ਫਾਰਮਾਸਿਸਟਾਂ ਵੱਲੋਂ ਸਮੂਹਿਕ ਆਤਮ-ਦਾਹ ਦੀ ਚਿਤਾਵਨੀ

ਪਟਿਆਲਾ (ਸਮਾਜਵੀਕਲੀ) :  ਪੰਚਾਇਤ ਵਿਭਾਗ ਅਧੀਨ ਡੇਢ ਦਹਾਕੇ ਤੋਂ ਕੰਟਰੈਕਟ ਆਧਾਰ ਊੱਤੇ ਨਿਗੂਣੀਆਂ ਤਨਖ਼ਾਹਾਂ ’ਤੇ ਕੰਮ ਕਰ ਰਹੇ ਕਰੀਬ 1200 ਰੂਰਲ ਫਾਰਮੇਸੀ ਅਫ਼ਸਰਾਂ ਅਤੇ ਏਨੇ ਹੀ ਚੌਥਾ ਦਰਜਾ ਮੁਲਾਜ਼ਮਾਂ ਦੀ ਸੂਬਾਈ ਹੜਤਾਲ ਅਤੇ ਧਰਨੇ ਅੱਜ 21ਵੇਂ ਦਿਨ ਵੀ ਜਾਰੀ ਰਹੇ।

ਰੈਗੂਲਰ ਸੇਵਾਵਾਂ ਦੀ ਮੰਗ ਪੂਰੀ ਨਾ ਹੋਣ ’ਤੇ ਹੜਤਾਲੀ ਮੁਲਾਜ਼ਮਾਂ ਨੇ ਸਮੂਹਿਕ ਆਤਮ-ਦਾਹ ਦੀ ਚਿਤਾਵਨੀ ਵੀ ਦਿੱਤੀ ਹੈ। ਜਥੇਬੰਦੀ ਦੇ ਸੂਬਾਈ ਬੁਲਾਰੇ ਸਵਰਤ ਸ਼ਰਮਾ ਨੇ ਕਿਹਾ ਕਿ ਫਾਰਮਾਸਿਸਟਾਂ ਤੇ ਚੌਥਾ ਦਰਜਾ ਮੁਲਾਜ਼ਮਾਂ ਵੱਲੋਂ 11 ਜੁਲਾਈ ਨੂੰ ਪੰਚਾਇਤ ਮੰਤਰੀ ਦੇ ਹਲਕੇ ’ਚ ਸੂਬਾਈ ਰੋਸ ਰੈਲੀ ਕੀਤੀ ਜਾਵੇਗੀ।

ਜ਼ਿਲ੍ਹਾ ਪਰਿਸ਼ਦ ਦਫ਼ਤਰ ਪਟਿਆਲਾ ਵਿੱਚ ਜ਼ਿਲ੍ਹਾ ਪ੍ਰਧਾਨ ਅਮਰਿੰਦਰ ਸਿੰਘ ਸੌਜਾ ਦੀ ਅਗਵਾਈ ਹੇਠ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ, ਰੂਰਲ ਫਾਰਮੇਸੀ ਅਫ਼ਸਰ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਜੋਤ ਰਾਮ, ਸਵਰਤ ਸ਼ਰਮਾ, ਜਨਰਲ ਸਕੱਤਰ ਨਵਦੀਪ ਕੁਮਾਰ ਅਤੇ ਚੌਥਾ ਦਰਜਾ ਮੁਲਾਜ਼ਮ ਆਗੂ ਸਤਪਾਲ ਸਿੰਘ ਨੇ ਕਿਹਾ ਸਰਕਾਰ ਦੀ ਅਣਦੇਖੀ ਤੋਂ ਖਫਾ ਜਥੇਬੰਦੀ ਦਾ ਇਕ ਮੈਂਬਰ ਪਹਿਲਾਂ ਹੀ ਖ਼ੁਦਕੁਸ਼ੀ ਦੀ ਕੋਸ਼ਿਸ ਕਰ ਚੁੱਕਾ ਹੈ।

ਕੋਈ ਹੋਰ ਮੁਲਾਜ਼ਮ ਅਜਿਹਾ ਕਦਮ ਨਾ ਚੁੱਕੇ, ਇਸ ਲਈ ਸਰਕਾਰ ਨੂੰ ਊਨ੍ਹਾਂ ਦੀ ਮੰਗ ਪ੍ਰਵਾਨ ਕਰ ਲੈਣੀ ਚਾਹੀਦੀ ਹੈ। ਬੁਲਾਰਿਆਂ ਨੇ ਕਿਹਾ ਕਿ ਉਨ੍ਹਾਂ ਦੀ ਭਰਤੀ ਪਾਰਦਰਸ਼ੀ ਢੰਗ ਨਾਲ ਹੋਈ ਹੈ ਪਰ ਸਰਕਾਰ ਨਿਗੂਣੀਆਂ ਤਨਖਾਹਾਂ ’ਤੇ ਵਾਧੂ ਕੰਮ ਲੈ ਕੇ ਉਨ੍ਹਾਂ ਦਾ ਸੋਸ਼ਣ ਕਰਦੀ ਆ ਰਹੀ ਹੈ। ਅੱਜ ਧਰਨੇ ਵਿੱਚ ਗੁਰਸੇਵਕ ਸਿੰਘ, ਕਮਲ ਅਵਸਥੀ, ਬਲਕਾਰ ਸਿੰਘ, ਸੰਦੀਪ ਸਿੰਘ, ਗੁਰਮੁਖ ਸਿੰਘ, ਮਿਨਾਕਸ਼ੀ, ਕੁਸ਼ਲਪਾਲ ਸਿੰਘ ਹਾਜ਼ਰ ਸਨ।

Previous article’ਵਰਸਿਟੀ ਤੇ ਕਾਲਜ ਪ੍ਰੀਖਿਆਵਾਂ ਰੱਦ ਕਰੇ ਕੇਂਦਰ: ਅਮਰਿੰਦਰ
Next articleਬੇਅਦਬੀ ਕਾਂਡ: ਬਾਦਲਾਂ ਨੂੰ ਬਚਾ ਰਹੇ ਨੇ ਕੈਪਟਨ ਅਤੇ ਮੋਦੀ: ਭਗਵੰਤ ਮਾਨ