ਸਦਾ ਖੁੱਲ੍ਹੇ ਦਰਵਾਜ਼ੇ ਸੱਜਣਾ ਤੇਰੇ ਲਈ’ ਗੀਤ ਨਾਲ ਛਾ ਗਈ ਗਾਇਕਾ ਪ੍ਰੇਮ ਲਤਾ

ਗੀਤਕਾਰ ਰੱਤੂ ਰੰਧਾਵਾ ਦੀ ਕਲਮ ਦਾ ਫਿਰ ਚੱਲਿਆ ਜਾਦੂ
ਕਨੇਡਾ /ਵੈਨਕੂਵਰ (ਕੁਲਦੀਪ ਚੁੰਬਰ)– ਸੋਸ਼ਲ ਮੀਡੀਆ ਦੇ ਯੁੱਗ ਵਿੱਚ ਕੋਈ ਵੀ ਗਤੀਵਿਧੀ ਜਦੋਂ ਸਿਖਰਾਂ ਛੂ ਜਾਂਦੀ ਹੈ ਤਾਂ ਸਮਝੋ ਉਸ ਦੀ ਪ੍ਰਸਿੱਧੀ ਅਤੇ ਮਕਬੂਲੀਅਤ ਦਾ ਸਿਖ਼ਰ ਹੋ ਗਿਆ ।  ਅੱਜਕੱਲ ਸੋਸ਼ਲ ਮੀਡੀਆ ਤੇ ਬਣਾਈਆਂ ਜਾ ਰਹੀਆਂ ਰੀਲਾਂ ਦੇ ਦੌਰ ਵਿੱਚ ਇੱਕ ਟਰੈਂਡਿੰਗ ਸੌਂਗ ਜਿਸਦੇ ਬੋਲ ‘ਸਦਾ ਖੁੱਲ੍ਹੇ ਦਰਵਾਜ਼ੇ ਸੱਜਣਾ ਤੇਰੇ ਲਈ’ ਜਿਸ ਨੂੰ ਬਹੁਤ ਹੀ ਖੂਬਸੂਰਤ ਅਤੇ ਮਾਖਿਓ ਮਿੱਠੀ ਆਵਾਜ਼ ਗਾਇਕਾ ਪ੍ਰੇਮ ਲਤਾ ਨੇ ਗਾਇਆ ਹੈ ,ਪੂਰੀ ਤਰ੍ਹਾਂ ਨਾਲ ਛਾਇਆ ਹੋਇਆ ਹੈ। ਜਿੱਥੇ ਜਿੱਥੇ ਵੀ ਦੇਸ਼ ਵਿਦੇਸ਼ ਵਿੱਚ ਪੰਜਾਬੀ ਵੱਸਦੇ ਹਨ, ਉਥੇ ਹੀ ਇਹ ਗੀਤ ‘ਸੱਜਣਾ ਤੇਰੇ ਲਈ ਸਦਾ ਖੁੱਲ੍ਹੇ ਦਰਵਾਜ਼ੇ’ ਇੱਕ ਆਮ ਲੋਕ ਕਹਾਵਤ ਬਣ ਕੇ ਲੋਕ ਦਿਲਾਂ ਤੱਕ ਪਹੁੰਚ ਚੁੱਕਾ ਹੈ ।
ਇਸ ਗੀਤ ਦੇ ਰਚੇਤਾ ਪੰਜਾਬ ਦੇ ਪ੍ਰਸਿੱਧ ਗੀਤਕਾਰ ਰੱਤੂ ਰੰਧਾਵਾ ਨਾਲ ਜਦੋਂ ਇਸ ਗੀਤ ਦੀ ਚੜ੍ਹਾਈ ਬਾਰੇ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਇਹ ਸਭ ਸਰੋਤਿਆਂ ਦੀ ਮਿਹਰ ਹੈ, ਜਿਨਾਂ ਨੇ ਉਸ ਦੀ ਕਲਮ ਚੋਂ ਨਿਕਲੇ ਇਸ ਗੀਤ ਦਾ ਜਾਦੂ ਫਿਰ ਦੁਬਾਰਾ ਪੰਜਾਬੀਆਂ ਵਿੱਚ ਚਲਾ ਕੇ ਦਿਖਾ ਦਿੱਤਾ ਹੈ।  ਗੀਤਕਾਰ ਰੱਤੂ ਰੰਧਾਵਾ ਹਾਲ ਹੀ ਵਿੱਚ ਆਸਟਰੇਲੀਆ ਤੋਂ ਬਾਅਦ ਯੂਰਪ  ਦੇ ਟੂਰ ਤੋਂ ਇੰਡੀਆ ਪੁੱਜੇ ਹਨ, ਜਿੱਥੇ ਉਨਾਂ ਦੀ ਖੁਸ਼ੀ ਦਾ ਕੋਈ ਹੱਦ ਬੰਨਾ ਇਸ ਗੀਤ ਨੂੰ ਸੁਣ ਕੇ ਨਾ ਰਿਹਾ। ਗੀਤਕਾਰ ਰੱਤੂ ਰੰਧਾਵਾ ਨੇ ਕਿਹਾ ਕਿ ‘ਸੋਨੇ ਰੰਗੀਏ ਨੀ ਸੋਨਾ ਪਾਉਣ ਦੀ ਕੀ ਲੋੜ ਸੀ’ ਜਿਸ ਨੂੰ ਬਖਸ਼ੀ ਬਿੱਲਾ ਨੇ ਗਾਇਆ ਸੀ, ਗੀਤ ਵੀ ਉਨਾਂ ਵਲੋਂ ਕਲਮਬੱਧ ਕੀਤਾ ਗਿਆ ਸੀ ।ਜਿਸ ਨੂੰ ਲੋਕਾਂ ਨੇ ਅਥਾਹ ਮੁਹੱਬਤਾਂ ਦੇ ਕੇ ਨਿਵਾਜਿਆ। ਇਸ ਤੋਂ ਪਹਿਲਾਂ ਪ੍ਰਸਿੱਧ ਮਿਊਜਿਕ ਡਾਇਰੈਕਟਰ  ਮਨੀ ਸੰਧੂ ਯੂਕੇ ਨੇ ਗਾਇਕ ਪ੍ਰੇਮ ਲਤਾ ਦਾ ਗੀਤ ‘ਮੁੰਦਰੀ’  ਵੀ ਰਿਕਾਰਡ ਕੀਤਾ ਸੀ, ਜਿਸ ਨੇ ਪੰਜਾਬੀ ਸੰਗੀਤ ਜਗਤ ਵਿੱਚ ਇੱਕ ਵਿਲੱਖਣ ਥਾਂ ਬਣਾਈ । ਮਨੀ ਸੰਧੂ ਸਮੇਤ ਉਹਨਾਂ ਦੀ ਪੂਰੀ ਟੀਮ ਆਉਣ ਵਾਲੇ ਸਮੇਂ ਵਿੱਚ ਅਜਿਹੇ ਤਕਰੀਬਨ ਇਕ ਦਰਜਨ ਤੋਂ ਵੱਧ ਗੀਤਾਂ ਦੀ ਝੜੀ ਵੱਖ-ਵੱਖ ਕਲਾਕਾਰਾਂ ਦੀਆਂ ਆਵਾਜ਼ਾਂ ਵਿੱਚ ਲਗਾ ਰਹੇ ਹਨ, ਜੋ ਸੰਗੀਤ ਜਗਤ ਲਈ ਇਕ ਬੇਹਤਰੀਨ ਤੋਹਫ਼ਾ ਹੋਵੇਗਾ। ਜ਼ਿਕਰਯੋਗ ਹੈ ਕਿ ਗੀਤਕਾਰ ਰੱਤੂ ਰੰਧਾਵਾ ਪਿਛਲੇ ਲੰਬੇ ਸਮੇਂ ਤੋਂ ਪੰਜਾਬੀ, ਧਾਰਮਿਕ ਅਤੇ ਮਿਸ਼ਨਰੀ ਗੀਤਾਂ ਦੀ ਰਚਨਾ ਕਰਦੇ ਆ ਰਹੇ ਹਨ ਅਤੇ ਉਹ ਆਪਣੀ ਲੇਖਣੀ ਜਰੀਏ  ਆਪਣਾ ਨਾਮ ਲੋਕ ਦਿਲਾਂ ਤੇ ਲਿਖਾ ਚੁੱਕੇ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਂ ਦੇ ਹੱਥਾਂ ਦਾ ਜਾਦੂ 
Next articleਇਨਸਾਨੀਅਤ…….?