ਭਮਾਰਸੀ ਬੁਲੰਦ ਦੇ ਦਲਿਤ ਪਰਿਵਾਰ ਸਰਕਾਰੀ ਰਾਸ਼ਨ ਨੂੰ ਤਰਸੇ

ਫਤਹਿਗੜ੍ਹ ਸਾਹਿਬ (ਸਮਾਜਵੀਕਲੀ)  – ਜ਼ਿਲ੍ਹੇ ਦੇ ਪਿੰਡ ਭਮਾਰਸੀ ਬੁਲੰਦ ਦੇ ਕਈ ਦਲਿਤ ਪਰਿਵਾਰ ਸਰਕਾਰੀ ਰਾਸ਼ਨ ਦੀ ਰਾਹ ਤੱਕ ਰਹੇ ਹਨ, ਪਰ ਅਜੇ ਤੱਕ ਨਾ ਰਾਸ਼ਨ ਅੱਪੜਿਆ ਅਤੇ ਨਾ ਹੀ ਭਵਿੱਖ ਵਿੱਚ ਅਜਿਹੀ ਕੋਈ ਉਮੀਦ ਦਿਖਾਈ ਦੇ ਰਹੀ ਹੈ। ਪਿੰਡ ਦੀ ਪੰਚਾਇਤ ਢੁੱਕਵਾਂ ਫ਼ੰਡ ਨਾ ਹੋਣ ਦੀ ਦੁਹਾਈ ਦੇ ਰਹੀ ਹੈ।

ਪਿੰਡ ਦੇ ਵਸਨੀਕ ਕੁਲਦੀਪ ਸਿੰਘ ਸਮੇਤ ਹੋਰਨਾਂ ਨੇ ਕਿਹਾ ਕਿ ਉਹ ਰੋਜ਼ਾਨਾ ਕਿਰਤ ਕਰਕੇ ਆਪਣੇ ਟੱਬਰਾਂ ਨੂੰ ਪਾਲਦੇ ਹਨ, ਪਰ ਕਰੋਨਾਵਾਇਰਸ ਦੇ ਫੈਲਾਅ ਕਾਰਨ ਸਭ ਕੁਝ ਠੱਪ ਹੋਣ ਕਰਕੇ ਉਨ੍ਹਾਂ ਦਾ ਭੁੱਖੇ ਮਰਨ ਵਾਲਾ ਕੰਮ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸਰਕਾਰ ਕੋਲ਼ੋਂ ਨਾ ਤਾਂ ਅਜੇ ਤੱਕ ਰਾਸ਼ਨ ਮਿਲਿਆ ਤੇ ਨਾ ਹੀ ਕਿਸੇ ਸਰਕਾਰੀ ਅਧਿਕਾਰੀ ਨੇ ਉਨ੍ਹਾਂ ਦੀ ਸਾਰ ਲਈ ਹੈ।

ਸਮਾਜ ਸੇਵਕ ਪ੍ਰੋ. ਧਰਮਜੀਤ ਸਿੰਘ ਜਲਵੇੜ੍ਹਾ ਨੇ ਕਿਹਾ ਕਿ ਕਰੋਨਾ ਦੇ ਕਹਿਰ ਕਾਰਨ ਜਿੱਥੇ ਆਮ ਜਨਜੀਵਨ ਪੂਰੀ ਤਰ੍ਹਾਂ ਰੁਕ ਗਿਆ ਹੈ, ਉੱਥੇ ਇਸ ਨੇ ਗ਼ਰੀਬ ਅਤੇ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਲਈ ਵੱਡਾ ਸੰਕਟ ਖੜ੍ਹਾ ਕਰ ਦਿੱਤਾ ਹੈ। ਸਰਕਾਰ ਬੇਸ਼ੱਕ ਸੰਕਟ ਦੀ ਇਸ ਘੜੀ ਵਿੱਚ ਲੋੜਵੰਦਾਂ ਨੂੰ ਲੋੜ ਅਨੁਸਾਰ ਰਾਸ਼ਨ ਤੇ ਹੋਰ ਨਿੱਕ-ਸੁੱਕ ਪਹੁੰਚਾਉਣ ਦੀ ਗੱਲ ਕਹਿ ਰਹੀ ਹੈ, ਪਰ ਪਿੰਡ ਭਮਾਰਸੀ ਬੁਲੰਦ ਦੇ ਕੁਝ ਦਲਿਤ ਪਰਿਵਾਰਾਂ ਨੇ ਲੰਘੇ ਦਿਨ ਉਨ੍ਹਾਂ ਨੂੰ ਮਿਲ ਕੇ ਆਪਣੀ ਸਮੱਸਿਆ ਦੱਸੀ ਹੈ। ਪ੍ਰੋ. ਜਲਵੇੜ੍ਹਾ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਪਰਿਵਾਰਾਂ ਦੀ ਸ਼ਨਾਖ਼ਤ ਕਰ ਕੇ ਜਲਦ ਤੋਂ ਜਲਦ ਇਨ੍ਹਾਂ ਨੂੰ ਮਦਦ ਭੇਜੀ ਜਾਵੇ।

Previous articleUK PM ‘up and walking’ as coronavirus recovery continues
Next articleਅਮਰੀਕਾ ਲਈ 5ਜੀ ਹਾਰਡਵੇਅਰ ਤਿਆਰ ਕਰ ਰਿਹੈ ਭਾਰਤੀ ਮੂਲ ਦਾ ਪ੍ਰੋਫੈਸਰ