ਭੰਡਾਰਾ ਹਸਪਤਾਲ ’ਚ ਅੱਗ ਲੱਗੀ; ਦਸ ਨਵਜੰਮੇ ਬੱਚਿਆਂ ਦੀ ਮੌਤ

ਨਾਗਪੁਰ/ਪੁਣੇ (ਸਮਾਜ ਵੀਕਲੀ) : ਮਹਾਰਾਸ਼ਟਰ ਦੇ ਭੰਡਾਰਾ ਜ਼ਿਲ੍ਹਾ ਹਸਪਤਾਲ ਦੇ ਨਵਜੰਮੇ ਬੱਚਿਆਂ ਦੀ ਦੇਖ-ਰੇਖ ਵਾਲੀ ਇਕਾਈ ਵਿੱਚ ਬੀਤੀ ਦੇਰ ਰਾਤ ਅੱਗ ਲੱਗਣ ਨਾਲ ਇੱਕ ਤੋਂ ਤਿੰਨ ਮਹੀਨਿਆਂ ਦੇ ਦਸ ਨਵਜੰਮੇ ਬੱਚਿਆਂ ਦੀ ਮੌਤ ਹੋ ਗਈ ਜਦਕਿ ਹਸਪਤਾਲ ਦੇ ਸੁਰੱਖਿਆ ਗਾਰਡਾਂ ਤੇ ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਸੱਤ ਬੱਚਿਆਂ ਨੂੰ ਬਚਾ ਲਿਆ। ਕੌਮੀ ਬਾਲ ਅਧਿਕਾਰੀ ਰੱਖਿਆ ਕਮਿਸ਼ਨ ਨੇ ਹਾਦਸੇ ਸਬੰਧੀ ਦੁੱਖ ਜ਼ਾਹਰ ਕਰਦਿਆਂ ਜ਼ਿਲ੍ਹੇ ਦੇ ਕੁਲੈਕਟਰ ਨੂੰ ਕੋਲੋਂ 48 ਘੰਟਿਆਂ ਵਿੱਚ ਇਸ ਮਾਮਲੇ ਸਬੰਧੀ ਤੱਥਾਂ ’ਤੇ ਆਧਾਰਤ ਰਿਪੋਰਟ ਤਲਬ ਕੀਤੀ ਹੈ।

ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਘਟਨਾ ’ਤੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਸਰਕਾਰ ਨੇ ਉੱਚ ਪੱਧਰੀ ਜਾਂਚ ਦੇ ਹੁਕਮ ਦੇ ਦਿੱਤੇ ਹਨ ਤੇ ਨੈਸ਼ਨਲ ਫਾਇਰ ਸਰਵਿਸ ਕਾਲਜ ਅਤੇ ਵਿਸ਼ਵੇਸ਼ਵਰਿਆ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ ਨਾਗਪੁਰ ਦੇ ਮਾਹਿਰ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰਨਗੇ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸੇ ਤਰ੍ਹਾਂ ਇਸ ਘਟਨਾ ਨੂੰ ਦੁਖਦਾਇਕ ਦੱਸਦਿਆਂ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਕਿਹਾ ਕਿ ਅੱਗ ਲੱਗਣ ਦੇ ਜ਼ਿੰਮੇਵਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੀੜਤ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ। ਸੂਬੇ ਦੇ ਸਾਰੇ ਜ਼ਿਲ੍ਹਾ ਹਸਪਤਾਲਾਂ, ਜਿਨ੍ਹਾਂ ’ਚ ਨਵਜੰਮੇ ਬੱਚਿਆਂ ਲਈ ਵਿਸ਼ੇਸ਼ ਦੇਖਭਾਲ ਦੇ ਯੂਨਿਟ ਸਥਾਪਿਤ ਹਨ, ਦਾ ਆਡਿਟ ਕਰਨ ਦੇ ਹੁਕਮ ਦਿੱਤੇ ਗਏ ਹਨ।

ਸੂਬੇ ਦੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਆਗੂ ਦੇਵੇਂਦਰ ਫੜਨਵੀਸ ਨੇ ਕਿਹਾ, ‘ਅਜਿਹਾ ਲੱਗਦਾ ਹੈ ਕਿ ਹਸਪਤਾਲ ਦੇ ਵਾਰਡ ਦੇ ਏਸੀ ਵਿੱਚ ਚਿੰਗਾਰੀ ਮਗਰੋਂ ਅੱਗ ਲੱਗੀ।’ ਘਟਨਾ ਦੇ ਪਿੱਛੇ ਅਣਗਹਿਲੀ ਦੱਸਦਿਆਂ ਉਨ੍ਹਾਂ ਪੀੜਤ ਪਰਿਵਾਰਾਂ ਲਈ 10-10 ਲੱਖ ਰੁਪਏ ਮੁਆਵਜ਼ਾ ਮੰਗਿਆ। ਸੂਬੇ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਕਿਹਾ ਕਿ ਦਸ ਵਿੱਚੋਂ ਤਿੰਨ ਬੱਚਿਆਂ ਦੀ ਮੌਤ ਝੁਲਸਣ ਕਾਰਨ ਹੋਈ ਜਦਕਿ ਸੱਤ ਦੀ ਮੌਤ ਧੂੰਏਂ ਕਾਰਨ ਸਾਹ ਘੁਟਣ ਕਰਕੇ ਹੋਈ। ਉਨ੍ਹਾਂ ਦੱਸਿਆ ਕਿ ਭੰਡਾਰਾ ਅੱਗ ਲੱਗਣ ਦੇ ਮਾਮਲੇ ਵਿੱਚ ਸਿਹਤ ਵਿਭਾਗ ਦੇ ਡਾਇਰੈਕਟਰ ਦੀ ਅਗਵਾਈ ਵਾਲੀ ਛੇ ਮੈਂਬਰੀ ਟੀਮ ਜਾਂਚ ਕਰੇਗੀ ਤੇ ਤਿੰਨ ਦਿਨਾਂ ਦੇ ਅੰਦਰ ਆਪਣੀ ਰਿਪੋਰਟ ਪੇਸ਼ ਕਰੇਗੀ ਹਸਪਤਾਲ ’ਚ ਅੱਗ ਲੱਗਣ ਦੀ ਘਟਨਾ ਮਗਰੋਂ ਵੱਡੀ ਗਿਣਤੀ ਲੋਕਾਂ ਦੇ ਉੱਥੇ ਪੁੱਜਣ ਮਗਰੋਂ ਪ੍ਰਸ਼ਾਸਨ ਨੇ ਹਸਪਤਾਲ ਨੂੰ ਆਉਂਦੇ ਰਸਤੇ ’ਚ ਬੈਰੀਕੇਡ ਲਗਾ ਦਿੱਤੇ ਹਨ। ਮੀਡੀਆ ਨੂੰ ਵੀ ਦੂਰ ਰੱਖਿਆ ਜਾ ਰਿਹਾ ਹੈ। ਬੱਚਿਆਂ ਦੇ ਮਾਪਿਆਂ ਨੂੰ ਵੀ ਹਸਪਤਾਲ ’ਚ ਹੀ ਰਹਿਣ ਲਈ ਆਖਿਆ ਗਿਆ ਹੈ।

Previous articleਬਰਤਾਨੀਆ ਦੇ ਸੌ ਸੰਸਦ ਮੈਂਬਰਾਂ ਨੇ ਬੋਰਿਸ ਜੌਹਨਸਨ ਕੋਲ ਕਿਸਾਨਾਂ ਦਾ ਮੁੱਦਾ ਚੁੱਕਿਆ
Next articleਕੇਂਦਰ ਵੱਲੋਂ ਪੀਐੱਮ ਕੇਅਰਜ਼ ਫੰਡ ਸਬੰਧੀ ਨਜ਼ਰਸਾਨੀ ਪਟੀਸ਼ਨ ਰੱਦ ਕਰਨ ਦੀ ਮੰਗ