ਪੰਜਾਬ ’ਚ ਹਲਕੇ ਮੀਂਹ ਮਗਰੋਂ ਬਿਜਲੀ ਦੀ ਮੰਗ ਘਟੀ

ਪਟਿਆਲਾ (ਸਮਾਜਵੀਕਲੀ) : ਪੰਜਾਬ ਦੇ ਕਈ ਖਿੱਤਿਆਂ ਅੰਦਰ ਅੱਜ ਬੱਦਲਵਾਈ ਵਾਲੇ ਵਾਲੇ ਮੌਸਮ ਅਤੇ ਹਲਕੇ ਮੀਂਹ ਮਗਰੋਂ ਬਿਜਲੀ ਦੀ ਮੰਗ ਦੋ ਹਜ਼ਾਰ ਮੈਗਾਵਾਟ ਤੋਂ ਵੀ ਵੱਧ ਹੇਠਾਂ ਡਿੱਗ ਪਈ। ਅਜਿਹੇ ’ਚ ਕਈ ਦਿਨਾਂ ਤੋਂ ਵਧ ਰਹੀ ਮੰਗ ਦਾ ਟਾਕਰਾ ਕਰ ਰਹੇ ਪਾਵਰਕੌਮ ਨੂੰ ਕੁਝ ਰਾਹਤ ਮਿਲੀ ਹੈ।

ਮੰਗ ਹੇਠਾਂ ਡਿੱਗਣ ਮਗਰੋਂ ਪਾਵਰਕੌਮ ਵੱਲੋਂ ਜਿੱਥੇ ਅੱਜ ਰੋਪੜ ਤੇ ਲਹਿਰਾ ਮੁਹੱਬਤ ਥਰਮਲ ਪਲਾਂਟ ਦਾ ਇੱਕ- ਇੱਕ ਯੂਨਿਟ ਬੰਦ ਕੀਤਾ ਗਿਆ ਹੈ, ਉੱਥੇ ਪ੍ਰਾਈਵੇਟ ਖੇਤਰ ਦੇ ਤਲਵੰਡੀ ਸਾਬੋ ਤੇ ਗੋਇੰਦਵਾਲ ਸਾਹਿਬ ਥਰਮਲ ਦੀ ਪੈਦਾਵਾਰ ਸਮਰੱਥਾ ਕਰੀਬ ਅੱਧੀ ਕਰ ਦਿੱਤੀ ਗਈ। ਇਸ ਵੇਲੇ ਸਿਰਫ਼ ਰਾਜਪੁਰਾ ਥਰਮਲ ਹੀ ਪੂਰੇ ਲੋਡ ’ਤੇ ਕਾਰਜਸ਼ੀਲ ਹੈ।

ਬਿਜਲੀ ਦੀ ਮੰਗ ਜਿਹੜੀ ਇਸ ਪੈਡੀ ਸੀਜ਼ਨ ’ਚ 12,431 ਮੈਗਾਵਾਟ ਤੱਕ ਅੱਪੜ ਗਈ ਸੀ, ਉਹ ਅੱਜ ਸ਼ਾਮ ਤੱਕ 10 ਹਜ਼ਾਰ ਮੈਗਾਵਾਟ ਤੋਂ ਵੀ ਹੇਠਾਂ ਡਿੱਗ ਪਈ। ਵੇਰਵਿਆਂ ਮੁਤਾਬਿਕ ਲੰਘੀ ਅੱਧੀ ਰਾਤ ਵੇਲੇ ਬਿਜਲੀ ਦੀ ਮੰਗ 12,325 ਮੈਗਾਵਾਟ ’ਤੇ ਸੀ, ਪਰ ਸਵੇਰ ਵੇਲੇ ਤੱਕ ਮੌਸਮ ਬਦਲਣ ਮਗਰੋਂ ਕਈ ਜਗ੍ਹਾ ਬੱਦਲਵਾਈ ਤੇ ਹਲਕੇ ਮੀਂਹ ਨਾਲ ਬਿਜਲੀ ਦੀ ਮੰਗ ਦਾ ਅੰਕੜਾ ਘਟਦਾ ਗਿਆ ਤੇ ਸ਼ਾਮ ਤੱਕ ਘਟ ਕੇ ਇੱਕ ਵਾਰ 9,959 ਮੈਗਾਵਾਟ ’ਤੇ ਆ ਗਿਆ ਸੀ।

ਪਾਵਰਕੌਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੇਂਦਰੀ ਪੂਲ ਤੇ ਐਕਸਚੇਂਜ ਵਿੱਚੋਂ ਬਿਜਲੀ ਰੋਜ਼ਾਨਾ ਦੀ ਦਰ ’ਤੇ ਉਪਲਬੱਧ ਹੋਣ ਕਾਰਨ ਪੰਜਾਬ ਦੇ ਥਰਮਲਾਂ ਨੂੰ ਮੰਗ ਦੇ ਇਵਜ਼ ’ਚ ਕੁਝ ਨਰਮ ਕਰ ਦਿੱਤਾ ਹੈ, ਤਾਂ ਕਿ ਮੰਗ ਅਤੇ ਸਪਲਾਈ ਦਾ ਤਵਾਜ਼ਨ ਬਣਿਆ ਰਹੇ। ਪਾਵਰਕੌਮ ਦੇ ਮੁੱਖ ਦਫ਼ਤਰ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਸੂਬੇ ਦੇ ਕਈ ਖ਼ਿੱਤਿਆਂ ਅੰਦਰ ਹਨੇਰੀ ਤੇ ਝੱਖੜ ਵੀ ਆਏ ਹਨ, ਪਰ ਬਿਜਲੀ ਬਰਕਰਾਰ ਹੈ।

Previous articleਪੰਜਾਬ ’ਚ ਕਰੋਨਾ ਨਾਲ 8 ਹੋਰ ਮੌਤਾਂ
Next articleਹਰਿਆਣਾ ਪੁਲੀਸ ਵੱਲੋਂ ਜਲੰਧਰ ’ਚੋਂ ਦੋ ਗੈਂਗਸਟਰ ਕਾਬੂ