ਅਮਰੀਕਾ ਲਈ 5ਜੀ ਹਾਰਡਵੇਅਰ ਤਿਆਰ ਕਰ ਰਿਹੈ ਭਾਰਤੀ ਮੂਲ ਦਾ ਪ੍ਰੋਫੈਸਰ

ਹਿਊਸਟਨ  (ਸਮਾਜਵੀਕਲੀ)  – ਭਾਰਤੀ-ਅਮਰੀਕੀ ਯੂਨੀਵਰਸਿਟੀ ਪ੍ਰੋਫੈਸਰ ਹਰੀਸ਼ ਕ੍ਰਿਸ਼ਨਾਮੂਰਤੀ ਅਜਿਹਾ ਸਿਸਟਮ ਡਿਜ਼ਾਇਨ ਕਰ ਰਿਹਾ ਹੈ ਜੋ ਅਮਰੀਕਾ ’ਚ 5ਜੀ ਇੰਟਰਨੈੱਟ ਢਾਂਚੇ ਉਤੇ ਚੱਲ ਸਕੇ। ਅਮਰੀਕੀ ਰੱਖਿਆ ਵਿਭਾਗ ਇਸ ਪ੍ਰਾਜੈਕਟ ਲਈ ਵਿੱਤੀ ਮਦਦ ਦੇ ਰਿਹਾ ਹੈ। ਕ੍ਰਿਸ਼ਨਾਮੂਰਤੀ ਯੂਨੀਵਰਸਿਟੀ ਆਫ਼ ਹਿਊਸਟਨ ਵਿਚ ਸਹਾਇਕ ਪ੍ਰੋਫੈਸਰ ਹਨ।

ਉਹ ਇਲੈਕਟ੍ਰੀਕਲ ਤੇ ਕੰਪਿਊਟਰ ਇੰਜਨੀਅਰਿੰਗ ਵਿਭਾਗ ਵਿਚ ਕਾਰਜਸ਼ੀਲ ਹਨ। ਇਸ ਪ੍ਰਾਜੈਕਟ ਲਈ ਉਨ੍ਹਾਂ ਨੂੰ 17 ਲੱਖ ਡਾਲਰ ਦੀ ਗਰਾਂਟ ਮਿਲੀ ਹੈ। ਪ੍ਰੋਫੈਸਰ ਨੇ ਮੈਸੇਚੁਐਸਟਸ ਦੀ ਫਰਮ ਨਿਊ ਐੱਜ ਸਿਗਨਲ ਸਲਿਊਸ਼ਨਜ਼ ਨਾਲ ਭਾਈਵਾਲੀ ਪਾਈ ਹੈ। ਇਹ ਕੰਪਨੀ ਹਾਈ-ਸਪੀਡ ਬਰੌਡਬੈਂਡ ਰੇਡੀਓ ਫਰੀਕੁਐਂਸੀ ਸਿਸਟਮ ਬਣਾਉਂਦੀ ਹੈ।

5ਜੀ ਪੰਜਵੀਂ ਪੀੜ੍ਹੀ ਦੀ ਵਾਇਰਲੈੱਸ ਸੰਚਾਰ ਤਕਨੀਕ ਹੈ। ਉੱਚ ਰਫ਼ਤਾਰ ਦੇ ਨਾਲ ਇਹ ਵੱਡੇ ਪੱਧਰ ਦੀ ਫਰੀਕੁਐਂਸੀ ਰੇਂਜ ਤੇ ਨੈੱਟਵਰਕ ਸਮਰੱਥਾ ਮੁਹੱਈਆ ਕਰਵਾਉਂਦੀ ਹੈ। ਇਹ ਬਿਨਾਂ ਡਰਾਈਵਰ ਦੀ ਕਾਰ, ਟੈਲੀਮੈਡੀਸਿਨ ਤੇ ਵਰਚੁਅਲ ਮੀਟਿੰਗਜ਼ ਜਿਹੇ ਕਾਰਜਾਂ ਨੂੰ ਅਮਲੀ ਰੂਪ ਵਿਚ ਹੋਰ ਸੁਖ਼ਾਲਾ ਬਣਾਉਣ ਦੇ ਸਮਰੱਥ ਹੈ। ਕ੍ਰਿਸ਼ਨਾਮੂਰਤੀ ਦੀ ਲੈਬ ਪਾਵਰ ਇਲੈਕਟ੍ਰੌਨਿਕਸ ’ਤੇ ਅਧਾਰਿਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਨੈੱਟਵਰਕ ਲਈ ਢੁੱਕਵੇਂ ਸਾਫ਼ਟਵੇਅਰ ਦੀ ਵੀ ਲੋੜ ਪਵੇਗੀ।

Previous articleਭਮਾਰਸੀ ਬੁਲੰਦ ਦੇ ਦਲਿਤ ਪਰਿਵਾਰ ਸਰਕਾਰੀ ਰਾਸ਼ਨ ਨੂੰ ਤਰਸੇ
Next articleਕਰੋਨਾਵਾਇਰਸ: ਮੋਗਾ ਵਿੱਚ ਸਰਕਾਰੀ ਰਾਸ਼ਨ ਨੂੰ ਲੱਗੀ ਸਿਆਸੀ ਸੁੱਸਰੀ