ਪੱਛਮੀ ਬੰਗਾਲ ਦੇ ਤਿੰਨ ਵਿਧਾਇਕ ਭਾਜਪਾ ’ਚ ਸ਼ਾਮਲ

ਵਿਧਾਇਕਾਂ ’ਚ ਸੀਪੀਐੱਮ ਤੇ ਟੀਐੱਮਸੀ ਦੇ ਆਗੂ ਸ਼ਾਮਲ

ਭਾਜਪਾ ਆਗੂ ਮੁਕੁਲ ਰੌਇ ਦੇ ਪੁੱਤਰ ਸ਼ੁਭਰਾਂਗਸ਼ੂ ਸਮੇਤ ਪੱਛਮੀ ਬੰਗਾਲ ਦੇ ਤਿੰਨ ਵਿਧਾਇਕ ਅਤੇ 50 ਤੋਂ ਵੱਧ ਮਿਉਂਸਿਪਲ ਕੌਂਸਲਰ ਅੱਜ ਭਾਜਪਾ ’ਚ ਸ਼ਾਮਲ ਹੋ ਗਏ ਹਨ। ਭਾਜਪਾ ’ਚ ਸ਼ਾਮਲ ਹੋਣ ਵਾਲੇ ਹੋਰਨਾਂ ਵਿਧਾਇਕਾਂ ’ਚ ਤ੍ਰਿਣਮੂਲ ਕਾਂਗਰਸ ਦੇ ਤੁਸ਼ਾਰਕਾਂਤੀ ਭੱਟਾਚਾਰੀਆ ਅਤੇ ਸੀਪੀਆਈ (ਐੱਮ) ਦੇ ਦੇਬੇਂਦਰ ਨਾਥ ਰੌਇ ਸ਼ਾਮਲ ਹਨ।
ਭਾਜਪਾ ਦੇ ਜਨਰਲ ਸਕੱਤਰ ਅਤੇ ਪੱਛਮੀ ਬੰਗਾਲ ’ਚ ਸੂਬਾਈ ਮਾਮਲਿਆਂ ਦੇ ਇੰਚਾਰਜ ਕੈਲਾਸ਼ ਵਿਜੈਵਰਗੀਆ ਅਤੇ ਮੁਕੁਲ ਰੌਇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਤ੍ਰਿਣਮੂਲ ਕਾਂਗਰਸ ਦੇ ਕਈ ਹੋਰ ਵਿਧਾਇਕ ਵੀ ਆਉਣ ਵਾਲੇ ਦਿਨਾਂ ਅੰਦਰ ਭਾਜਪਾ ’ਚ ਸ਼ਾਮਲ ਹੋਣਗੇ। ਮੁਕੁਲ ਰੌਇ ਨੇ ਸੂਬੇ ਦੀ ਮੁੱਖ ਮੰਤਰੀ ਵੱਲੋਂ ਅਸਤੀਫਾ ਦੇਣ ਦੇ ਦਿੱਤੇ ਬਿਆਨ ਨੂੰ ਨਿਰਾ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਉਹ ਜਦੋਂ ਤੱਕ ਲੋਕ ਉਨ੍ਹਾਂ ਨੂੰ ਅਹੁਦੇ ਤੋਂ ਨਹੀਂ ਹਟਾਉਂਦੇ ਉਹ ਮੁੱਖ ਮੰਤਰੀ ਦੀ ਕੁਰਸੀ ਤੋਂ ਨਹੀਂ ਹਟਣਗੇ। ਉਨ੍ਹਾਂ ਦਾਅਵਾ ਕੀਤਾ ਕਿ 2021 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਟੀਐੱਮਸੀ ਨੂੰ ਵਿਰੋਧੀ ਧਿਰ ਵਜੋਂ ਕਾਇਮ ਰਹਿਣ ਲਈ ਵੀ ਸੰਘਰਸ਼ ਕਰਨਾ ਪਵੇਗਾ। ਉਨ੍ਹਾਂ ਮਮਤਾ ਬੈਨਰਜੀ ਵੱਲੋਂ ਭਾਜਪਾ ’ਤੇ ਵਿਧਾਇਕ ਦੀ ਖਰੀਦੋ-ਫਰੋਖ਼ਤ ਕਰਨ ਦੇ ਲਗਾਏ ਗਏ ਦੋਸ਼ਾਂ ਨੂੰ ਵੀ ਖਾਰਜ ਕਰ ਦਿੱਤਾ ਹੈ। ਇਸੇ ਦੌਰਾਨ 50 ਤੋਂ ਵਧੇਰੇ ਮਿਉਂਸਿਪਲ ਕੌਂਸਲਰ ਵੀ ਭਾਜਪਾ ’ਚ ਸ਼ਾਮਲ ਹੋਏ ਹਨ ਅਤੇ ਇਨ੍ਹਾਂ ’ਚੋਂ ਵੀ ਵਧੇਰੇ ਟੀਐੱਮਸੀ ਨਾਲ ਸਬੰਧਤ ਦੱਸੇ ਜਾ ਰਹੇ ਹਨ। ਵਿਜੈਵਰਗੀਆ ਨੇ ਕਿਹਾ ਕਿ ਟੀਐੱਮਸੀ ਦੇ 40 ਤੋਂ ਵੱਧ ਵਿਧਾਇਕ ਇਸ ਸਮੇਂ ਭਾਜਪਾ ਦੇ ਸੰਪਰਕ ’ਚ ਹਨ।

Previous articleਪਿੰਡਾਂ ’ਚ ਵੋਟਾਂ ਨੂੰ ਲੱਗੇ ਖੋਰੇ ਤੋਂ ਅਕਾਲੀ ਫ਼ਿਕਰਮੰਦ
Next articleਪਰਿਵਾਰ ਦੇ ਤਿੰਨ ਜੀਅ ਸੜਕ ਹਾਦਸੇ ਵਿੱਚ ਹਲਾਕ