ਸ਼੍ਰੋਮਣੀ ਅਕਾਲੀ ਦਲ ਵਿੱਚ ਜਮਹੂਰੀਅਤ ਬਹਾਲ ਕਰਵਾਉਣਾ ਮੁੱਖ ਮੰਤਵ: ਢੀਂਡਸਾ

ਅੰਮ੍ਰਿਤਸਰ (ਸਮਾਜਵੀਕਲੀ) : ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਬਣੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਆਖਿਆ ਕਿ ਸ੍ਰੀ ਅਕਾਲ ਤਖ਼ਤ ਤੇ ਸ਼੍ਰੋਮਣੀ ਕਮੇਟੀ ਦੇ ਰੁਤਬੇ ਅਤੇ ਸ਼੍ਰੋਮਣੀ ਅਕਾਲੀ ਦਲ ਵਿਚ ਜਮਹੂਰੀਅਤ ਬਹਾਲ ਕਰਾਉਣਾ ਹੀ ਉਨ੍ਹਾਂ ਦਾ ਮੁੱਖ ਮੰਤਵ ਹੋਵੇਗਾ। ਇਸ ਮਕਸਦ ਨੂੰ ਪੂਰਾ ਕਰਨ ਲਈ ਉਹ ਲੋਕਾਂ ਦਾ ਭਰੋਸਾ ਵੀ ਹਾਸਲ ਕਰਨਗੇ। ਉਨ੍ਹਾਂ ਅੱਜ ਸ਼ੁਕਰਾਨੇ ਵਜੋਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ। ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਨਹੀਂ ਦਿੱਤਾ ਗਿਆ।

ਸ੍ਰੀ ਦਰਬਾਰ ਸਾਹਿਬ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਢੀਂਡਸਾ ਨੇ ਆਖਿਆ ਕਿ ਸਿੱਖ ਸੰਸਥਾਵਾਂ, ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖਤ ਨੂੰ ਕਬਜ਼ੇ ਤੋਂ ਮੁਕਤ ਕਰਾਉਣਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚ ਜਮਹੂਰੀਅਤ ਦੀ ਬਹਾਲੀ ਉਨ੍ਹਾਂ ਦਾ ਮੁੱਖ ਮੰਤਵ ਹੋਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਨੂੰ ਲੁੱਟਿਆ ਜਾ ਰਿਹਾ ਹੈ ਅਤੇ ਉਸ ’ਚ ਵੱਡੇ ਘਪਲੇ ਹੋ ਰਹੇ ਹਨ।

ਪਾਵਨ ਸਰੂਪ ਰਿਕਾਰਡ ਵਿਚੋਂ ਲਾਪਤਾ ਹੋਣ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚੋਂ ਕਈ ਸਰੂਪ ਅਗਨ ੇਟ ਹੋ ਗਏ, ਜਿਨ੍ਹਾਂ ਦਾ ਚੁੱਪ ਚੁਪੀਤੇ ਸਸਕਾਰ ਕਰ ਦਿੱਤਾ ਗਿਆ ਅਤੇ ਉਸ ਦਾ ਪਸ਼ਚਾਤਾਪ ਤੱਕ ਨਹੀਂ ਕੀਤਾ ਗਿਆ। ਉਨ੍ਹਾਂ ਇਸ ਨੂੰ ਗੁਰੂ ਸਾਹਿਬ ਦੀ ਬੇਅਦਬੀ ਕਰਾਰ ਦਿੱਤਾ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਲਦੀ ਕਰਾਉਣ ’ਤੇ ਜ਼ੋਰ ਦੇਣ ਬਾਰੇ ਉਨ੍ਹਾਂ ਕਿਹਾ ਕਿ ਕਰੋਨਾ ਸੰਕਟ ਦਾ ਮਾਮਲਾ ਹੱਲ ਹੋਣ ਮਗਰੋਂ ਉਹ ਕੇਂਦਰ ਸਰਕਾਰ ਨੂੰ ਮਿਲਣਗੇ ਅਤੇ ਚੋਣਾਂ ਛੇਤੀ ਕਰਾਉਣ ਦੀ ਅਪੀਲ ਕਰਨਗੇ।

ਬੇਅਦਬੀ ਮਾਮਲਿਆਂ ਵਿਚ ਵਿਸ਼ੇਸ਼ ਜਾਂਚ ਟੀਮ ਵੱਲੋਂ ਡੇਰਾ ਸਿਰਸਾ ਦੇ ਮੁਖੀ ਨੂੰ ਨਾਮਜ਼ਦ ਕੀਤੇ ਜਾਣ ’ਤੇ ਤਸੱਲੀ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਪਿੱਛੇ ਅਸਲ ਸਾਜ਼ਿਸ਼ਘਾੜਿਆਂ ਦਾ ਵੀ ਪਤਾ ਲਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ,‘‘ਕੋਈ ਚਾਹੇ ਕਿੰਨਾ ਵੀ ਤਾਕਤਵਰ ਹੋਵੇ, ਇਸ ਮਾਮਲੇ ਵਿਚ ਹਰੇਕ ਕਸੂਰਵਾਰ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।’’

ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਨਵੀਂ ਪਾਰਟੀ ਨੂੰ ਲੈ ਕੇ ਬਣੀ ਨਾਰਾਜ਼ਗੀ ਬਾਰੇ ਉਨ੍ਹਾਂ ਕਿਹਾ ਕਿ ਪਾਰਟੀ ਦਾ ਐਲਾਨ ਕਰਨ ਤੋਂ ਪਹਿਲਾਂ ਉਹ ਸ੍ਰੀ ਬ੍ਰਹਮਪੁਰਾ ਨੂੰ ਮਿਲੇ ਸਨ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਪ੍ਰਧਾਨ ਬਣਾਏ ਜਾਣ ਦੀ ਕੀਤੀ ਪੇਸ਼ਕਸ਼ ਦਾ ਧੰਨਵਾਦ ਵੀ ਕੀਤਾ ਸੀ। ਉਨ੍ਹਾਂ ਕਿਹਾ ਕਿ ਸਮਰਥਕਾਂ ਦੀ ਰਾਏ ਸੀ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਪ੍ਰਧਾਨ ਬਣਨ ਦੀ ਥਾਂ ਹੋਰ ਪਾਰਟੀ ਬਣਾਉਣੀ ਚਾਹੀਦੀ ਹੈ।

ਉਨ੍ਹਾਂ ਆਖਿਆ ਕਿ ਉਹ ਸ੍ਰੀ ਬ੍ਰਹਮਪੁਰਾ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਪਾਰਟੀ ਦਾ ਸਰਪ੍ਰਸਤ ਬਣਨ ਲਈ ਕਹਿਣਗੇ। ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਮੁੱਖ ਮੰਤਰੀ ਬਣਾਉਣ ਦੇ ਲਾਏ ਗਏ ਦੋਸ਼ਾਂ ਬਾਰੇ ਉਨ੍ਹਾਂ ਕਿਹਾ ਕਿ ਸ੍ਰੀ ਬ੍ਰਹਮਪੁਰਾ ਨਾਲ ਕਦੇ ਵੀ ਇਸ ਸਬੰਧੀ ਕੋਈ ਗੱਲ ਨਹੀਂ ਹੋਈ। ਇਸ ਮੌਕੇ ਉਨ੍ਹਾਂ ਰਾਜਸਥਾਨ ਵਿਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਹੋਈ ਬੇਅਦਬੀ ਦੀ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ।

ਇਸ ਮੌਕੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਆਖਿਆ ਕਿ ਨਵੇਂ ਬਣੇ ਅਕਾਲੀ ਦਲ ਦੇ ਪ੍ਰਧਾਨ ਦੀ ਮੌਜੂਦਾ ਚੋਣ ਆਰਜ਼ੀ ਹੈ। ਜਲਦੀ ਹੀ ਪਾਰਟੀ ਵਿਚ ਭਰਤੀ ਸ਼ੁਰੂ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਜਮਹੂਰੀ ਢੰਗ ਨਾਲ ਚੋਣ ਹੋਵੇਗੀ। ਉਨ੍ਹਾਂ ਆਖਿਆ ਕਿ ਪਾਰਟੀ ਕੋਈ ਵੀ ਫੈਸਲਾ ਨਿੱਜੀ ਮੁਫਾਦਾਂ ਲਈ ਨਹੀਂ ਕਰੇਗੀ ਅਤੇ ਸਿਧਾਂਤਾਂ ਦੇ ਅਨੁਸਾਰ ਲੋਕ ਹਿੱਤ ਤੇ ਪੰਥਕ ਹਿੱਤਾਂ ਲਈ ਜੱਦੋ-ਜਹਿਦ ਕਰਨਗੇ। ਉਨ੍ਹਾਂ ਭਾਜਪਾ ਦੇ ਇਸ਼ਾਰੇ ’ਤੇ ਨਵੀਂ ਪਾਰਟੀ ਬਣਾਉਣ ਦੇ ਦੋਸ਼ਾਂ ਨੂੰ ਰੱਦ ਕੀਤਾ। ਇਸ ਮੌਕੇ ਉਨ੍ਹਾਂ ਨਾਲ ਜਸਬੀਰ ਸਿੰਘ ਘੁੰਮਣ, ਜਗਦੀਸ਼ ਸਿੰਘ, ਤੇਜਿੰਦਰ ਪਾਲ ਸਿੰਘ ਸੰਧੂ, ਸੇਵਾ ਸਿੰਘ ਸੇਖਵਾਂ, ਨਿਧੜਕ ਸਿੰਘ ਬਰਾੜ, ਗੁਰਸੇਵ ਸਿੰਘ, ਰਾਜਬੀਰ ਸਿੰਘ, ਮਨਜੀਤ ਸਿੰਘ ਭੋਮਾ, ਪ੍ਰਦੀਪ ਸਿੰਘ ਵਾਲੀਆ, ਰਘੁਬੀਰ ਸਿੰਘ ਰਾਜਾਸਾਂਸੀ ਤੇ ਹੋਰ ਆਗੂ ਹਾਜ਼ਰ ਸਨ।

Previous articleਬੇਅਦਬੀ ਕਾਂਡ: ਬਾਦਲਾਂ ਨੂੰ ਬਚਾ ਰਹੇ ਨੇ ਕੈਪਟਨ ਅਤੇ ਮੋਦੀ: ਭਗਵੰਤ ਮਾਨ
Next article‘Black Lives Matter’ mural painted in front of NYC Trump Tower