ਪਾਸਪੋਰਟ ਦਫ਼ਤਰ ’ਚ ਕੰਮਕਾਜ ਸ਼ੁਰੂ; ਲੋਕ ਖੁਆਰ

ਚੰਡੀਗੜ੍ਹ (ਸਮਾਜਵੀਕਲੀ): ਇਥੇ ਦੋ ਮਹੀਨਿਆਂ ਤੋਂ ਬੰਦ ਪਏ ਪਾਸਪੋਰਟ ਸੇਵਾ ਕੇਂਦਰ ਵਿੱਚ ਕੰਮ ਮੁੜ ਸ਼ੁਰੂ ਹੋ ਗਿਆ ਹੈ ਪਰ ਪਾਸਪੋਰਟ ਨਵਿਆਉਣ ਅਤੇ ਨਵਾਂ ਪਾਸਪੋਰਟ ਬਣਵਾਉਣ ਲਈ ਦੂਰ-ਦਰਾਡੇ ਤੋਂ ਆਏ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪਿਆ। ਇੰਡਸਟਰੀਅਲ ਏਰੀਆ ਚੰਡੀਗੜ੍ਹ ’ਚ ਸਥਿਤ ਪਾਸਪੋਰਟ ਸੇਵਾ ਕੇਂਦਰ ਵਿੱਚ ਇੰਟਰਵਿਊ ਲਈ ਸਮਾਂ ਲਏ ਜਾਣ ਦੇ ਬਾਵਜੂਦ 10 ਸਾਲ ਤੋਂ ਘੱਟ ਅਤੇ 65 ਸਾਲ ਤੋਂ ਵੱਧ ਉਮਰ ਵਾਲੇ ਵਿਅਕਤੀਆਂ ਨੂੰ ਅੰਦਰ ਜਾਣ ਨਹੀਂ ਦਿੱਤਾ ਗਿਆ।

ਹਰਿਆਣਾ ਦੇ ਸਿਰਸਾ ਤੋਂ ਆਏ ਪਵਨ ਅਹੂਜਾ ਅਤੇ ਨੀਰਾ ਅਹੂਜਾ ਨੇ ਦੱਸਿਆ ਕਿ ਗਰਮੀ ਦਾ ਮੌਸਮ ਹੋਣ ਦੇ ਬਾਵਜੂਦ ਉਹ ਸਵੇਰ ਤੋਂ ਪਾਸਪੋਰਟ ਸੇਵਾ ਕੇਂਦਰ ਦੇ ਬਾਹਰ ਖੜ੍ਹੇ ਹੋਏ ਹਨ। ਉਨ੍ਹਾਂ ਨੇ ਆਪਣੀ 8 ਸਾਲਾਂ ਦੀ ਪੁੱਤਰੀ ਦਾ ਪਾਸਪੋਰਟ ਬਣਾਉਣ ਵਾਸਤੇ ਅਪਲਾਈ ਕੀਤਾ ਹੋਇਆ ਹੈ। ਜਦੋਂ ਦੁਪਹਿਰ ਸਮੇਂ ਵਾਰੀ ਆਈ ਤਾਂ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਨੀਰਾ ਨੇ ਦੱਸਿਆ ਕਿ ਪਾਸਪੋਰਟ ਅਧਿਕਾਰੀਆਂ ਅਨੁਸਾਰ 10 ਸਾਲ ਤੋਂ ਘੱਟ ਉਮਰ ਦੇ ਬੱਚਿਆ ਅਤੇ 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੇ ਅੰਦਰ ਜਾਣ ’ਤੇ ਪਾਬੰਦੀ ਲਗਾਈ ਗਈ ਹੈ।

ਇਸੇ ਤਰ੍ਹਾਂ ਜ਼ੀਰਕਪੁਰ ਤੋਂ ਯਸ਼ਪਾਲ, ਚੰਡੀਗੜ੍ਹ ਤੋਂ ਰਣਜੀਤ ਸਿੰਘ ਸਮੇਤ ਹੋਰਨਾਂ ਨੇ ਪਾਸਪੋਰਟ ਅਧਿਕਾਰੀਆਂ ਵੱਲੋਂ ਲਗਾਈਆਂ ਪਾਬੰਦੀਆਂ ਦਾ ਵਿਰੋਧ ਕੀਤਾ। ਸਥਿਤੀ ਨੂੰ ਵਿਗੜਦੀ ਹੋਈ ਦੇਖ ਕੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਹਾਲਾਤ ਨੂੰ ਕਾਬੂ ਹੇਠ ਕੀਤਾ। ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਪਾਬੰਦੀਆਂ ਬਾਰੇ ਅਗਾਊਂ ਸੂਚਿਤ ਕਰਨਾ ਚਾਹੀਦਾ ਸੀ।

Previous articleਲੋੜਵੰਦਾਂ ’ਚ ਵੰਡੀ ਜਾਣ ਵਾਲੀ ਕਣਕ ’ਤੇ ਪਾਣੀ ਛਿੜਕਿਆ
Next articleਸ਼ੀ ਵਲੋਂ ਫ਼ੌਜ ਨੂੰ ਜੰਗੀ ਤਿਆਰੀ ਦਾ ਹੋਕਾ