ਬਲਾਕ ਚੱਕੋਵਾਲ ਅਧੀਨ ਕੋਰੋਨਾ ਪੋਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਹੋ ਰਿਹਾ ਹੈ ਵਾਧਾ

ਪਿੰਡ ਖਲਵਾਣਾ ਤੇ ਫੰਬੀਆਂ ਨੂੰ ਕੰਟੇਨਮੈਂਟ ਜੋਨ, ਪਿੰਡ ਕੱਕੋਂ ਤੇ ਨਸਰਾਲਾ ਨੂੰ ਮਾਈਕ੍ਰੋ-ਕੰਟੇਨਮੈਂਟ ਜੋਨ ਘੋਸ਼ਿਤ

ਹੁਸ਼ਿਆਰਪੁਰ/ਸ਼ਾਮ ਚੁਰਾਸੀ (ਸਮਾਜ ਵੀਕਲੀ) (ਚੁੰਬਰ )- ਕੋਵਿਡ-19 ਦੇ ਮਰੀਜ਼ਾਂ ਦੀ ਸਿਹਤ ਪ੍ਰਤੀ ਸੰਜੀਦਗੀ ਰੱਖਦੇ ਹੋਏ ਜੋਤੀਪਾਲ ਹਸਪਤਾਲ ਬੁੱਲੋਵਾਲ ਦੇ ਡਾ. ਜੋਤੀ ਰਸ਼ਪਾਲ ਸਿੰਘ ਅਤੇ ਸੰਨੀ ਮੈਡੀਕਲ ਸਟੋਰ ਦੇ ਮਾਲਕ ਸ਼੍ਰੀ ਮਨਜੀਤ ਸਿੰਘ ਵੱਲੋਂ ਅੱਜ ਬਲਾਕ ਚੱਕੋਵਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਬਲਦੇਵ ਸਿੰਘ ਜੀ ਨੂੰ ਕੋਰੋਨਾ ਪੋਜ਼ਿਟਿਵ ਆਏ ਮਰੀਜ਼ਾਂ ਲਈ ਕੁੱਝ ਦਵਾਈਆਂ ਦਾਨ ਕੀਤੀਆਂ ਗਈਆਂ। ਇਸ ਮੌਕੇ ਡਾ. ਮਨਵਿੰਦਰ ਕੌਰ ਮੈਡੀਕਲ ਅਫ਼ਸਰ, ਸ਼੍ਰੀ ਗੁਰਦੇਵ ਸਿੰਘ ਹੈਲਥ ਸੁਪਰਵਾਈਜ਼ਰ, ਸ਼੍ਰੀ ਇੰਦਰਜੀਤ ਸਿੰਘ ਫਾਰਮੇਸੀ ਅਫ਼ਸਰ ਆਦਿ ਵੀ ਮੌਜ਼ਦ ਸੀ l

ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡਾ. ਬਲਦੇਵ ਸਿੰਘ ਜੀ ਨੇ ਦੱਸਿਆ ਕਿ ਬਲਾਕ ਚੱਕੋਵਾਲ ਅਧੀਨ ਕੋਰੋਨਾ ਪੋਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪ੍ਰਸ਼ਾਸਨ ਵੱਲੋਂ ਪਿੰਡ ਖਲਵਾਣਾ ਤੇ ਫੰਬੀਆਂ ਨੂੰ ਕੰਟੇਨਮੈਂਟ ਜੋਨ, ਪਿੰਡ ਕਕੋਂ ਤੇ ਨਸਰਾਲਾ ਨੂੰ ਮਾਈਕ੍ਰੋ-ਕੰਟੇਨਮੈਂਟ ਜੋਨ ਘੋਸ਼ਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ 9 ਹੋਰ ਪਿੰਡ ਹਾੱਟ ਸਪਾੱਟ ਏਰੀਆਂ ਵਿੱਚ ਸ਼ਾਮਿਲ ਹਨ। ਲਗਾਤਾਰ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋਣ ਕਾਰਣ ਅਤੇ ਉਹਨਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਦਾਨੀ ਸੱਜਣਾਂ ਡਾ. ਜੋਤੀ ਰਸ਼ਪਾਲ ਸਿੰਘ ਅਤੇ ਸ਼੍ਰੀ ਮਨਜੀਤ ਸਿੰਘ ਵੱਲੋਂ ਸਵੈ-ਇੱਛਾ ਨਾਲ ਕੁਝ ਦਵਾਈਆਂ ਦਾਨ ਕੀਤੀਆਂ ਗਈਆਂ ਹਨ, ਜੋ ਕਿ ਪੋਜਿਟਿਵ ਆਏ ਕੇਸਾਂ ਦੇ ਇਲਾਜ ਲਈ ਮੁਫਤ ਦਿੱਤੀਆਂ ਜਾਣਗੀਆਂ। ਡਾ. ਬਲਦੇਵ ਸਿੰਘ ਜੀ ਨੇ ਇਸ ਮੌਕੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਵਿਡ-19 ਦਾ ਛੇਤੀ ਪਤਾ ਲਗਾਉਣ ਲਈ ਟੈਸਟਿੰਗ ਬਹੁਤ ਜਰੂਰੀ ਹੈ।

ਜੇ ਜਾਂਚ ਸ਼ੁਰੂਆਤੀ ਪਤਾਅ ’ਤੇ ਕੀਤੀ ਜਾਂਦੀ ਹੈ ਤਾਂ ਅਸੀਂ ਵਾਇਰਸ ਫੈਲਣ ਨੂੰ ਨਿਯੰਤਰਿਤ ਕਰ ਸਕਦੇ ਹਾਂ, ਦੂਜੇ ਪਾਸੇ ਟੀਕਾਕਰਨ ਪ੍ਰਤੀਰੋਧਕ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਲਈ ਮਹੱਤਵਪੂਰਨ ਹੈ, ਇਹ ਦੋਵੇਂ ਚੀਜ਼ਾਂ ਸਮੇਂ ਦੀ ਲੋੜ ਹੈ ਅਤੇ ਸਿਹਤ ਵਿਭਾਗ ਇਸ ’ਤੇ ਦਿਨ ਰਾਤ ਕੰਮ ਕਰ ਰਿਹਾ ਹੈ। ਸਟੇਟ ਪੂਲ ਤਹਿਤ ਪ੍ਰਾਪਤ ਵੈਕਸੀਨ ਨਾਲ 18 ਤੋਂ 44 ਸਾਲ ਵਰਗ ਦੇ ਖਾਸ ਸ਼੍ਰੇਣੀਆਂ ਕੰਸਟਰਕਸ਼ਨ ਵਰਕਰ, ਹੋਰ ਬਿਮਾਰੀਆਂ ਨਾਲ ਪੀੜਤ ਵਿਅਕਤੀ, ਸਿਹਤ ਕੇਅਰ ਵਰਕਰ ਦੇ ਪਰਿਵਾਰਕ ਮੈਂਬਰਾ ਆਦਿ ਵਿਅਕਤੀਆਂ ਲਈ ਵੈਸੀਨੇਸ਼ਨ ਲਗਾਈ ਜਾ ਰਹੀ ਹੈ l ਉਹਨਾਂ ਦਾਨੀ ਸੱਜਣਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਕੋਵਿਡ-19 ਵਰਗੀ ਬਿਮਾਰੀ ਤੇ ਫਤਿਹ ਪਾਉਣ ਲਈ ਅੱਜ ਸਭ ਦਾ ਸਾਥ ਬਹੁਤ ਜਰੂਰੀ ਹੈ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਅੱਗੇ ਆ ਕੇ ਸਿਹਤ ਵਿਭਾਗ ਦਾ ਸਾਥ ਦੇਣਾ ਚਾਹੀਦਾ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡੇਰਾ ਬੱਲਾਂ ਨੂੰ ਪਿੰਡ ਧੁਦਿਆਲ ਤੋਂ ਭੇਜੀ ਕਣਕ ਦੀ ਸੇਵਾ
Next article2,323 cases of Indian Covid variant recorded in UK: Hancock