ਨਵੀਂ ਦਿੱਲੀ (ਸਮਾਜ ਵੀਕਲੀ) : ਕੇਂਦਰ ਸਰਕਾਰ ਨੇ ਪੂਰੇ ਨਾਗਾਲੈਂਡ ਨੂੰ ਛੇ ਮਹੀਨਿਆਂ ਲਈ ‘ਗੜਬੜ ਵਾਲਾ ਇਲਾਕਾ’ ਐਲਾਨਦਿਆਂ ਉਥੇ ਵਿਵਾਦਤ ਅਫ਼ਸਪਾ ਜਾਰੀ ਰੱਖਣ ਦਾ ਫ਼ੈਸਲਾ ਲਿਆ ਹੈ। ਨਾਗਾਲੈਂਡ ’ਚ ਕਈ ਦਹਾਕਿਆਂ ਤੋਂ ਹਥਿਆਰਬੰਦ ਬਲਾਂ ਨੂੰ ਵਿਸ਼ੇਸ਼ ਤਾਕਤਾਂ ਸਬੰਧੀ ਐਕਟ (ਅਫ਼ਸਪਾ) ਲਾਗੂ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਨੋਟੀਫਿਕੇਸ਼ਨ ’ਚ ਕਿਹਾ ਕਿ ਨਾਗਾਲੈਂਡ ’ਚ ਖ਼ਤਰਨਾਕ ਹਾਲਾਤ ਹੋਣ ਕਰਕੇ ਇਹ ਫ਼ੈਸਲਾ ਲੈਣਾ ਪਿਆ ਹੈ। ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਕਿ ਨਾਗਾਲੈਂਡ ’ਚ ਹੱਤਿਆਵਾਂ, ਲੁੱਟ ਅਤੇ ਅਗ਼ਵਾ ਦੇ ਮਾਮਲੇ ਵਧਣ ਕਰਕੇ ਸਰਕਾਰ ਨੂੰ ਇਹ ਕਦਮ ਉਠਾਉਣਾ ਪਿਆ ਹੈ ਤਾਂ ਜੋ ਸੁਰੱਖਿਆ ਬਲਾਂ ਨੂੰ ਹੋਰ ਅਧਿਕਾਰ ਮਿਲ ਸਕਣ।
ਜ਼ਿਕਰਯੋਗ ਹੈ ਕਿ ਉੱਤਰ ਪੂਰਬ ਦੇ ਨਾਲ ਨਾਲ ਜੰਮੂ ਕਸ਼ਮੀਰ ’ਚ ਵੀ ਅਫ਼ਸਪਾ ਲਾਗੂ ਹੈ ਅਤੇ ਕਈ ਜਥੇਬੰਦੀਆਂ ਇਸ ਨੂੰ ਹਟਾਉਣ ਦੀ ਮੰਗ ਕਰਦੀਆਂ ਆ ਰਹੀਆਂ ਹਨ।