ਕਮਲਾ ਹੈਰਿਸ ਨੇ ਮੌਡਰਨਾ ਕੋਵਿਡ ਵੈਕਸੀਨ ਦੀ ਡੋਜ਼ ਲਈ

ਵਾਸ਼ਿੰਗਟਨ (ਸਮਾਜ ਵੀਕਲੀ) : ਜਨਵਰੀ ਮਹੀਨੇ ਅਮਰੀਕਾ ਦੀ ਉਪ ਰਾਸ਼ਟਰਪਤੀ ਵਜੋਂ ਹਲਫ਼ ਲੈਣ ਜਾ ਰਹੀ ਕਮਲਾ ਹੈਰਿਸ ਨੇ ਕੋਵਿਡ-19 ਮੌਡਰਨਾ ਵੈਕਸੀਨ ਦੀ ਪਹਿਲੀ ਡੋਜ਼ ਲੈ ਲਈ ਹੈ। ਹੈਰਿਸ ਨੇ ਡੋਜ਼ ਟੈਲੀਵਿਜ਼ਨ ’ਤੇ ਲਾਈਵ ਪ੍ਰੋਗਰਾਮ ਦੌਰਾਨ ਲਈ। ਇਸ ਦਾ ਮੰਤਵ ਅਮਰੀਕੀਆਂ ਵਿਚ ਵੈਕਸੀਨ ਪ੍ਰਤੀ ਭਰੋਸਾ ਪੈਦਾ ਕਰਨਾ ਸੀ। ਹੈਰਿਸ ਤੇ ਉਨ੍ਹਾਂ ਦੇ ਪਤੀ ਡੱਗ ਐਮਹੌਫ਼ ਨੂੰ ਵਾਸ਼ਿੰਗਟਨ ਡੀਸੀ ਦੇ ਯੂਨਾਈਟਿਡ ਮੈਡੀਕਲ ਸੈਂਟਰ ਵਿਚ ਵੈਕਸੀਨ ਦਿੱਤਾ ਗਿਆ।

ਦੱਸਣਯੋਗ ਹੈ ਕਿ ਰਾਸ਼ਟਰਪਤੀ ਬਣਨ ਜਾ ਰਹੇ ਜੋਅ ਬਾਇਡਨ ਨੇ ਹਫ਼ਤਾ ਪਹਿਲਾਂ ਵੈਕਸੀਨ ਦੀ ਡੋਜ਼ ਲਈ ਸੀ। ਹੈਰਿਸ ਨੇ ਅਮਰੀਕੀਆਂ ਨੂੰ ਵੈਕਸੀਨ ਲੈਣ ਦੀ ਬੇਨਤੀ ਕਰਦਿਆਂ ਪ੍ਰਕਿਰਿਆ ਨੂੰ ‘ਬਿਲਕੁਲ ਦਰਦ ਰਹਿਤ’ ਦੱਸਿਆ। ਉਨ੍ਹਾਂ ਕਿਹਾ ਕਿ ਇਹ ‘ਤੁਹਾਡੀ ਜ਼ਿੰਦਗੀ, ਤੁਹਾਡੇ ਪਰਿਵਾਰ ਦੀ ਜ਼ਿੰਦਗੀ ਤੇ ਭਾਈਚਾਰੇ ਦੀ ਜ਼ਿੰਦਗੀ’ ਨਾਲ ਜੁੜਿਆ ਹੋਇਆ ਹੈ। ਹੈਰਿਸ ਨੇ ਕਿਹਾ ਕਿ ਵਿਗਿਆਨੀਆਂ ਨੇ ਪੂਰੀ ਪਰਖ਼ ਤੋਂ ਬਾਅਦ ਇਸ ਵੈਕਸੀਨ ਨੂੰ ਮਨਜ਼ੂਰ ਕੀਤਾ ਹੈ, ਇਸ ਲਈ ਸਾਰਿਆਂ ਨੂੰ ਇਹ ਲਵਾਉਣਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਕਈ ਉੱਘੀਆਂ ਹਸਤੀਆਂ ਤੇ ਵੱਡੀ ਗਿਣਤੀ ਡਾਕਟਰ ਵੈਕਸੀਨ ਲੈ ਚੁੱਕੇ ਹਨ। ਅਮਰੀਕਾ ਨੇ ਫਾਈਜ਼ਰ-ਬਾਇਓਐਨਟੈੱਕ ਤੇ ਮੌਡਰਨਾ ਵੈਕਸੀਨ ਦੀ ਹੰਗਾਮੀ ਵਰਤੋਂ ਨੂੰ ਮਨਜ਼ੂਰੀ ਦਿੱਤੀ ਹੈ।

ਇਸੇ ਦੌਰਾਨ ਅਮਰੀਕੀ ਰਾਜ ਲੂਸੀਆਨਾ ਤੋਂ ਨਵੇਂ ਚੁਣੇ ਗਏ ਰਿਪਬਲਿਕਨ ਸੰਸਦ ਮੈਂਬਰ ਲਿਊਕ ਲੈੱਟਲੋਅ ਦੀ ਕੋਵਿਡ ਨਾਲ ਵਿਗੜੀ ਸਿਹਤ ਕਾਰਨ ਮੌਤ ਹੋ ਗਈ ਹੈ। ਉਹ 41 ਸਾਲਾਂ ਦੇ ਸਨ ਤੇ ਕੁਝ ਦਿਨਾਂ ਬਾਅਦ ਉਨ੍ਹਾਂ ਕਾਂਗਰਸ ਮੈਂਬਰ ਵਜੋਂ ਹਲਫ਼ ਲੈਣਾ ਸੀ। ਲਿਊਕ ਦੇ ਪਰਿਵਾਰ ਵਿਚ ਪਤਨੀ ਤੇ ਦੋ ਬੱਚੇ ਹਨ।

Previous articleਪੁਲੀਸ ਵੱਲੋਂ ਤਿੰਨ ਦਹਿਸ਼ਤਗਰਦ ਮਾਰ ਮੁਕਾਉਣ ਦਾ ਦਾਅਵਾ
Next articleਪੂਰੇ ਨਾਗਾਲੈਂਡ ਨੂੰ ‘ਗੜਬੜ ਵਾਲਾ ਇਲਾਕਾ’ ਐਲਾਨਿਆ