ਭਾਰਤ ਨੇ ਔਖੇ ਵੇਲੇ ਅਮਰੀਕਾ ਦੀ ਬਾਂਹ ਫੜੀ: ਟਰੰਪ

ਵਾਸ਼ਿੰਗਟਨ  (ਸਮਾਜਵੀਕਲੀ)ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮਲੇਰੀਆ ਖ਼ਿਲਾਫ਼ ਵਰਤੀ ਜਾਣ ਵਾਲੀ ਦਵਾਈ ਦੀ ਬਰਾਮਦ ਦੇ ਮਸਲੇ ਨੂੰ ਸੁਚਾਰੂ ਅਤੇ ਅਗਾਂਹਵਧੂ ਸੋਚ ਨਾਲ ਨਿਬੇੜਨ ਲਈ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਔਖੀ ਘੜੀ ਵਿੱਚ ਜਿਸ ਤਰ੍ਹਾਂ ਭਾਰਤ ਵਾਸ਼ਿੰਗਟਨ ਦੇ ਨਾਲ ਖੜ੍ਹਾ ਹੋਇਆ ਹੈ ਉਹ ਉਸ ਨੂੰ ਕਦੇ ਵੀ ਭੁਲਾ ਨਹੀਂ ਸਕਦੇ।

ਦੱਸਣਯੋਗ ਹੈ ਕਿ ਕਰੋਨਾਵਾਇਰਸ ਮਹਾਮਾਰੀ ਦੌਰਾਨ ਭਾਰਤ ਨੇ ਮਲੇਰੀਏ ਦੇ ਟਾਕਰੇ ਲਈ ਵਰਤੀ ਜਾਣ ਵਾਲੀ ਦਵਾਈ ਹਾਈਡਰੋਕਸੀਕਲੋਰੋਕੁਈਨ ਦੀ ਬਰਾਮਦ ’ਤੇ ਰੋਕ ਲਗਾ ਦਿੱਤੀ ਸੀ। ਇਹ ਦਵਾਈ ਕਰੋਨਾਵਾਇਰਸ ਖ਼ਿਲਾਫ਼ ਜੰਗ ਵਿੱਚ ਵੀ ਕਾਰਗਰ ਸਿੱਧ ਹੋ ਰਹੀ ਹੈ। ਭਾਰਤ ਇਸ ਦਵਾਈ ਦਾ ਸਭ ਤੋਂ ਵੱਡਾ ਨਿਰਮਾਤਾ ਹੈ ਇਸ ਲਈ ਅਮਰੀਕਾ ਦੇ ਰਾਸ਼ਟਰਪਤੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਤੋਂ ਇਸ ਦਵਾਈ ਦੀ ਮੰਗ ਕੀਤੀ ਸੀ।

ਅਮਰੀਕਾ ਦੀ ਇਸ ਮੰਗ ਨੂੰ ਮੰਨਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦਵਾਈ ਦੀ ਬਰਾਮਦ ਤੋਂ ਰੋਕ ਹਟਾ ਲਈ ਹੈ ਜਿਸ ’ਤੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ੍ਰੀ ਮੋਦੀ ਦਾ ਧੰਨਵਾਦ ਕੀਤਾ ਹੈ। ਇਸੇ ਦੌਰਾਨ ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੁਪਾਨੀ ਨੇ ਦੱਸਿਆ ਕਿ ਗੁਜਰਾਤ ਦੀਆਂ ਤਿੰਨ ਕੰਪਨੀਆਂ ਇਸ ਦਵਾਈ ਨੂੰ ਅਮਰੀਕਾ ’ਚ ਬਰਾਮਦ ਕਰਨ ਦੀਆਂ ਤਿਆਰੀਆਂ ਕਰ ਰਹੀਆਂ ਹਨ।

ਸੋਸ਼ਲ ਮੀਡੀਆ ’ਤੇ ਭਾਰਤ ਵੱਲੋਂ ਚੁੱਕੇ ਇਸ ਕਦਮ ਦੀ ਬਹੁਤ ਸ਼ਲਾਘਾ ਹੋ ਰਹੀ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਇਹ ਕਾਰਜ ਮਨੁੱਖਤਾ ਦੇ ਭਲੇ ਲਈ ਅਤੇ ਦੋਵਾਂ ਦੇਸ਼ਾਂ ਦੀ ਮਿੱਤਰਤਾ ਨੂੰ ਹੋਰ ਗੁੂੜ੍ਹਾ ਕਰਨ ਲਈ ਉਠਾਇਆ ਹੈ। ਸੱਚੀ ਮਿੱਤਰਤਾ ਦੀ ਪਰਖ਼ ਹੀ ਔਖੀ ਘੜੀ ਵਿੱਚ ਇਕ ਦੂਜੇ ਦੀ ਬਾਂਹ ਫੜਨ ’ਤੇ ਹੁੰਦੀ ਹੈ।

Previous articleMayawati for action against BJP MP for assault on Dalit official
Next articleਬਰਨੀ ਸੈਂਡਰਜ਼ ਬਾਹਰ ਹੋਏ; ਬਿਡੇਨ ਬਣਨਗੇ ਉਮੀਦਵਾਰ