ਮੁੰਬਈ (ਸਮਾਜ ਵੀਕਲੀ) : ਅਦਾਕਾਰਾ ਮਿਸ਼ਟੀ ਮੁਖਰਜੀ ਦਾ ਸ਼ੁੱਕਰਵਾਰ ਨੂੰ ਗੁਰਦੇ ਫ਼ੇਲ੍ਹ ਹੋਣ ਕਾਰਨ ਦੇਹਾਂਤ ਹੋ ਗਿਆ। ਇਹ ਜਾਣਕਾਰੀ ਅੱਜ ਇੱਕ ਬਿਆਨ ’ਚ ਦਿੱਤੀ ਗਈ। ਉਹ ਲੱਗਪਗ 30 ਸਾਲਾਂ ਦੀ ਸੀ। ਮਿਸ਼ਟੀ ਨੇ ਆਪਣੇ ਬੌਲੀਵੁੱਡ ਕਰੀਅਰ ਦੀ ਸ਼ੁਰੂਆਤ 2012 ਵਿੱਚ ਰਣਵੀਰ ਸ਼ੋਰੀ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ‘ਲਾਈਫ਼ ਕੀ ਤੋਂ ਲਗ ਗਈ’ ਵਿੱਚ ਮਹਿਮਾਨ ਕਲਾਕਾਰ ਦੀ ਭੂਮਿਕਾ ਨਾਲ ਕੀਤੀ ਸੀ।
ਮਿਸ਼ਟੀ ਮੁਖਰਜੀ ਦੇ ਪ੍ਰਚਾਰਕ ਵੱਲੋਂ ਜਾਰੀ ਬਿਆਨ ਮੁਤਾਬਕ ਅਦਾਕਾਰਾ ਨੇ ਬੈਂਗਲੂੁਰੂ ’ਚ ਆਖਰੀ ਸਾਹ ਲਿਆ। ਬਿਆਨ ਅਨੁਸਾਰ, ‘ਮਿਸ਼ਟੀ ਮੁਖਰਜੀ, ਜਿਸ ਨੇ ਕਈ ਫਿਲਮਾਂ ਅਤੇ ਵੀਡੀਓਜ਼ ਵਿੱਚ ਆਪਣੀ ਵਧੀਆ ਅਦਾਕਾਰੀ ਦਾ ਜਲਵਾ ਦਿਖਾਇਆ, ਹੁਣ ਨਹੀਂ ਰਹੀ। ਇੱਕ ਬਿਮਾਰੀ ਕਾਰਨ ਗੁਰਦੇ ਫੇਲ੍ਹ ਹੋਣ ਕਰ ਕੇ ਬੈਂਗਲੂਰੂ ਵਿੱਚ ਸ਼ੁੱਕਰਵਾਰ ਰਾਤ ਨੂੰ ਉਸ ਨੇ ਆਖਰੀ ਸਾਹ ਲਿਆ। ਇਹ ਇੱਕ ਅਭੁੱਲ ਅਤੇ ਬਦਕਿਸਮਤੀ ਵਾਲਾ ਘਾਟਾ ਹੈ। ਪ੍ਰਮਾਤਮਾ ਉਸਦੀ ਆਤਮਾ ਨੂੰ ਸ਼ਾਂਤੀ ਬਖਸ਼ੇ।’ ਮਿਸ਼ਟੀ ਮੁਖਰਜੀ ਦਾ ਸਸਕਾਰ ਸ਼ਨਿਚਰਵਾਰ ਕੀਤਾ ਗਿਆ। ਪਿੱਛੇ ਪਰਿਵਾਰ ਵਿੱਚ ਉਸਦਾ ਭਰਾ ਅਤੇ ਮਾਤਾ-ਪਿਤਾ ਹਨ।