ ਗੁਰਬਾਣੀ ‘ਚ ਲਿਖੇ ਗੁਰੂ ਨਾਨਕ ਦੇਵ ਜੀ ਨੇ ਦੇ ਇਹ ਸ਼ਬਦ ਔਰਤ ਦੀ ਮਹਾਨਤਾ ਬਾਰੇ ਦਰਸਾਉਂਦੇ ਹੋਏ ਔਰਤ ਨੂੰ ਸਭ ਤੋਂ ਮਹਾਨ ਦਰਜਾ ਦਿੰਦੇ ਹਨ, ਜਿਸਨੇ ਪੀਰ ਪੈਗੰਬਰ,ਗੁਰੂ,ਰਾਜੇ ਮਹਾਰਾਜੇ ਮਹਾਨ ਲੋਕਾਂ ਨੂੰ ਜਨਮ ਦਿੱਤਾ ਹੈ। ਔਰਤ ਨੂੰ ਲੱਗਭਗ ਹਰ ਧਰਮ ਵਿੱਚ ਦੇਵੀ ਸਮਾਨ ਮੰਨਿਆ ਗਿਆ ਹੈ। ਪਰ ਵਾਸਤਵਿਕ ਵਿੱਚ ਔਰਤ ਦੀ ਸਥਿਤੀ ਵੇਖਣ ਵਿੱਚ ਹੋਰ ਤੇ ਸੁਣਨ ਵਿੱਚ ਭਿੰਨ ਹੈ। ਅਸਲ ਵਿੱਚ ਅੰਤਰਰਾਸ਼ਟਰੀ ਔਰਤ ਦਿਵਸ ਦੇ ਅਰੰਭ ਤੋਂ ਬਹੁਤੇ ਘੱਟ ਲੋਕ ਹੀ ਜਾਣੂ ਹਨ ।

1908 ਵਿੱਚ ਅਮਰੀਕੀ ਮਜਦੂਰ ਔਰਤਾਂ ਵੱਲੋਂ ਕੀਤੀ 14 ਹਫ਼ਤਿਆਂ ਦੀ ਆਪਣੇ ਹੱਕਾਂ,ਬਰਾਬਰ ਤਨਖਾਹ, ਮਜ਼ਦੂਰੀ, ਲਈ ਕੀਤੀ ਹੜ੍ਹਤਾਲ ਨੂੰ ਜਦੋਂ ਤਾਨਾਸ਼ਾਹੀ ਸਰਕਾਰ ਦੇ ਸ਼ਾਸ਼ਕਾਂ ਨੇ ਜ਼ਬਰੀ ਰੂਪ ਨਾਲ ਦਬਾ ਦਿੱਤਾ ਗਿਆ ਤਾਂ ਇਸ ਲੰਮੇ ਸੰਘਰਸ਼ ਦੀ ਯਾਦ ਵਿੱਚ 20 ਹਜ਼ਾਰ ਦੇ ਕਰੀਬ ਔਰਤਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ, ਦੂਸਰੀ ਕਮਿਊਨਿਸਟ ਪਾਰਟੀ ਨੇ 08 ਮਾਰਚ,1910 ਨੂੰ ਅੰਤਰਰਾਸ਼ਟਰੀ ਔਰਤ ਦਿਵਸ ਵੱਜੋਂ ਮਨਾਉਣ ਦਾ ਫ਼ੈਸਲਾ ਲਿਆ। ਇਸ ਦਿਨ ਦਾ ਇਤਿਹਾਸ ਉਨ੍ਹਾਂ ਜੁਝਾਰੂ ਮਜਦੂਰ ਔਰਤਾਂ ਦੇ ਨਾਲ ਨਾਲ ਹਰ ਉਸ ਸੰਘਰਸ਼ੀ ਔਰਤ ਦਾ ਨਾਂ ਕੀਤਾ ਗਿਆ ਜਿਸਨੇ ਆਪਣੇ ਹੱਕਾਂ ਲਈ ਆਪਣੀ ਆਵਾਜ਼ ਨੂੰ ਬੁਲੰਦ ਕੀਤਾ।

ਬੇਸ਼ੱਕ ਲਿਖਤੀ ਅਤੇ ਰਵਾਇਤੀ ਸੰਵਿਧਾਨ ਵਿੱਚ ਔਰਤਾਂ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਗਏ ਹਨ, ਜਿਨ੍ਹਾਂ ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ਲਈ ਸੰਵਿਧਾਨ ਵਿੱਚ ਬਕਾਇਦਾ ਕਨੂੰਨੀ ਵਿਵਸਥਾ ਦਾ ਨਿਰਮਾਣ ਵੀ ਕੀਤਾ ਗਿਆ ਹੈ। ਚਾਹੇ ਇਹ ਮੁੱਢਲੇ ਅਧਿਕਾਰ ਮਨੁੱਖ ਨੂੰ ਨਸਲ, ਜਾਤ , ਧਰਮ, ਰੰਗ ਅਤੇ ਲਿੰਗ ਦੇ ਭੇਦਭਾਵ ਦੇ ਬਿਨਾਂ ਪ੍ਰਦਾਨ ਕੀਤੇ ਗਏ ਹਨ ।ਪਰ! ਵਾਸਤਵਿਕ ਤੌਰ ਤੇ ਅਜਿਹੇ ਕਈ ਅਧਿਕਾਰ ਅਮਲੀ ਰੂਪ ਪਾਲਣਾ ਅਤੇ ਲਾਗੂ ਕਰਨ ਵਿੱਚ ਸਾਡਾ ਆਪਣੇ ਆਪ ਵਿੱਚ ਕੲੀ ਗੁਣਾਂ ਪਿੱਛੇ ਹੈ।

ਇਹ ਅਧਿਕਾਰ ਅਸਲ ਵਿੱਚ ਹਨ ਮਰਦਾਂ ਦੇ ਮੁਕਾਬਲੇ ਬਾਅਦ ਵਿੱਚ ਔਰਤਾਂ ਨੂੰ ਪ੍ਰਦਾਨ ਕੀਤੇ ਗਏ। ਜਿਵੇਂ ਵੋਟ ਪਾਉਣ ਦਾ ਅਧਿਕਾਰ ,ਨਿਊਜ਼ੀਲੈਂਡ ਵਿਸ਼ਵ ਦਾ ਸਭ ਤੋਂ ਪਲੇਠਾ ਦੇਸ਼ ਹੈ ਜਿਸਨੇ ਗਵਰਨਰ ਲਾਰਡ ਗਲਾਸਗੋ ਦੀ ਅਗਵਾਈ ਵਿੱਚ ਔਰਤਾਂ ਨੂੰ 28 ਨਵੰਬਰ,1893 ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਅਤੇ ਸਾਊਦੀ ਅਰਬ ਇਸ ਦਿਸ਼ਾ ਵਿੱਚ ਹੁਣ ਤੱਕ ਦਾ ਅਖੀਰਲਾ ਦੇਸ਼ ਹੈ ਜਿੱਥੇ 2011 ਤੋਂ ਬਾਅਦ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਹੈ।

ਭਾਰਤੀ ਸੰਵਿਧਾਨ ਦੇ ਆਰਟੀਕਲ 326 ਅਨੁਸਾਰ ਇਹ ਵਿਵਸਥਾ ਕੀਤੀ ਗਈ ਹੈ ਕਿ ਔਰਤ ਮਰਦਾਂ ਦੇ ਬਰਾਬਰ ਚੋਣ ਲੜ ਸਕਦੀ ਹੈ ਅਤੇ ਵੋਟ ਪਾ ਸਕਦੀ ਹੈ। ਔਰਤਾਂ ਨੂੰ ਸੰਵਿਧਾਨ ਦੁਆਰਾ ਦਿੱਤੇ ਬਰਾਬਰ ਇਨ੍ਹਾਂ ਅਧਿਕਾਰਾਂ ਰਾਹੀਂ ਪੂਰਨ ਸੁਤੰਤਰਤਾ ਪ੍ਰਦਾਨ ਕੀਤੀ ਗਈ ਹੈ। ਜਿਸ ਦੇ ਚੱਲਦਿਆਂ ਹੀ ਔਰਤਾਂ ਨੇ ਆਪਣੀਆਂ ਸਖਸ਼ੀਅਤਾਂ ਨੂੰ ਇੱਕ ਵਿਲੱਖਣ ਪਹਿਚਾਣ ਦੇ ਰੂਪ ਵਿੱਚ ਦੁਨੀਆਂ ਦੇ ਅੱਗੇ ਲੈਕੇ ਆਂਦਾ ਹੈ। ਜਿਸ ਨਾਲ ਹੀ ਔਰਤ ਨੇ ਵੱਖ ਵੱਖ ਖੇਤਰਾਂ ਵਿੱਚ ਆਪਣੇ ਆਪ ਨੂੰ ਬੁਲੰਦੀਆਂ ‘ਤੇ ਪਹੁੰਚਾਇਆ ਹੈ।

ਚਾਹੇ ਉਹ ਗੱਲ ਕਲਪਨਾ ਚਾਵਲਾ, ਸੁਨੀਤਾ ਵਿਲੀਅਮਜ਼ ਵਾਂਗ ਧਰਤੀ ਤੋਂ ਪੁਲਾੜ ਤੱਕ ਦਾ ਸਫ਼ਰ ਹੋਵੇ, ਚਾਹੇ ਉਹ ਪੀ.ਟੀ. ਊਸ਼ਾ ਤੋਂ ਮਨਦੀਪ ਸਿੱਧੂ ਓਲੰਪੀਅਨ, ਮੈਰੀ ਕੌਮ ਅਤੇ ਹਿਮਾ ਦਾਸ ਆਦਿ ਤੱਕ ਦੇ ਸਫ਼ਰ ਦੀ ਹੋਵੇ, ਚਾਹੇ ਉਹ ਪਹਿਲੀ ਲੇਡੀ ਬੱਸ ਕੰਡਕਟਰ ਸ਼ਰਮੀਲਾ ਤੋਂ ਪਹਿਲੀ ਮਹਿਲਾ ਆਈ ਪੀ ਐੱਸ ਅਧਿਕਾਰੀ ਡਾ. ਕਿਰਨ ਬੇਦੀ ਤੱਕ ਦਾ ਸਫ਼ਰ ਹੋਵੇ, ਅਤੇ ਇਹਨਾਂ ਅਧਿਕਾਰਾਂ ਰਾਹੀਂ ਹੀ ਉਹ ਭਾਰਤੀ ਰਾਸ਼ਟਰਪਤੀ ਪ੍ਰਤਿਭਾ ਦੇਵੀ ਪਾਟਿਲ ਤੋਂ ਅਮਰੀਕੀ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਤੱਕ ਦਾ ਸਫ਼ਰ ਨੂੰ ਤੈਅ ਕਰਨ ਵਿੱਚ ਸਫ਼ਲ ਹੋਈ ਹੈ।

ਜ਼ਿੰਦਗੀ ਦੇ ਵੱਖੋ-ਵੱਖਰੇ ਖੇਤਰਾਂ ਵਿੱਚ ਪੰਘੂੜੇ ਤੋਂ ਪੜ੍ਹਾਈ, ਖੇਡਾਂ ਤੋਂ ਲੈਕੇ ਸਿਆਸਤ, ਸਾਹਿਤ ਤੋਂ ਲੈਕੇ ਪੁਲਾੜ ਤੱਕ, ਇਸਰੋ ਤੋਂ ਨਾਸਾ ਤੱਕ ਹਰ ਇੱਕ ਮੰਜਿਲ ਉੱਪਰ ਮਰਦਾਂ ਦੀਆਂ ਸਹਿ ਭਾਗੀ ਬਣਕੇ ਔਰਤਾਂ ਨੇ ਬਰਾਬਰ ਸਾਥ ਦਿੱਤਾ ਹੈ। ਅਜੋਕੇ ਵਰਤਮਾਨ ਸਮੇਂ ਵਿੱਚ ਔਰਤਾਂ ਬੇਸ਼ੱਕ ਕਿਸੇ ਵੀ ਖ਼ੇਤਰ ਵਿੱਚ ਘੱਟ ਨਹੀਂ ਹਨ,ਪਰ!ਫਿਰ ਵੀ ਸਾਡਾ ਸਮਾਜ, ਕਨੂੰਨ ਇਸ ਗੱਲ ਤੋਂ ਮੁਨਕਰ ਹੁੰਦਾ ਹੈ, ਕਿ ਔਰਤ ਨੂੰ ਸੰਵਿਧਾਨ ਦੁਆਰਾ ਉਨੇ ਹੀ ਹੱਕ ਦਿੱਤੇ ਗਏ ਹਨ,ਜਿੰਨੇ ਕੁ ਮਰਦਾਂ ਨੂੰ।

ਪਰ! ਫਿਰ ਵੀ ਅਜਿਹੀਆਂ ਉਦਹਾਰਣਾਂ ਹਨ, ਜੋ ਇਨ੍ਹਾਂ ਅਧਿਕਾਰਾਂ ਨੂੰ ਸਿਰੇ ਤੋਂ ਨਕਾਰਦੀਆਂ ਸੰਵਿਧਾਨ ਦਾ ਮਜ਼ਾਕ ਉਡਾ ਰਹੀਆਂ ਹਨ ਜਿਨ੍ਹਾਂ ਕਰਕੇ ਆਪਣੇ ਹੱਕ ਪ੍ਰਾਪਤ ਕਰਨ ਲਈ ਉਹਨਾਂ ਨੂੰ ਅਦਾਲਤਾਂ ਤੋਂ ਨਿਆਂ ਕੲੀ ਕੲੀ ਸਾਲਾਂ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ। ਜੇਕਰ ਕੁੱਝ ਔਰਤਾਂ ਕਿਸੇ ਦੇ ਹੱਕ ਵਿੱਚ ਸੱਚ ਲਈ ਅਵਾਜ਼ ਬੁਲੰਦ ਕਰਦੀਆਂ ਹਨ ਤਾਂ ਉਹਨਾਂ ਨੂੰ ਪ੍ਰਸ਼ਾਸਨ ਦੀਆਂ ਵਧਿਕੀਆਂ ਦੀ ਮਾਰ ਝੱਲਣੀ ਪੈਂਦੀ ਹੈ ਜਿਵੇਂ ਮਜ਼ਦੂਰ ਕਿਸਾਨ ਸੰਘਰਸ਼ ਦੇ ਹੱਕ ਵਿੱਚ ਨਾਅਰਾ ਮਾਰਨ ਵਾਲੀ ਮਜਦੂਰ ਲੀਡਰ ਅਤੇ ਵਿਦਿਆਰਥੀ ਆਗੂ ਨੌਦੀਪ ਕੌਰ ਨੂੰ ਗਿਰਫ਼ਤਾਰ ਰੂਪ ਵਿੱਚ ਝੱਲਣਾ ਪਿਆ।

ਅਜਿਹੇ ਹੀ ਮਾਮਲੇ ਵਿੱਚ ਦਿਸ਼ਾ ਰਵੀ ਨੂੰ ਗਿਰਫ਼ਤਾਰ ਕੀਤਾ ਗਿਆ, ਜਿਸਨੇ ਸੰਘਰਸ਼ ਸਬੰਧੀ ਇੱਕ ਟਵੀਟ ਕੀਤਾ ਸੀ। ਜੋ ਕਿ ਇੱਕਲੀ ਔਰਤ ਹੀ ਨਹੀਂ, ਹਰ ਮਨੁੱਖ ਦੇ ਸੁਤੰਤਰ ਵਿਚਾਰਾਂ ਦੇ ਅਧਿਕਾਰਾਂ ਦਾ ਉਲੰਘਣ ਹੈ। ਉੱਤਰ ਪ੍ਰਦੇਸ਼ ਦੇ ਵਿੱਚ ਹਾਥਰਸ, ਬਦਾਊਂ ਜਿਲ੍ਹੇ ਵਿੱਚ ਹੋਈਆਂ ਔਰਤ ਵਿਰੋਧੀ ਜਿਣਸੀ ਸੋਸ਼ਣ ਅਤੇ ਬਲਾਤਕਾਰ ਮਗਰੋਂ ਕਤਲ ਦੀਆਂ ਘਟਨਾਵਾਂ ਸਿਰਫ ਇਸ ਲਈ ਹੋਂਦ ਵਿੱਚ ਆਈਆਂ,ਕਿ ਪੀੜਤ ਔਰਤਾਂ ਨੀਵੀਂ ਜਾਤ ਨਾਲ ਸਬੰਧਿਤ ਸਨ।

ਅਤੇ ਦੋਸ਼ੀਆਂ ਦੇ ਬਿਆਨ ਸਨ ਕਿ ਉਨ੍ਹਾਂ ਨੇ ਅਜਿਹੀ ਕਰਵਾਈ ਔਰਤਾਂ ਨੂੰ ਉਨ੍ਹਾਂ ਦੀ ਔਕਾਤ ਦਿਖਾਉਣ ਲਈ ਕੀਤੀ ਗਈ। ਅਜਿਹੇ ਵਿੱਚ ਹਲੇ ਵੀ ਸਾਡੇ ਸਮਾਜ ਦੇ ਇਹ ਅਨਪੜ੍ਹ ਲੋਕ ਔਰਤ ਨੂੰ ਪੈਰਾਂ ਦੀ ਜੁੱਤੀ ਸਮਝਦੇ ਹਨ।ਕਨੂੰਨੀ ਰੂਪ ਵਿੱਚ ਔਰਤਾਂ ਖਿਲਾਫ ਹੁੰਦੇ ਅੱਤਿਆਚਾਰਾਂ ਅਤੇ ਅਪਰਾਧਾਂ ਨੂੰ ਰੋਕਣ ਲਈ ਬੇਸ਼ੱਕ ਸਖ਼ਤ ਕਨੂੰਨ ਹਨ,ਪਰ NCRB ਦੀ ਰਿਪੋਰਟ ਅਨੁਸਾਰ ਹਰ 5ਮਿੰਟ ਵਿੱਚ ਇੱਕ ਔਰਤ ਵਿਰੁੱਧ ਜਿਣਸੀ ਸੋਸ਼ਣ ਦਾ ਮਾਮਲਾ ਦਰਜ ਹੁੰਦਾ ਹੈ,ਅਤੇ ਹਰ 16 ਮਿੰਟ ਬਾਅਦ ਬਲਾਤਕਾਰ ਤੇ ਉਨ੍ਹਾਂ ਦਾ ਕਤਲ।

ਅਜਿਹਾ ਹੋਣਾ ਔਰਤਾਂ ਦੀ ਸਥਿੱਤੀ ਨੂੰ ਹਲੇ ਵੀ ਕਮਜ਼ੋਰ ਸਾਬਿਤ ਕਰਦਾ ਹੈ। ਬੇਸ਼ੱਕ ਔਰਤਾਂ ਹਰ ਖ਼ੇਤਰ ਵਿੱਚ ਉੱਚ ਆਹੁਦਿਆਂ ਉੱਪਰ ਬਿਰਾਜਮਾਨ ਹਨ, ਚਾਹੇ ਉਹ ਭਾਰਤੀ ਸਰਕਾਰ ਵਿੱਚ ਵਿੱਤ ਮੰਤਰੀ ਹੋਵੇ, ਚਾਹੇ ਕੈਬਿਨੈਟ ਮੰਤਰੀ ਹੋਣ, ਪ੍ਰਸ਼ਾਸ਼ਨ ਵਿੱਚ IAS, IPS ਹੋਣ,ਜਾਂ ਹੋਰ ਮਹਿਕਮਿਆਂ ਦੇ ਮਹਿਲਾ ਰੂਪੀ ਉੱਚ ਅਧਿਕਾਰੀ ਹੋਣ,ਨੂੰ ਮਰਦ ਅਫਸਰਾਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਸਮਾਨ ਅਧਿਕਾਰ ਦਿੱਤੇ ਹਨ, ਪਰ! ਮਰਦ ਪ੍ਰਧਾਨ ਸਮਾਜ ਦੇ ਮੁਕਾਬਲੇ ਔਰਤਾਂ ਦੇ ਹੁਕਮਾਂ ਨੂੰ ਅਣਗੌਲਿਆ ਕੀਤਾ ਜਾਂਦਾ ਹੈ। ਜਿਵੇਂ ਰਾਜਨੀਤਕ ਖੇਤਰ ਵਿੱਚ ਚਾਹੇ ਔਰਤਾਂ ਨੂੰ 50 ਪ੍ਰਤੀਸ਼ਤ ਕੋਟਾ ਦਿੱਤਾ ਗਿਆ ਹੈ ਪਰ ਯਥਾਰਥ ਵਿੱਚ ਉਹਨਾਂ ਦੀਆਂ ਸ਼ਕਤੀਆਂ ਦੀ ਵਰਤੋਂ ਮਰਦਾਂ ਦੁਆਰਾ ਕੀਤੀ ਜਾਂਦੀ ਹੈ ।

ਲੋੜ ਇਸ ਵਰਤਮਾਨ ਸਥਿਤੀ ਵਿੱਚ ਔਰਤਾਂ ਦੇ ਸਨਮਾਨ, ਸ਼ਕਤੀ,ਅਤੇ ਸ਼ਰੀਰਕ, ਮਾਨਸਿਕ, ਆਤਮਿਕ ਸ਼ੋਸ਼ਨ ਨੂੰ ਖ਼ਤਮ ਕਰਨ ਦੀ । ਇਹ ਤਦ ਹੀ ਸੰਭਵ ਹੋ ਸਕਦਾ ਜੇਕਰ ਸਾਡਾ ਮਰਦ ਪ੍ਰਧਾਨ ਸਮਾਜ ਆਪਣੀ ਬੇਲੋੜੀ ਧੋਸਬਾਜੀ ਤੋਂ ਮੁਕਤ ਹੋਵੇ ਤੇ ਸਮਾਨ ਸਮਾਜ ਸਿਰਜਣਾ ਵੱਲ ਕਦਮ ਵੱਧਾਵੇ।

ਪ੍ਰੋ. ਗੁਰਮੀਤ ਸਿੰਘ
ਸਰਕਾਰੀ ਕਾਲਜ ਮਾਲੇਰਕੋਟਲਾ
94175-45100

Previous articleਅਜੌਕੇ ਸਮਾਜ ਵਿੱਚ ਔਰਤ ਦੀ ਸਥਿਤੀ
Next articleਸੌ ਦਿਨ…