ਭਾਜਪਾ ਨੇ ਵੰਸ਼ਵਾਦ ਅਤੇ ਪਰਿਵਾਰਵਾਦ ਦੀ ਥਾਂ ਵਿਕਾਸ ਨੂੰ ਪਹਿਲ ਦਿੱਤੀ: ਯੋਗੀ

 Uttar Pradesh Chief Minister Yogi Adityanath

ਨੋਇਡਾ (ਸਮਾਜ ਵੀਕਲੀ):  ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਬੁੱਧਵਾਰ ਨੂੰ ਇਥੇ ਕਿਹਾ ਕਿ ਭਾਜਪਾ ਨੇ ਚੋਣ ਏਜੰਡੇ ਵਜੋਂ ਵਿਕਾਸ, ਸੁਸ਼ਾਸਨ ਅਤੇ ਰਾਸ਼ਟਰਵਾਦ ਨੂੰ ਪਹਿਲ ਦਿੱਤੀ ਹੈ, ਜਦੋਂ ਕਿ ਹੋਰ ਪਾਰਟੀਆਂ ਨੇ ਵੰਸ਼ਵਾਦ ਅਤੇ ਪਰਿਵਾਰਵਾਦ ਨੂੰ ਅੱਗੇ ਤੋਰਿਆ ਹੈ। ਉਨ੍ਹਾਂ ਇਸ ਮੌਕੇ ਸਮਾਜਵਾਦੀ ਪਾਰਟੀ ‘ਤੇ ਤਿੱਖੇ ਨਿਸ਼ਾਨੇ ਸਾਧੇ।ਉਨ੍ਹਾਂ ਅਖਿਲੇਸ਼ ਯਾਦਵ ਦੀ ਅਗਵਾਈ ਵਾਲੇ ਸੰਗਠਨ ‘ਤੇ ਅਪਰਾਧਿਕ ਰਿਕਾਰਡ ਵਾਲੇ ਉਮੀਦਵਾਰਾਂ ਦੀ ਚੋਣ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ, “ਅਸੀਂ ਵਿਕਾਸ, ਸੁਸ਼ਾਸਨ ਅਤੇ ਰਾਸ਼ਟਰਵਾਦ ਨੂੰ ਏਜੰਡਾ ਬਣਾਇਆ ਹੈ। ਰਾਜ ਵਿੱਚ ਪਹਿਲਾਂ ਪ੍ਰਚੱਲਿਤ ਵੰਸ਼ਵਾਦ ਅਤੇ ਪਰਿਵਾਰਕ ਰਾਜਨੀਤੀ ਨੇ ਰਾਜ ਦੇ ਲੋਕਾਂ, ਗਰੀਬਾਂ, ਕਿਸਾਨਾਂ ਅਤੇ ਨੌਜਵਾਨਾਂ ਦਾ ਸ਼ੋਸ਼ਣ ਕੀਤਾ, ਸਗੋਂ ਅਸੁਰੱਖਿਆ ਦਾ ਮਾਹੌਲ ਵੀ ਪੈਦਾ ਕੀਤਾ।’’

ਉਨ੍ਹਾਂ ਕਿਹਾ ਕਿ ਹਿੰਸਾ ਅਤੇ ਅਸ਼ਾਂਤੀ ਨਾਲ ਰਾਜ ਵਿੱਚ ਵਿਕਾਸ ਆਪਣੇ ਆਪ ਹੀ ਰੁਕ ਜਾਂਦਾ ਹੈ। ਮੌਜੂਦਾ ਸਰਕਾਰ ਨੇ ਰਾਜ ਵਿੱਚ ਸ਼ਾਂਤੀ ਅਤੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਕੋਈ ਕਸਰ ਨਹੀਂ ਛੱਡੀ। ਮੁੱਖ ਮੰਤਰੀ ਨੇ ਸਪਾ, ਕਾਂਗਰਸ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ’ਤੇ ਹਮਲਾ ਬੋਲਦਿਆਂ ਟਿੱਪਣੀ ਕੀਤੀ, ‘‘ਇਹ ਸਭ ਕੁਝ ਪਰਿਵਾਰਵਾਦ ਅਤੇ ਉਨ੍ਹਾਂ ਦੇ ਪ੍ਰਚਾਰਕਾਂ ਨੇ ਕੀਤਾ ਹੈ।’’ ਉਨ੍ਹਾਂ ਕਿਹਾ ਕਿ 2017 ਤੋਂ ਮੁੱਖ ਮੰਤਰੀ ਵਜੋਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਅਪਰਾਧੀ ਜਾਂ ਤਾਂ ਜੇਲ੍ਹ ਵਿੱਚ ਬੰਦ ਸਨ ਜਾਂ ਰਾਜ ਛੱਡ ਕੇ ਚਲੇ ਗਏ ਸਨ। ਉਨ੍ਹਾਂ ਸਪਾ, ਬਸਪਾ ਅਤੇ ਕਾਂਗਰਸ ‘ਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਮਾਜ ਵਿਰੋਧੀ ਅਨਸਰਾਂ ਨੂੰ ਚੋਣਾਂ ਲੜਨ ਲਈ ਟਿਕਟਾਂ ਦੇ ਕੇ ਵਾਪਸ ਲਿਆਉਣ ਦਾ ਦੋਸ਼ ਲਗਾਇਆ।

ਉਨ੍ਹਾਂ ਕਿਹਾ ਕਿ ਸਪਾ ਯੂਪੀ ਚੋਣਾਂ ਲਈ ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਦੇ ਨਾਲ ‘ਬੈਕਫੁੱਟ’ ’ਤੇ ਆ ਗਈ ਹੈ ਅਤੇ ਹੁਣ ਉਹ ਦੂਜੀ ਸੂਚੀ ਜਾਰੀ ਕਰਨ ਦੀ ਹਿੰਮਤ ਨਹੀਂ ਜੁਟਾ ਸਕਦੀ। ਉਨ੍ਹਾਂ ਕਿਹਾ ਕਿ ਭਾਜਪਾ ਵਿਕਾਸ, ਚੰਗੇ ਸ਼ਾਸਨ ਅਤੇ ਰਾਸ਼ਟਰਵਾਦ ਦੇ ਮੁੱਦਿਆਂ ‘ਤੇ ਲੋਕਾਂ ਤੱਕ ਪਹੁੰਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ 2017 ਵਿੱਚ ਜੋ ਵਾਅਦੇ ਕੀਤੇ ਸੀ ਉਹ ਪੂਰੇ ਕੀਤੇ। ਉਨ੍ਹਾਂ ਕਿਹਾ ਕਿ 10 ਮਾਰਚ, 2022 ਨੂੰ ਭਾਜਪਾ ਇੱਕ ਵਾਰ ਫਿਰ ਯੂਪੀ ਵਿੱਚ ਸਰਕਾਰ ਬਣਾਏਗੀ, ਇਨ੍ਹਾਂ ਏਜੰਡਿਆਂ ਨੂੰ ਫਿਰ ਤੋਂ ਅੱਗੇ ਤੋਰੇਗੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਰਹੂਮ ਬਿਪਿਨ ਰਾਵਤ ਦਾ ਭਰਾ ਭਾਜਪਾ ਵਿੱਚ ਸ਼ਾਮਲ
Next articleModi calls up Badal to enquire about his health