ਯੂ.ਕੇ. ਦੇ ਪ੍ਧਾਨ ਮੰਤਰੀ ਨੇ ਲੋਕਾਂ ਨੂੰ ਘਰੋਂ ਕੰਮ ਕਰਨ ਦੀ ਕੀਤੀ ਅਪੀਲ, ਬਾਰ-ਰੈਸਟੋਰੈਂਟਾਂ ‘ਚ ਵੀ ਲਾਗੂ ਕੀਤੇ ਸਖਤ ਨਿਯਮ

ਲੰਡਨ-ਰਾਜਵੀਰ ਸਮਰਾ- ਕੋਰੋਨਾ ਦੇ ਦੂਜੇ ਦੌਰ ਤੋਂ ਡਰੇ ਬ੍ਰਿਟੇਨ ਦੇ ਪ੍ਧਾਨ ਮੰਤਰੀ ਨੇ ਇਕ ਵਾਰ ਫਿਰ ਸਖ਼ਤ ਪਾਬੰਦੀਆਂ ਦਾ ਐਲਾਨ ਕਰ ਦਿੱਤਾ ਹੈ। ਵੀਰਵਾਰ ਤੋਂ ਇਹ ਲਾਗੂ ਹੋ ਰਿਹਾ ਹੈ। ਪ੍ਰਧਾਨ ਮੰਤਰੀ ਬੌਰਿਸ ਜਾਨਸਨ ਨੇ ਨਵੀਆਂ ਪਾਬੰਦੀਆਂ ਨੂੰ 6 ਮਹੀਨਿਆਂ ਲਈ ਜਾਰੀ ਰੱਖਣ ਦੀ ਚਿਤਾਵਨੀ ਵੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਕੋਰੋਨਾ ਵੈਕਸੀਨ ਜਾਂ ਸਮੂਹ ਟੈਸਟਿੰਗ ਨਾਲ ਸਥਿਤੀ ਵਿਚ ਕੁਝ ਸੁਧਾਰ ਆ ਸਕਦਾ ਹੈ। ਦੱਸ ਦਈਏ ਕਿ ਬ੍ਰਿਟੇਨ ਵਿਚ ਕੋਰੋਨਾ ਕਾਰਨ ਹੁਣ ਤੱਕ 41,825 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਨਵੀਂਆਂ ਪਾਬੰਦੀਆਂ ਦਾ ਸਭ ਤੋਂ ਵੱਧ ਅਸਰ ਪਬ, ਰੈਸਟੋਰੈਂਟਾਂ ਤੇ ਮਨੋਰੰਜਨ ਵਾਲੇ ਸਥਾਨਾਂ ‘ਤੇ ਪਵੇਗਾ। ਵੀਰਵਾਰ ਤੋਂ ਇਨ੍ਹਾਂ ਨੂੰ ਰਾਤ 10 ਵਜੇ ਤੱਕ ਬੰਦ ਕਰਨਾ ਜ਼ਰੂਰੀ ਹੋਵੇਗਾ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਜਿੱਥੋਂ ਤੱਕ ਸੰਭਵ ਹੋ ਸਕੇ ਲੋਕ ਘਰੋਂ ਕੰਮ ਕਰਨ।

ਇਕਾਂਤਵਾਸ ਦੇ ਨਿਯਮ ਤੋੜਨ ਵਾਲਿਆਂ ਅਤੇ 6 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ‘ਤੇ ਭਾਰੀ ਜੁਰਮਾਨੇ ਭਰਨੇ ਪੈਣਗੇ। ਮਾਸਕ ਦੀ ਵਰਤੋਂ ਨੂੰ ਹੋਰ ਵੀ ਜ਼ਿਆਦਾ ਵਧਾਇਆ ਗਿਆ ਹੈ। ਟੈਕਸੀ ਵਿਚ ਯਾਤਰਾ ਕਰਨ ਦੌਰਾਨ ਸਿਰਫ ਯਾਤਰੀ ਨੂੰ ਹੀ ਨਹੀਂ ਸਗੋਂ ਬਾਰ ਅਤੇ ਦੁਕਾਨਾਂ ‘ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਵੀ ਮਾਸਕ ਪਾ ਕੇ ਰੱਖਣਾ ਹੀ ਪਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਨਿਯਮਾਂ ਦੀ ਪਾਲਣਾ ਨਾ ਕੀਤੀ ਗਈ ਤਾਂ ਭਵਿੱਖ ਵਿਚ ਇਸ ਕਾਰਨ ਪਾਬੰਦੀਆਂ ਹੋਰ ਸਖ਼ਤ ਕਰ ਦਿੱਤੀਆਂ ਜਾਣਗੀਆਂ।

Previous articleਕਰੋਨਾ ਸੰਕਟ: ਮਨੁੱਖ ਅਤੇ ਕੁਦਰਤ
Next articleIsrael tightens anti-coronavirus lockdown