(ਸਮਾਜ ਵੀਕਲੀ)
ਇਸ ਰੁੱਤ ਦੇ ਗਰਭ ਅੰਦਰ,
ਇੱਕ ਜ਼ਹਿਰ ਪਲ ਰਿਹਾ ਹੈ।
ਹਰ ਪਿੰਡ ਧੁੱਖ ਰਿਹਾ ਏ,
ਹਰ ਸ਼ਹਿਰ ਜਲ ਰਿਹਾ ਹੈ।
ਕਿਸਨੂੰ ਕਹਾਂ ਮੈਂ ਮੁਬਾਰਕ,
ਮੌਸਮ ਹੈ ਬਹਾਰ ਦਾ ਬਈ,
ਕਲੀਆਂ ਦੇ ਸੀਨਿਆਂ ਵਿੱਚੋਂ,
ਧੂਆਂ ਨਿਕਲ ਰਿਹਾ ਹੈ।
ਰਾਖੀ ਚਮਨ ਦੀ ਲਈ ਅਸੀਂ,
ਜੋ ਮਾਲੀ ਥਾਪਿਆ ਸੀ,
ਉਹ ਬਣਕੇ ਜ਼ਾਲਮ ਪਾਪੀ,
ਕਲੀਆਂ ਮਸਲ ਰਿਹਾ ਹੈ।
ਲੱਭਦਾ ਹਾਂ ਰਿਸ਼ਤਿਆਂ ‘ਚੋਂ,
ਗੁੰਮ ਹੋਈ ਪੈੜ ਮੋਹ ਦੀ,
ਪਰ ਸੀ ਮਿਰਗ ਭਰਮ ਦਾ,
ਹਰ ਰਾਹ ‘ਤੇ ਛਲ ਰਿਹਾ ਹੈ।
ਫਿਰ ਸਾਫ਼ ਨਹੀਂਓ ਹੋਣੀ,
ਇਹ ਭਾਈਚਾਰਕ ਸਾਂਝ,
ਕਰੀਏ ਉਪਾਅ ਕੋਈ ਯਾਰੋਂ,
ਇਹ ਪਾਣੀ ਗੰਧਲ ਰਿਹਾ ਹੈ।
ਘਰੋਂ ਨਿਕਲੇ ਸੀ ਰਲਕੇ,
ਇਹ ਜ਼ਮਾਨਾ ਬਦਲਣ ਲਈ,
ਉਲਟਾ ਜ਼ਮਾਨਾ ਦੇਖੋ ਯਾਰੋਂ,
ਸਾਨੂੰ ਹੀ ਬਦਲ ਰਿਹਾ ਹੈ।
ਪ੍ਰਸ਼ੋਤਮ ਪੱਤੋ, ਮੋਗਾ
9855038775
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly