ਬਰਨੀ ਸੈਂਡਰਜ਼ ਬਾਹਰ ਹੋਏ; ਬਿਡੇਨ ਬਣਨਗੇ ਉਮੀਦਵਾਰ

ਵਾਸ਼ਿੰਗਟਨ (ਸਮਾਜਵੀਕਲੀ)ਸੈਨੇਟਰ ਬਰਨੀ ਸੈਂਡਰਜ਼ ਵੱਲੋਂ ਨਾਮ ਵਾਪਸ ਲਏ ਜਾਣ ਨਾਲ ਸਾਬਕਾ ਉਪ ਰਾਸ਼ਟਰਪਤੀ ਜੋਅ ਬਿਡੇਨ (77) ਅਮਰੀਕੀ ਰਾਸ਼ਟਰਪਤੀ ਦੀ ਅਗਾਮੀ ਚੋਣ ਵਿੱਚ ਸੰਭਾਵੀ ਡੈਮੋਕਰੈਟਿਕ ਉਮੀਦਵਾਰ ਵਜੋਂ ਮੈਦਾਨ ਵਿੱਚ ਰਹਿ ਗਏ ਹਨ। ਜੇਕਰ ਸਭ ਕੁਝ ਠੀਕ ਰਿਹਾ ਤਾਂ ਉਹ ਨਵੰਬਰ ਵਿੱਚ ਹੋਣ ਵਾਲੀਆਂ ਚੋਣਾਂ ਮੌਕੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਟੱਕਰ ਦੇਣਗੇ।

ਸੈਂਡਰਜ਼ ਦੇ ਮੈਦਾਨ ਛੱਡਣ ਤੋਂ ਕੁਝ ਘੰਟਿਆਂ ਮਗਰੋਂ ਬਿਡੇਨ ਨੇ ਫੰਡ ਇਕੱਤਰ ਕਰਨ ਲਈ ਰੱਖੇ ਸਮਾਗਮ ’ਚ ਸ਼ਿਰਕਤ ਕੀਤੀ, ਜਿਸ ਵਿੱਚ ਕਮਲਾ ਹੈਰਿਸ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸੀ। ਸਮਾਗਮ ’ਚ ਭਾਰਤੀ ਮੂਲ ਦੀ ਸੈਨੇਟਰ (ਹੈਰਿਸ) ਦੀ ਹਾਜ਼ਰੀ ਨਾਲ ਇਨ੍ਹਾਂ ਕਿਆਸਾਂ ਨੂੰ ਬਲ ਮਿਲਿਆ ਹੈ ਕਿ ਉਹ ਰਾਸ਼ਟਰਪਤੀ ਚੋਣਾਂ ਵਿੱਚ ਬਿਡੇਨ ਦੀ ਡਿਪਟੀ (ਉਪ ਰਾਸ਼ਟਰਪਤੀ) ਵਜੋਂ ਮੈਦਾਨ ’ਚ ਨਿੱਤਰ ਸਕਦੀ ਹੈ।

ਬਰਨੀ ਸੈਂਡਰਜ਼ ਨੇ ਆਪਣਾ ਨਾਮ ਵਾਪਸ ਲੈਣ ਦੇ ਕੀਤੇ ਐਲਾਨ ਤੋਂ ਫੌਰੀ ਮਗਰੋਂ ਲਾਈਵਸਟਰੀਮ ਹੁੰਦਿਆਂ ਕਿਹਾ, ‘ਕਾਸ਼ ਮੈਂ ਤੁਹਾਨੂੰ ਕੋਈ ਚੰਗੀ ਖ਼ਬਰ ਦੇ ਸਕਦਾ, ਪਰ ਮੈਨੂੰ ਲਗਦਾ ਹੈ ਕਿ ਤੁਹਾਨੂੰ ਸੱਚ ਪਤਾ ਹੈ। ਸੱਚ ਇਹ ਹੈ ਕਿ ਅਸੀਂ ਹੁਣ ਕੋਈ 300 ਦੇ ਕਰੀਬ ਡੈਲੀਗੇਟਸ ਸਾਬਕਾ ਉਪ ਰਾਸ਼ਟਰਪਤੀ ਜੋਅ ਬਿਡੇਨ ਦੀ ਪਿੱਠ ’ਤੇ ਆਣ ਖੜ੍ਹੇ ਹਾਂ। ਅਸੀਂ ਵਿਚਾਰਕ ਲੜਾਈ ਜਿੱਤ ਰਹੇ ਹਾਂ ਤੇ ਹੁਣ ਅਸੀਂ ਪੂਰੇ ਦੇਸ਼ ਵਿੱਚ ਨੌਜਵਾਨਾਂ ਤੇ ਕੰਮਕਾਜੀ ਲੋਕਾਂ ਦੀ ਹਮਾਇਤ ਜਿੱਤਣ ਵਿੱਚ ਵੀ ਸਫ਼ਲ ਰਹੇ ਹਾਂ। ਮੈਨੂੰ ਲਗਦਾ ਹੈ ਕਿ ਡੈਮੋਕਰੈਟਿਕ ਨਾਮਜ਼ਦਗੀ ਲਈ ਵਿੱਢੀ ਲੜਾਈ ਸਫ਼ਲ ਨਹੀਂ ਰਹੇਗੀ।

ਲਿਹਾਜ਼ਾ ਮੈਂ ਆਪਣੀ ਮੁਹਿੰਮ ਬੰਦ ਕਰਨ ਦਾ ਐਲਾਨ ਕਰਦਾ ਹਾਂ।’ ਕੈਲੀਫੋਰਨੀਆ ਤੋਂ ਭਾਰਤੀ ਮੂਲ ਦੀ ਸੈਨੇਟਰ ਹੈਰਿਸ (55) ਨੇ ਪਿਛਲੇ ਸਾਲ ਰਾਸ਼ਟਰਪਤੀ ਦੀ ਦੌੜ ’ਚੋਂ ਆਪਣਾ ਨਾਮ ਵਾਪਸ ਲੈ ਲਿਆ ਸੀ। ਸ਼ੁਰੂਆਤ ਵਿੱਚ ਹੈਰਿਸ ਨੇ ਬਿਡੇਨ ਦੀ ਨਾਮਜ਼ਦਗੀ ਦਾ ਵਿਰੋਧ ਕੀਤਾ ਸੀ, ਪਰ ਡੈਮੋਕਰੈਟਾਂ ਦੀ ਮੁੱਢਲੀ ਚੋਣ ਵਿੱਚ ਸਾਬਕਾ ਉਪ ਰਾਸ਼ਟਰਪਤੀ ਨੂੰ ਮਿਲੀ ਹਮਾਇਤ ਨਾਲ ਉਹ ਬਿਡੇਨ ਦੇ ਹੱਕ ਵਿੱਚ ਨਿੱਤਰ ਆਈ ਸੀ।

Previous articleਭਾਰਤ ਨੇ ਔਖੇ ਵੇਲੇ ਅਮਰੀਕਾ ਦੀ ਬਾਂਹ ਫੜੀ: ਟਰੰਪ
Next articleਜਲੰਧਰ ’ਚ ਕਰੋਨਾ ਪੀੜਤ ਦਾ ਸਸਕਾਰ ਰੁਕਵਾਇਆ