ਬਰਤਾਨੀਆ ਦੇ ਸੌ ਸੰਸਦ ਮੈਂਬਰਾਂ ਨੇ ਬੋਰਿਸ ਜੌਹਨਸਨ ਕੋਲ ਕਿਸਾਨਾਂ ਦਾ ਮੁੱਦਾ ਚੁੱਕਿਆ

ਜਲੰਧਰ (ਸਮਾਜ ਵੀਕਲੀ) : ਬ੍ਰਿਟਿਸ਼ ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਸਬੰਧੀ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੂੰ ਸੌ ਸੰਸਦ ਮੈਂਬਰਾਂ ਤੇ ਲਾਰਡਾਂ ਦੇ ਹਸਤਾਖ਼ਰਾਂ ਵਾਲਾ ਪੱਤਰ ਭੇਜਿਆ ਹੈ। ਇਨ੍ਹਾਂ ਐੱਮਪੀਜ਼ ਨੇ ਬੋਰਿਸ ਜੌਹਨਸਨ ਨੂੰ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਿਰੁੱਧ ਤਾਕਤ ਦੀ ਵਰਤੋਂ ਦੇਖ ਕੇ ਉਹ ਫ਼ਿਕਰਮੰਦ ਹਨ। ਪੱਤਰ ਵਿੱਚ ਸ੍ਰੀ ਢੇਸੀ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਜਦੋਂ ਉਹ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨੂੰ ਮਿਲਣ ਤਾਂ ਉਹ ਕਿਸਾਨਾਂ ਦੇ ਮੁੱਦੇ ਨੂੰ ਚੁੱਕਣ।

ਤਨਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਉਨ੍ਹਾਂ ਨੇ ਪੱਤਰ ਵਿੱਚ ਵੀ ਲਿਖਿਆ ਹੈ ਕਿ ਭਾਵੇਂ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦਾ ਜਨਵਰੀ ਵਿੱਚ ਹੋਣ ਵਾਲਾ ਦੌਰਾ ਰੱਦ ਹੋ ਗਿਆ ਹੈ ਪਰ ਉਹ ਆਪਣੇ ਹਮਰੁਤਬਾ ਨਰਿੰਦਰ ਮੋਦੀ ਨਾਲ ਕਿਸਾਨਾਂ ਦੇ ਮਸਲੇ ਨੂੰ ਹੱਲ ਕਰਾਉਣ ਲਈ ਗੱਲਬਾਤ ਕਰਨ। ਤਨਮਨਜੀਤ ਸਿੰਘ ਢੇਸੀ ਨੇ ਕਿਹਾ, ‘ਮੈਂ ਉਨ੍ਹਾਂ ਸੌ ਤੋਂ ਵੱਧ ਸੰਸਦ ਮੈਂਬਰਾਂ ਤੇ ਲਾਰਡਾਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਭਾਰਤ ਦੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸ਼ਾਂਤਮਈ ਅੰਦੋਲਨ ਨੂੰ ਤਵੱਜੋ ਦਿੰਦਿਆਂ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ’ਤੇ ਹਸਤਾਖ਼ਰ ਕੀਤੇ ਹਨ।’

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਸ ਮਸਲੇ ਨੂੰ ਲੰਘੀ 9 ਦਸੰਬਰ ਨੂੰ ਪਾਰਲੀਮੈਂਟ ਵਿੱਚ ਵੀ ਉਠਾਇਆ ਸੀ, ਜਦੋਂ ਉਨ੍ਹਾਂ ਨੇ ਇਸ ਸਬੰਧੀ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ ਸੀ ਪਰ ਉਹ ਕਿਸਾਨਾਂ ਦੇ ਘੋਲ ਬਾਰੇ ਪੁੱਛੇ ਸਵਾਲ ਨੂੰ ਠੀਕ ਢੰਗ ਨਾਲ ਸਮਝ ਨਹੀਂ ਸਕੇ ਸਨ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਅਤੇ ਇੰਗਲੈਂਡ ਵਿਚ ਵੱਸਦੇ ਪੰਜਾਬੀਆਂ ਦੇ ਅਹਿਸਾਸਾਂ ਨੂੰ ਸਮਝਣ ਤੇ ਮਨੁੱਖਤਾ ਦੇ ਆਧਾਰ ’ਤੇ ਸ੍ਰੀ ਮੋਦੀ ਨਾਲ ਗੱਲਬਾਤ ਕਰਨ ਤਾਂ ਜੋ ਰੋਸ ਪ੍ਰਗਟ ਕਰ ਰਹੇ ਕਿਸਾਨ ਸੁੱਖੀ-ਸਾਂਦੀ ਆਪਣੇ ਘਰਾਂ ਨੂੰ ਪਰਤ ਸਕਣ।

Previous articleਕਿਸਾਨਾਂ ਖ਼ਿਲਾਫ਼ ਟਿੱਪਣੀਆਂ: ਕੰਗਨਾ ਤੇ ਕੇਂਦਰੀ ਮੰਤਰੀ ਦਾਨਵੇ ਸਣੇ ਪੰਜ ਨੂੰ ਨੋਟਿਸ
Next articleਭੰਡਾਰਾ ਹਸਪਤਾਲ ’ਚ ਅੱਗ ਲੱਗੀ; ਦਸ ਨਵਜੰਮੇ ਬੱਚਿਆਂ ਦੀ ਮੌਤ