ਬੇਅਦਬੀ ਕਾਂਡ: ਬਾਦਲਾਂ ਨੂੰ ਬਚਾ ਰਹੇ ਨੇ ਕੈਪਟਨ ਅਤੇ ਮੋਦੀ: ਭਗਵੰਤ ਮਾਨ

ਚੰਡੀਗੜ੍ਹ (ਸਮਾਜਵੀਕਲੀ) :  ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਘਿਰੇ ਬਾਦਲਾਂ ਨੂੰ ਬਚਾਉਣ ਲਈ ਨਰਿੰਦਰ ਮੋਦੀ ਅਤੇ ਕੈਪਟਨ ਅਮਰਿੰਦਰ ਸਿੰਘ ਕਥਿਤ ਰਲੇ ਹੋਏ ਹਨ।

ਉਨ੍ਹਾਂ ਆਖਿਆ ਕਿ ਮੋਦੀ ਸਰਕਾਰ ਸੀਬੀਆਈ ਅਤੇ ਕੈਪਟਨ ਅਮਰਿੰਦਰ ਸਿੰਘ, ਰਣਬੀਰ ਸਿੰਘ ਖੱਟੜਾ ਦੀ ‘ਸਿਟ’ (ਜੋ ਪਾਵਨ ਸਰੂਪ ਚੋਰੀ ਹੋਣ ਤੇ ਪੱਤਰੇ ਖਿਲਾਰਨ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਹੈ) ਰਾਹੀਂ ਬੇਅਦਬੀ ਤੇ ਗੋਲੀ ਕਾਂਡ ਮਾਮਲਿਆਂ ਦੀ ਜਾਂਚ ਕਰ ਰਹੀ ਕੁੰਵਰ ਵਿਜੈ ਪ੍ਰਤਾਪ ਸਿੰਘ ਵਾਲੀ ‘ਸਿਟ’ ਨੂੰ ਲੀਹੋਂ ਲਾਹੁਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਸ੍ਰੀ ਮਾਨ ਨੇ ਬਹਿਬਲ ਕਲਾਂ ਗੋਲੀਕਾਂਡ ਵਿੱਚ ‘ਸਿਟ’ ਦੀ ਜਾਂਚ ਰੋਕਣ ਲਈ ਸੀਬੀਆਈ ਵੱਲੋਂ ਮੁਹਾਲੀ ਦੀ ਅਦਾਲਤ ਵਿੱਚ ਅਰਜ਼ੀ ਦਾਇਰ ਕਰਨ ’ਤੇ ਇਤਰਾਜ਼ ਜ਼ਾਹਿਰ ਕੀਤਾ ਹੈ।

ਉਨ੍ਹਾਂ ਆਖਿਆ ਕਿ ਪੰਜਾਬ ਵਿਧਾਨ ਸਭਾ ਸੀਬੀਆਈ ਕੋਲੋਂ ਇਹ ਕੇਸ ਵਾਪਸ ਲੈ ਚੁੱਕੀ ਹੈ ਅਤੇ ਸੀਬੀਆਈ ਇੱਕ ਵਾਰ ਕਲੋਜ਼ਰ ਰਿਪੋਰਟ ਦਾਖ਼ਲ ਕਰ ਚੁੱਕੀ ਹੈ। ਇਸੇ ਤਰ੍ਹਾਂ ਰਣਬੀਰ ਸਿੰਘ ਖੱਟੜਾ ਦੀ ‘ਸਿਟ’ ’ਤੇ ਸਵਾਲ ਚੁੱਕਦਿਆਂ ਊਨ੍ਹਾਂ ਕਿਹਾ ਕਿ ਜੋ ‘ਸਿਟ’ ਬਾਦਲ ਸਰਕਾਰ ਸਮੇਂ ਬਣੀ ਸੀ, ਉਹ ਕੀ ਇਨਸਾਫ਼ ਕਰ ਸਕਦੀ ਹੈ? ‘ਆਪ’ ਆਗੂ ਨੇ ਆਖਿਆ ਕਿ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਦੇ ਕਸੂਰਵਾਰਾਂ ਨੂੰ ਸਜ਼ਾ ਚਾਹੁੰਦੇ ਹਨ ਭਾਵੇਂ ਉਹ ਕਿੰਨੇ ਵੀ ਤਾਕਤਵਰ ਜਾਂ ਰਸੂਖਦਾਰ ਕਿਉਂ ਨਾ ਹੋਣ।

Previous articleਫਾਰਮਾਸਿਸਟਾਂ ਵੱਲੋਂ ਸਮੂਹਿਕ ਆਤਮ-ਦਾਹ ਦੀ ਚਿਤਾਵਨੀ
Next articleਸ਼੍ਰੋਮਣੀ ਅਕਾਲੀ ਦਲ ਵਿੱਚ ਜਮਹੂਰੀਅਤ ਬਹਾਲ ਕਰਵਾਉਣਾ ਮੁੱਖ ਮੰਤਵ: ਢੀਂਡਸਾ