ਮੁਫ਼ਤ ਬਿਜਲੀ ਖ਼ਿਲਾਫ਼ ਸ਼ਰਤ ਕੇਂਦਰ ਨੇ ਲਾਈ: ਕੈਪਟਨ

ਚੰਡੀਗੜ੍ਹ (ਸਮਾਜਵੀਕਲੀ)- ਪੰਜਾਬ ’ਚ ਖੇਤੀ ਮੋਟਰਾਂ ਨੂੰ ਮੁਫ਼ਤ ਬਿਜਲੀ ਸਪਲਾਈ ਦੇਣ ਦੇ ਮਾਮਲੇ ’ਤੇ ਮੁੱਖ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕਰੜੇ ਹੱਥੀਂ ਲਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੰਮੇ ਅਰਸੇ ਮਗਰੋਂ ਅੱਜ ਬਾਦਲਾਂ ਨੂੰ ਸਿੱਧੀ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੰਕਟ ਦੀ ਘੜੀ ਵਿੱਚ ਪੰਜਾਬ ਨੂੰ ਰਾਹਤ ਦੇਣ ਦੀ ਬਜਾਏ ਸ਼ਰਤਾਂ ਥੋਪਣ ਵਾਲੀ ਕੇਂਦਰ ਸਰਕਾਰ ਦੀ ਕੈਬਨਿਟ ’ਚੋਂ ਹਰਸਿਮਰਤ ਕੌਰ ਬਾਦਲ ਫੌਰੀ ਬਾਹਰ ਆਉਣ ਅਤੇ ਸੁਖਬੀਰ ਸਿੰਘ ਬਾਦਲ ਐੱਨਡੀਏ ਨਾਲੋਂ ਨਾਤਾ ਤੋੜਨ।

ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨ ਵਿਰੋਧੀ ਫ਼ੈਸਲਾ ਲੈਣ ਦੀ ਸ਼ਰਤ ਲਾਈ ਹੈ ਪ੍ਰੰਤੂ ਉਹ ਇਸ ਨੂੰ ਸਵੀਕਾਰ ਨਹੀਂ ਕਰਨਗੇ। ਕਾਂਗਰਸ ਸਰਕਾਰ ਕਿਸੇ ਵੀ ਕੀਮਤ ’ਤੇ ਖੇਤੀ ਮੋਟਰਾਂ ਲਈ ਮੁਫ਼ਤ ਬਿਜਲੀ ਸਪਲਾਈ ਬੰਦ ਨਹੀਂ ਕਰੇਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਵੱਲੋਂ ਪੇਸ਼ ਕੀਤੇ ਵਿੱਤੀ ਘਾਟੇ ਦੇ ਵਾਧੇ ਦੇ ਹਿੱਸੇ ਨੂੰ ਛੱਡ ਦੇਵੇਗੀ ਪ੍ਰੰਤੂ ਕਿਸਾਨੀ ਹਿੱਤਾਂ ਨਾਲ ਸਮਝੌਤਾ ਮਨਜ਼ੂਰ ਨਹੀਂ।

ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਨੂੰ ਵਾਧੂ ਕਰਜ਼ ਹੱਦ ਬਦਲੇ ਖੇਤੀ ਮੋਟਰਾਂ ਲਈ ਸਿੱਧੀ ਸਬਸਿਡੀ ਕਿਸਾਨਾਂ ਦੇ ਖਾਤਿਆਂ ਵਿਚ ਪਾਉਣ ਦੀ ਸ਼ਰਤ ਲਾਈ ਸੀ, ਜਿਸ ਨੂੰ ਮੰਤਰੀ ਮੰਡਲ ਨੇ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਸੀ। ਇਸ ਮੁੱਦੇ ’ਤੇ ਅਕਾਲੀ ਦਲ ਨੇ ਕਾਂਗਰਸ ਸਰਕਾਰ ’ਤੇ ਤਿੱਖੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਦਾ ਸੁਝਾਅ ਮੁਲਕ ਦੇ ਸੰਘੀ ਢਾਂਚੇ ’ਤੇ ਸਿੱਧਾ ਹਮਲਾ ਹੈ ਤੇ ਇਹ ਮਾਮਲਾ ਕੇਂਦਰ ਕੋਲ ਉਠਾਇਆ ਜਾਵੇਗਾ।

ਪੰਜਾਬ ਵਿੱਚ ਕਾਂਗਰਸ ਸਰਕਾਰ ਦੌਰਾਨ ਮੁਫ਼ਤ ਬਿਜਲੀ ਸਹੂਲਤ ਜਾਰੀ ਰਹੇਗੀ। ਕੈਪਟਨ ਨੇ ਅੱਜ ਸੁਖਬੀਰ ਬਾਦਲ ਨੂੰ ਖ਼ਬਰਦਾਰ ਕੀਤਾ ਕਿ ਉਹ ਕੇਂਦਰ ਦਾ ਫ਼ੈਸਲਾ ਸੂਬਾ ਸਰਕਾਰ ਦੀ ਝੋਲੀ ਪਾਉਣ ਦੀ ਕੋਸ਼ਿਸ਼ ਨਾ ਕਰਨ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਨੇ ਕੋਵਿਡ ਦੌਰਾਨ ਕੋਈ ਰਾਹਤ ਤਾਂ ਕੀ ਦੇਣੀ ਸੀ ਬਲਕਿ ਮੁਫ਼ਤ ਬਿਜਲੀ ਸਹੂਲਤ ਵਾਪਸ ਲੈਣ ਦੇ ਨਿਰਦੇਸ਼ ਦਿੱਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਕੇਂਦਰੀ ਫੈਸਲੇ ਖ਼ਿਲਾਫ਼ ਹੁਣ ਸੁਖਬੀਰ ਬਾਦਲ ਭਾਈਵਾਲ ਹੋੋਣ ਦੇ ਨਾਤੇ ਐੱਨ.ਡੀ.ਏ. ਨਾਲੋਂ ਤੋੜ-ਵਿਛੋੜਾ ਕਰਨ ਅਤੇ ਹਰਸਿਮਰਤ ਬਾਦਲ ਕੈਬਨਿਟ ’ਚੋਂ ਅਸਤੀਫ਼ਾ ਦੇਵੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਮੁਫ਼ਤ ਬਿਜਲੀ ਮਾਮਲੇ ’ਤੇ ਲੋਕਾਂ ਨੂੰ ਗੁੰਮਰਾਹ ਨਾ ਕਰੇ। ਮੁੱਖ ਮੰਤਰੀ ਨੇ ਚੇਤੇ ਕਰਾਇਆ ਕਿ ਨਾਗਰਿਕਤਾ ਸੋਧ ਐਕਟ (ਸੀ.ਏ.ਏ) ਮੌਕੇ ਵੀ ਅਕਾਲੀ ਦਲ ਸੰਸਦ ਵਿਚ ਐਕਟ ਦੀ ਹਮਾਇਤ ਵਿਚ ਭੁਗਤਿਆ ਸੀ, ਜਿਸ ਤੋਂ ਇਹੋ ਲੱਗਦਾ ਹੈ ਕਿ ਬਾਦਲਾਂ ਦੇ ਕੋਈ ਅਸੂਲ ਨਹੀਂ ਬਲਕਿ ਸੁਆਰਥ ਹੈ। ਇਸੇ ਦੌਰਾਨ ਅੱਜ ਕਾਂਗਰਸ ਦੇ ਵਿਧਾਇਕ ਦਰਸ਼ਨ ਬਰਾੜ, ਕੁਲਬੀਰ ਜ਼ੀਰਾ, ਬਰਿੰਦਰਮੀਤ ਸਿੰਘ ਪਾਹੜਾ, ਦਵਿੰਦਰ ਸਿੰਘ ਘੁਬਾਇਆ, ਰਵਿੰਦਰ ਸਿੰਘ ਆਵਲਾ ਤੇ ਪ੍ਰੀਤਮ ਸਿੰਘ ਕੋਟਭਾਈ ਨੇ ਸਾਂਝੇ ਬਿਆਨ ’ਚ ਕਿਹਾ ਕਿ ਅਕਾਲੀ ਦਲ ਆਪਣੇ ਖੁਸੇ ਵੱਕਾਰ ਦੀ ਬਹਾਲੀ ਲਈ ਕਥਿਤ ਬੀਜ ਘੁਟਾਲੇ ਦੇ ਬੇਤੁਕੇ ਦੋਸ਼ ਲਗਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਬਾਦਲਾਂ ਦੇ ਝੂਠ ਤੋਂ ਜਾਣੂ ਹਨ ਅਤੇ ਗੁੰਮਰਾਹ ਨਹੀਂ ਹੋਣਗੇ।

Previous articleਬਸਪਾ ਨੇ 35 ਪਰਿਵਾਰਾਂ ਨੂੰ ਕੀਤਾ ਰਾਸ਼ਨ ਤਕਸੀਮ
Next article  केंद्रीय बिजली संशोधन कानून 2020  से कर्मचारियों और आम जनता  की सुविधाओं पर चलेगी कैंची